'ਕਿਤਾਬ ਅਤੇ ਤਲਾਬ ਸਿੱਖਾਂ ਲਈ ਪ੍ਰੇਰਨਾ ਅਤੇ ਸ਼ਕਤੀ ਦੇ ਸੋਮੇ ਹਨ ਅਤੇ ਜਦ ਤੱਕ ਇਹ ਦੋਵੇਂ ਕਾਇਮ ਹਨ, ਇਨ੍ਹਾਂ ਨੂੰ ਕੋਈ ਵੀ ਤਾਕਤ ਹਰਾ ਨਹੀਂ ਸਕਦੀ |' ਕਿਹਾ ਜਾਂਦਾ ਹੈ ਕਿ ਅਜਿਹੀ ਸੂਚਨਾ ਅਹਿਮਦ ਸ਼ਾਹ ਅਬਦਾਲੀ ਨੂੰ ਕਿਸੇ ਸਥਾਨਕ ਹੁਕਮਰਾਨ ਨੇ ਦਿੱਤੀ ਸੀ | ਕਿਤਾਬ ਤੋਂ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਤਲਾਬ ਤੋਂ ਭਾਵ ਸ੍ਰੀ ਹਰਿਮੰਦਰ ਸਾਹਿਬ ਤੇ ਇਸ ਦੇ ਆਲੇ-ਦੁਆਲੇ ਦਾ ਸਰੋਵਰ ਸੀ | ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਕਿੰਨੀਆਂ ਕੁ ਮਜ਼੍ਹਬੀ ਤੁਅੱਸਬ ਦਾ ਸ਼ਿਕਾਰ ਹੋ ਕੇ ਨਸ਼ਟ ਹੋ ਗਈਆਂ, ਇਹ ਹਿਸਾਬ ਲਾਉਣਾ ਤਾਂ ਅਸੰਭਵ ਹੈ ਪਰ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਨਾਲ ਜੋ ਬੇਅਦਬੀ ਹਰਿਮੰਦਰ ਸਾਹਿਬ ਤੇ ਸਰੋਵਰ ਦੀ ਹੋਈ, ਉਹ ਪੰਜਾਬ ਦੇ ਇਤਿਹਾਸ ਵਿਚ ਇਕ ਹਿਰਦੇਵੇਧਕ ਘਟਨਾ ਦੇ ਤੌਰ 'ਤੇ ਦਰਜ ਹੈ |
ਸ੍ਰੀ ਅੰਮਿ੍ਤਸਰ ਸਾਹਿਬ ਅਸਲ 'ਚ ਇਤਿਹਾਸਕ ਮਹੱਤਤਾ ਵਾਲਾ ਉਹ ਸ਼ਹਿਰ ਹੈ, ਜੋ ਸਾਰੇ ਉੱਤਰੀ ਭਾਰਤ ਦੇ ਇਤਿਹਾਸ 'ਤੇ ਆਪਣਾ ਪ੍ਰਭਾਵ ਅੱਜ ਵੀ ਛੱਡ ਰਿਹਾ ਹੈ | ਵੱਖ-ਵੱਖ ਸਮਿਆਂ 'ਚ ਇਹ ਵੱਖ-ਵੱਖ ਕਾਰਨਾਂ ਕਰਕੇ ਤਤਕਾਲੀ ਹੁਕਮਰਾਨਾਂ ਦੀਆਂ ਅੱਖਾਂ 'ਚ ਰੜਕਦਾ ਰਿਹਾ ਹੈ | ਇਹ ਸਿੱਖਾਂ ਦੇ ਧਾਰਮਿਕ, ਸੱਭਿਆਚਾਰਕ ਤੇ ਰਾਜਨੀਤਕ ਇਤਿਹਾਸ ਦਾ ਕੇਂਦਰ ਹੈ | ਇਸ ਲਈ ਇਸ ਸ਼ਹਿਰ ਦੀ ਮਹਿਮਾ ਦੀ ਪਰੰਪਰਾ ਵੀ ਬਹੁਤ ਪੁਰਾਣੀ ਹੈ | ਇਸ ਮਹਿਮਾ ਦੇ ਕਈ ਕਾਰਨ ਹਨ | ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਆਬਾਦ ਅਤੇ ਵਿਕਸਿਤ ਕੀਤੇ ਜਾਣ ਕਰਕੇ ਇਸ ਸ਼ਹਿਰ ਨੂੰ 'ਗੁਰੂ ਨਗਰੀ' ਵੀ ਕਿਹਾ ਜਾਂਦਾ ਹੈ | ਇਸ ਧਰਤੀ ਨੂੰ ਛੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ | ਜਦ ਸਿੱਖ ਲਹਿਰ ਕਾਫ਼ੀ ਪ੍ਰਫੁੱਲਤ ਹੋ ਗਈ ਅਤੇ ਕਰਤਾਰਪੁਰ (ਰਾਵੀ), ਖਡੂਰ ਸਾਹਿਬ ਤੇ ਗੋਇੰਦਵਾਲ ਧਾਰਮਿਕ ਸਰਗਰਮੀਆਂ ਲਈ ਨਾਕਾਫ਼ੀ ਜਾਪਣ ਲੱਗੇ ਤਾਂ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਸੰਮਤ 1631 'ਚ ਇਕ ਪਿੰਡ ਦੀ ਮੋਹੜੀ ਗੱਡੀ ਗਈ, ਜਿਸ ਨੂੰ 'ਗੁਰੂ ਕਾ ਚੱਕ' ਜਾਂ 'ਚੱਕ ਰਾਮਦਾਸ' ਨਾਂਅ ਨਾਲ ਜਾਣਿਆ ਜਾਣ ਲੱਗਿਆ | ਸਮਾਂ ਪਾ ਕੇ ਲੋਕ ਇਸ ਨੂੰ 'ਰਾਮਦਾਸਪੁਰ' ਵੀ ਸੱਦਣ ਲੱਗੇ |
ਸ੍ਰੀ ਗੁਰੂ ਰਾਮਦਾਸ ਜੀ ਪਹਿਲੇ ਬਾਣੀਕਾਰ ਹਨ, ਜਿਨ੍ਹਾਂ ਨੇ ਅੰਮਿ੍ਤਸਰ ਦੀ ਉਸਤਤਿ ਵਿਚ ਲਿਖਿਆ | ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਇਸ ਕਾਵਿਧਾਰਾ ਨੇ ਹੋਰ ਰਫ਼ਤਾਰ ਫੜੀ, ਕਿਉਂਕਿ ਉਨ੍ਹਾਂ ਦੇ ਅਹਿਦ ਵਿਚ ਇੱਥੇ ਤਿੰਨ ਯਾਦਗਾਰੀ ਕਾਰਜ ਨੇਪਰੇ ਚੜ੍ਹੇ ਸਨ | ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਮੁਕੰਮਲ ਹੋਈ, ਅੰਮਿ੍ਤ ਸਰੋਵਰ ਬਣਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਉਨ੍ਹਾਂ ਦੇ ਹੱਥੀਂ ਸੰਪਾਦਿਤ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿਚ ਬਿਰਾਜਮਾਨ ਹੋਈ |
ਗੁਰੂ ਸਾਹਿਬ ਦੇ ਸਮੇਂ ਤੱਕ ਤਾਂ ਅੰਮਿ੍ਤਸਰ ਵਧੇਰੇ ਕਰਕੇ ਧਾਰਮਿਕ ਸਰਗਰਮੀਆਂ ਦਾ ਕੇਂਦਰ ਬਣਿਆ ਰਿਹਾ, ਬੇਸ਼ੱਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇੱਥੇ ਅਕਾਲ ਤਖ਼ਤ ਦੀ ਉਸਾਰੀ ਕਰਾ ਕੇ ਮੀਰੀ-ਪੀਰੀ ਦਾ ਸੁਮੇਲ ਕਰ ਦਿੱਤਾ | ਇਸੇ ਅਕਾਲ ਤਖ਼ਤ ਸਾਹਿਬ 'ਤੇ ਬੀਰ ਰਸੀ ਢਾਡੀ-ਵਾਰਾਂ ਦਾ ਗਾਇਨ ਵੀ ਪ੍ਰਚੱਲਤ ਹੋ ਗਿਆ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਪਿੱਛੋਂ ਰਾਜਨੀਤੀ ਨੇ ਕਹਿ ਲਓ ਕਿ ਮੁਗ਼ਲ ਹਾਕਮਾਂ ਦੇ ਕੱਟੜਪੁਣੇ ਨੇ ਵੀ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ | ਅਪ੍ਰੈਲ 1709 ਈ. ਨੂੰ ਇੱਥੇ ਮੁਗ਼ਲਾਂ ਤੇ ਸਿੱਖਾਂ ਵਿਚਕਾਰ ਹੋਈ ਟੱਕਰ ਨੂੰ ਆਧਾਰ ਬਣਾ ਕੇ ਕਵੀ ਦਰਸ਼ਨ ਨੇ ਇਕ ਵਾਰ ਰਚੀ ਜੋ 'ਵਾਰ ਸ੍ਰੀ ਅੰਮਿ੍ਤਸਰ ਜੀ ਕੀ' ਨਾਂਅ ਨਾਲ ਪ੍ਰਸਿੱਧ ਹੈ |
18ਵੀਂ ਸਦੀ ਤਾਂ ਸਿੱਖਾਂ ਦੇ ਖ਼ੂਨ ਨਾਲ ਲੱਥਪੱਥ ਹੋਈ ਸਦੀ ਹੈ | ਨਾਦਰ ਸ਼ਾਹ ਦਾ ਹਮਲਾ, ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਸਥਾਨਕ ਹਾਕਮਾਂ ਵਲੋਂ ਕੀਤੀ ਗਈ ਕਤਲੋਗ਼ਾਰਤ ਬਾਰੇ ਅਨੇਕਾਂ ਲੋਕ-ਉਕਤੀਆਂ ਪ੍ਰਚੱਲਤ ਹਨ | ਅੰਮਿ੍ਤਸਰ ਨਾਲ ਜੁੜੀਆਂ ਕਈ ਲੋਕ ਕਥਾਵਾਂ ਵੀ ਹਨ | ਇਨ੍ਹਾਂ ਸਾਰਿਆਂ ਨੂੰ ਦਰਕਿਨਾਰ ਕਰਕੇ ਅਸੀਂ ਕਵੀ ਸੌਂਧਾ ਦੀ ਕੇਵਲ ਇਕ ਰਚਨਾ 'ਉਸਤਤਿ ਸ੍ਰੀ ਅੰਮਿ੍ਤਸਰ ਜੀ ਕੀ' ਜਿਸ ਦਾ ਨਾਂਅ 'ਸ੍ਰੀ ਅੰਮਿ੍ਤਸਰ ਮਹਿਮਾ' ਵੀ ਮਿਲਦਾ ਹੈ, ਦੀ ਪਾਠਕਾਂ ਨਾਲ ਜਾਣ-ਪਛਾਣ ਕਰਾਉਣੀ ਚਾਹੁੰਦੇ ਹਾਂ | ਕਵੀ ਸੌਂਧਾ (ਸੌਂਧਾ ਸਿੰਘ 1750-1839) ਦੀ ਇਹ ਰਚਨਾ ਅੰਮਿ੍ਤਸਰ ਸ਼ਹਿਰ, ਸ੍ਰੀ ਹਰਿਮੰਦਰ ਸਾਹਿਬ ਅਤੇ ਪਵਿੱਤਰ ਸਰੋਵਰ ਦੀ ਮਹਿਮਾ ਨੂੰ ਸਮਰਪਿਤ ਇਕ ਮਹੱਤਵਪੂਰਨ ਧਾਰਮਿਕ ਤੇ ਇਤਿਹਾਸਕ ਕਾਵਿ-ਰਚਨਾ ਹੈ | ਸਭ ਤੋਂ ਪਹਿਲਾਂ ਕਵੀ ਸੌਂਧਾ ਦੀ ਇਸ ਮਾਨਤਾ ਬਾਰੇ ਗੱਲ ਕਰਨੀ ਬਣਦੀ ਹੈ, ਜਿਸ ਵਿਚ ਉਹ ਕਹਿੰਦਾ ਹੈ ਕਿ ਅੰਮਿ੍ਤਸਰ ਸਥਿਤ ਇਹ ਤੀਰਥ ਸਤਿਯੁਗ ਦੇ ਸਮੇਂ ਦਾ ਹੈ, ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਇਸ ਕਲਯੁਗ ਵਿਚ ਪ੍ਰਗਟ ਕੀਤਾ ਹੈ:-
ਪਤਿਤ ਉਧਾਰਨ ਕਾਰਨ ਜਗ ਮਹਿ
ਗੁਰ ਅਰਜਨ ਇਹ ਤਾਲ ਲਵਾਇਆ |
ਸਤਿਜੁਗ ਕਾ ਛਪਿਆ ਇਹ ਤੀਰਥ
ਕਲਿਯੁਗ ਮਹਿ ਪਰਗਟ ਕਰਵਾਇਆ |
ਨ ਤਦ ਗੰਗ ਜਮੁਨ ਕੁਰਖੇਤਰ
ਜਬ ਕਾ ਇਹ ਤੀਰਥ ਜਗ ਆਇਆ |
ਕਾਸ਼ੀ ਗਯਾ ਕਿਦਾਰ ਨ ਦੂਸਰ
ਜਾਇ ਨਮਨ ਸੁਰ ਕੇ ਮਨ ਭਾਇਆ |
ਉਸ ਦਾ ਤਾਂ ਇਹ ਵੀ ਮੰਨਣਾ ਹੈ ਕਿ ਜਦ ਅਠਾਹਠ ਤੀਰਥ ਛੁਪ ਜਾਣਗੇ ਭਾਵ ਖ਼ਤਮ ਹੋ ਜਾਣਗੇ, ਤਦ ਵੀ ਇਹ ਤੀਰਥ ਪੂਰੀ ਸ਼ਾਨ ਨਾਲ ਜਲਵਾਗਰ ਰਹੇਗਾ |
ਇਸ ਤੀਰਥ 'ਤੇ ਇਸ਼ਨਾਨ ਕਰਨ ਦੇ ਮਹਾਤਮ ਨੂੰ ਉਹ ਅਨੇਕਾਂ ਉਦਾਹਰਨਾਂ ਦੇ ਕੇ ਆਪਣੀ ਗੱਲ ਮੰਨਵਾਉਣੀ ਚਾਹੁੰਦਾ ਹੈ | ਜੋ ਵੀ ਸੱਚੇ ਦਿਲੋਂ ਇੱਥੇ ਇਸ਼ਨਾਨ ਕਰੇਗਾ, ਉਸ ਦੀ ਇੱਛਾ ਅਵੱਸ਼ ਪੂਰੀ ਹੋਵੇਗੀ |
ਜੋ ਜੋ ਇਛਾ ਮਨ ਮਹਿ ਬਾਛੈ
ਸੋਈ ਤਹਾਂ ਤੇ ਪਾਵੈ ਬਰ |
ਜੈਸੀ ਮਾਨਸਾ ਕਰ ਕੋਈ ਚਾਵੈ
ਤੈਸੋ ਹੀ ਫਲ ਦੇਵੈ ਨਰ |
ਕਵੀ ਸੌਂਧਾ ਇੱਥੇ ਹੀ ਬੱਸ ਨਹੀਂ ਕਰਦਾ, ਉਹ ਅੱਗੇ ਬਿਆਨ ਕਰਦਾ ਹੈ ਕਿ ਜਿਸ ਕਿਸੇ ਨੇ ਵੀ ਇਸ ਤੀਰਥ ਦੀ ਬੇਅਦਬੀ ਕੀਤੀ ਹੈ, ਉਸ ਦਾ ਹਸ਼ਰ ਆਖਰ ਮਾੜਾ ਹੀ ਹੋਇਆ ਹੈ | 18ਵੀਂ ਸਦੀ ਦੀ ਅਖੀਰਲੀ ਚੌਥਾਈ 'ਚ ਰਚੀ ਗਈ ਇਸ ਰਚਨਾ ਵਿਚ ਅਦੀਨਾ ਬੇਗ, ਮੀਰ ਮੰਨੂੰ ਤੇ ਅਹਿਮਦ ਸ਼ਾਹ ਅਬਦਾਲੀ ਦਾ ਹਸ਼ਰ ਉਸ ਦੇ ਸਾਹਮਣੇ ਸੀ | ਅਸੀਂ ਜਾਣਦੇ ਹਾਂ ਕਿ ਅਬਦਾਲੀ ਦੇ 1762 ਈ. ਨੂੰ ਕੀਤੇ ਗਏ ਹਮਲੇ, ਜਿਸ ਨੂੰ 'ਵੱਡਾ ਘੱਲੂਘਾਰਾ' ਵੀ ਕਿਹਾ ਜਾਂਦਾ ਹੈ, ਦੌਰਾਨ ਕੀਤੀ ਤਬਾਹੀ ਦਾ ਫ਼ਲ ਉਸ ਨੂੰ ਭੁਗਤਣਾ ਪਿਆ ਸੀ | ਇੱਥੇ ਇਹ ਚੇਤਾ ਕਰਾਉਣਾ ਜ਼ਰੂਰੀ ਹੋ ਜਾਂਦਾ ਹੈ ਕਿ ਅਬਦਾਲੀ ਦੀ ਮੌਤ ਉੱਡਦੀ ਹੋਈ ਉਸ ਇੱਟ ਵੱਜਣ ਨਾਲ ਹੋਈ ਸੀ, ਜਦੋਂ ਉਹ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਕਰ ਰਿਹਾ ਸੀ | ਬਾਰੂਦ ਨਾਲ ਉਡਾਏ ਜਾ ਰਹੇ ਸ੍ਰੀ ਹਰਿਮੰਦਰ ਸਾਹਿਬ ਦੀ ਇਕ ਇੱਟ ਉਸ ਦੇ ਨੱਕ 'ਤੇ ਆ ਵੱਜੀ, ਜੋ ਨਾਸੂਰ ਬਣ ਗਈ ਤੇ ਇਹੋ ਨਾਸੂਰ ਉਸ ਦੀ ਮੌਤ ਦਾ ਕਾਰਨ ਬਣਿਆ | ਕਵੀ ਦਾ ਵਿਸ਼ਵਾਸ ਹੈ ਕਿ ਵੱਡੇ ਘੱਲੂਘਾਰੇ ਤੋਂ ਬਾਅਦ ਸਿੱਖ ਕੌਮ ਦੀ ਪੁਨਰ ਸੁਰਜੀਤੀ ਦਾ ਕਾਰਨ ਅੰਮਿ੍ਤ ਸਰੋਵਰ ਵਿਚ ਕੀਤੇ ਜਾਂਦੇ ਇਸ਼ਨਾਨ ਦਾ ਸਿੱਟਾ ਹੈ:-
ਜਬ ਤੇ ਕਰੀ ਪਠਾਨ ਬਿਅਦਬੀ
ਅਪਨੇ ਮੁਖ ਪਰ ਦਾਗ ਲਗਾਇਆ |
ਦੇਖ ਲੇਹੁ ਸਭ ਹੀ ਮਨ ਅਪਨੇ
ਤਬ ਤੇ ਤਿਨਕਾ ਤੇਜ ਘਟਾਇਆ |
ਦੋਇ ਮਾਨਸ ਮੰਨੂ ਅਰ ਦੀਨਾ
ਤਿਨ ਕਾ ਦੇਖਹੁ ਮੂਲੁ ਗਵਾਇਆ |
ਜਿਨ ਤੀਰਥ ਕਾ ਭਉ ਨਾਹੀ ਕੀਨਾ
ਤਿਸ ਨਰ ਅਪਨਾ ਕੀਤਾ ਪਾਇਆ |
ਇਹ ਅਤੇ ਅਜਿਹੀਆਂ ਕਈ ਹੋਰ ਰਚਨਾਵਾਂ ਨੇ ਸਿੱਖ ਕੌਮ ਨੂੰ ਵੱਡੇ ਘੱਲੂਘਾਰੇ ਸਮੇਂ ਲੱਗੇ ਸਦਮੇ 'ਚੋਂ ਬਾਹਰ ਕੱਢਣ ਲਈ ਆਪਣੀ ਬਣਦੀ ਭੂਮਿਕਾ ਨਿਭਾਈ ਅਤੇ ਉਨ੍ਹਾਂ ਨੇ ਇਸ ਨੂੰ ਅਲਵਿਦਾ ਕਹਿ ਕੇ ਨਿੱਤ ਨਵੀਆਂ ਮੱਲਾਂ ਮਾਰਨੀਆਂ ਆਰੰਭ ਕਰ ਦਿੱਤੀਆਂ | ਕਵੀ ਸੌਂਧਾ ਦੀ ਰਚਨਾ 'ਉਸਤਤਿ ਅੰਮਿ੍ਤਸਰ ਜੀ ਕੀ' ਹੱਥ ਲਿਖਤ ਤੇ ਪ੍ਰਕਾਸ਼ਿਤ ਰੂਪਾਂ ਵਿਚ ਮਿਲ ਜਾਂਦੀ ਹੈ |
-ਮੋਬਾਈਲ : 98889-39808