02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਦੀਵੀ ਮਾਰਗਦਰਸ਼ਕ ਹੈ ਗੁਰਬਾਣੀ

ਸਦੀਵੀ ਮਾਰਗਦਰਸ਼ਕ ਹੈ ਗੁਰਬਾਣੀ

ਅਜੀਤ ਡੈਸਕ 02-11-2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਗੁਰਬਾਣੀ ਸਾਨੂੰ ਉਸ ਮਹਾਨ ਆਤਮਿਕ ਜੋਤ ਨਾਲ ਜੋੜਦੀ ਹੈ, ਜਿਹੜੀ ਮਨੁੱਖ ਨੂੰ  ਅਗਿਆਨਤਾ ਦੇ ਹਨੇਰੇ 'ਚੋਂ ਕੱਢ ਕੇ ਸੱਚ, ਪਿਆਰ ਤੇ ਮਨੁੱਖੀ ਬਰਾਬਰੀ ਦੇ ਮਾਰਗ 'ਤੇ ਤੋਰਦੀ ਹੈ | ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਧਰਮ ਦਾ ਪਾਵਨ ਗ੍ਰੰਥ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਸਦੀਵੀ ਗੁਰੂ ਅਤੇ ਸਰਬ-ਸਾਂਝੇ ਰਹਿਬਰ ਹਨ | ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਤੋਂ ਇਲਾਵਾ ਭਗਤਾਂ, ਭੱਟਾਂ ਤੇ ਗੁਰਸਿੱਖਾਂ ਦੀ ਬਾਣੀ ਨੂੰ  ਇਕੱਤਰ ਕਰਕੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ | ਸੰਨ 1604 ਵਿਚ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਤਸਰ ਵਿਖੇ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਨੂੰ  ਪਹਿਲੇ ਗ੍ਰੰਥੀ ਦੀ ਸੇਵਾ ਸੌਂਪੀ ਗਈ | ਬਾਅਦ ਵਿਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਸ਼ਾਮਿਲ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ  ਸੰਪੂਰਨਤਾ ਬਖ਼ਸ਼ੀ ਅਤੇ 1708 ਈ. ਵਿਚ ਗੁਰਿਆਈ ਦੇ ਕੇ ਸਿੱਖਾਂ ਨੂੰ  ਗੁਰੂ ਮਾਨਿਓ ਗ੍ਰੰਥ ਦਾ ਹੁਕਮ ਦਿੱਤਾ |

ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਨ੍ਹਾਂ ਦਾ ਸਰਬ-ਸਾਂਝਾ ਸਰੂਪ ਹੈ, ਜਿਸ ਵਿਚ ਗੁਰੂ ਸਾਹਿਬਾਨ ਦੀ ਬਾਣੀ ਹੀ ਨਹੀਂ, ਸਗੋਂ ਭਗਤ ਕਬੀਰ ਜੀ, ਗੁਰੂ ਰਵਿਦਾਸ ਜੀ, ਭਗਤ ਨਾਮਦੇਵ ਜੀ, ਸ਼ੇਖ਼ ਫ਼ਰੀਦ ਜੀ ਅਤੇ ਹੋਰ ਭਗਤ ਸਾਹਿਬਾਨ ਦੀ ਬਾਣੀ ਨੂੰ  ਬਰਾਬਰ ਦਾ ਸਤਿਕਾਰ ਦਿੱਤਾ ਗਿਆ ਹੈ | ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰਬਾਣੀ ਮਨੁੱਖ ਦੀ ਜਾਤ, ਧਰਮ, ਰੰਗ ਜਾਂ ਸਮਾਜਿਕ ਦਰਜੇ ਨੂੰ  ਨਹੀਂ, ਸਗੋਂ ਉਸ ਦੇ ਅੰਦਰ ਵਸਦੀ ਰੱਬੀ ਜੋਤ ਨੂੰ  ਮਹੱਤਵ ਦਿੰਦੀ ਹੈ | ਗੁਰਬਾਣੀ ਦਾ ਸੰਦੇਸ਼ ਹੈ ਕਿ ਸਾਰੀ ਸਿ੍ਸ਼ਟੀ ਦਾ ਸਿਰਜਣਹਾਰ ਇਕ ਹੈ ਅਤੇ ਉਸ ਦੀ ਜੋਤ ਹਰ ਜੀਵ ਦੇ ਅੰਦਰ ਵਸਦੀ ਹੈ:—
ਸਭ ਮਹਿ ਜੋਤਿ ਜੋਤਿ ਹੈ ਸੋਇ £
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ¨
ਜਦੋਂ ਮਨੁੱਖ ਇਸ ਸੱਚ ਨੂੰ  ਆਪਣੇ ਮਨ ਵਿਚ ਵਸਾ ਲੈਂਦਾ ਹੈ ਤਾਂ ਉਸ ਦੇ ਅੰਦਰੋਂ ਜਾਤ-ਪਾਤ, ਊਚ-ਨੀਚ, ਧਾਰਮਿਕ ਨਫ਼ਰਤ ਅਤੇ ਭੇਦਭਾਵ ਦੀਆਂ ਕੰਧਾਂ ਢਹਿ ਜਾਂਦੀਆਂ ਹਨ | ਉਹ ਦੂਜੇ ਮਨੁੱਖ ਨੂੰ  ਪਰਾਇਆ ਨਹੀਂ, ਸਗੋਂ ਉਸੇ ਪਰਮਾਤਮਾ ਦੀ ਰਚਨਾ ਸਮਝਣ ਲੱਗਦਾ ਹੈ |
ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖ, ਕੁਦਰਤ ਅਤੇ ਸਮੁੱਚੇ ਬ੍ਰਹਿਮੰਡ ਦੇ ਆਪਸੀ ਸਬੰਧ ਦੀ ਡੂੰਘੀ ਵਿਆਖਿਆ ਮਿਲਦੀ ਹੈ | ਗੁਰਬਾਣੀ ਸਾਨੂੰ ਦੱਸਦੀ ਹੈ ਕਿ ਧਰਤੀ, ਪਾਣੀ, ਹਵਾ, ਦਿਨ, ਰਾਤ, ਚੰਦ, ਸੂਰਜ ਅਤੇ ਅਣਗਿਣਤ ਜੀਵ-ਜੰਤੂ ਉਸੇ ਇਕ ਕਰਤਾਰ ਦੀ ਰਚਨਾ ਹਨ:—
ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ £
ਇਹ ਪੰਕਤੀ ਸਿਰਫ਼ ਧਾਰਮਿਕ ਉਪਦੇਸ਼ ਨਹੀਂ, ਸਗੋਂ ਮਨੁੱਖਤਾ ਲਈ ਵਾਤਾਵਰਨ ਸੰਭਾਲਣ ਦਾ ਸਦੀਵੀ ਸੰਦੇਸ਼ ਵੀ ਹੈ | ਜੇ ਹਵਾ ਗੁਰੂ, ਪਾਣੀ ਪਿਤਾ ਅਤੇ ਧਰਤੀ ਮਾਤਾ ਹੈ ਤਾਂ ਇਨ੍ਹਾਂ ਨੂੰ  ਪ੍ਰਦੂਸ਼ਿਤ ਕਰਨਾ ਆਪਣੀ ਹੋਂਦ ਨੂੰ  ਨੁਕਸਾਨ ਪਹੁੰਚਾਉਣ ਦੇ ਬਰਾਬਰ ਹੈ | ਅੱਜ ਜਦੋਂ ਸੰਸਾਰ ਜਲਵਾਯੂ ਪਰਿਵਰਤਨ, ਪਾਣੀ ਦੀ ਕਮੀ ਅਤੇ ਵਾਤਾਵਰਨ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਗੁਰਬਾਣੀ ਦਾ ਇਹ ਉਪਦੇਸ਼ ਹੋਰ ਵੀ ਅਹਿਮ ਹੋ ਜਾਂਦਾ ਹੈ |
ਗੁਰਬਾਣੀ ਮਨੁੱਖ ਨੂੰ  ਕੁਦਰਤ 'ਤੇ ਜਿੱਤ ਪ੍ਰਾਪਤ ਕਰਨ ਦੀ ਨਹੀਂ, ਸਗੋਂ ਕੁਦਰਤ ਨਾਲ ਇਕਸੁਰ ਹੋ ਕੇ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੰਦੀ ਹੈ | ਗੁਰਬਾਣੀ ਬ੍ਰਹਿਮੰਡ ਦੀ ਵਿਸ਼ਾਲਤਾ ਬਾਰੇ ਮਨੁੱਖ ਨੂੰ  ਨਿਮਰ ਬਣਾਉਂਦੀ ਹੈ | ਇਹ ਦੱਸਦੀ ਹੈ ਕਿ ਕਰਤਾਰ ਦੀ ਰਚਨਾ ਦੀ ਕੋਈ ਹੱਦ ਨਹੀਂ ਹੈ | ਅਣਗਿਣਤ ਧਰਤੀਆਂ, ਆਕਾਸ਼, ਜੀਵ ਅਤੇ ਰਚਨਾਵਾਂ ਉਸ ਦੇ ਹੁਕਮ ਅੰਦਰ ਚੱਲ ਰਹੀਆਂ ਹਨ | ਮਨੁੱਖ ਆਪਣੇ ਸੀਮਤ ਗਿਆਨ ਨਾਲ ਸਿ੍ਸ਼ਟੀ ਦੇ ਸਾਰੇ ਭੇਤ ਨਹੀਂ ਜਾਣ ਸਕਦਾ, ਪਰ ਗੁਰਬਾਣੀ ਉਸ ਨੂੰ  ਇਸ ਵਿਸ਼ਾਲ ਰਚਨਾ ਵਿਚ ਆਪਣਾ ਸਹੀ ਸਥਾਨ ਸਮਝਾਉਂਦੀ ਹੈ | ਇਹੀ ਸਮਝ ਹਊਮੈ ਨੂੰ  ਘਟਾਉਂਦੀ ਅਤੇ ਮਨ ਵਿਚ ਨਿਮਰਤਾ ਪੈਦਾ ਕਰਦੀ ਹੈ |
ਗੁਰੂ ਗ੍ਰੰਥ ਸਾਹਿਬ ਦਾ ਮੁੱਖ ਉਦੇਸ਼ ਮਨੁੱਖ ਨੂੰ  ਕੇਵਲ ਧਾਰਮਿਕ ਰਸਮਾਂ ਨਾਲ ਜੋੜਨਾ ਨਹੀਂ, ਸਗੋਂ ਉਸ ਦੇ ਜੀਵਨ ਅਤੇ ਕਿਰਦਾਰ ਨੂੰ  ਬਦਲਣਾ ਹੈ | ਗੁਰਬਾਣੀ ਸਾਨੂੰ ਨਾਮ ਜੱਪਣ, ਕਿਰਤ ਕਰਨ ਅਤੇ ਵੰਡ ਛਕਣ ਦੀ ਜੀਵਨ-ਜਾਚ ਸਿਖਾਉਂਦੀ ਹੈ | ਇਹ ਇਮਾਨਦਾਰੀ ਨਾਲ ਮਿਹਨਤ ਕਰਨ, ਲੋੜਵੰਦ ਦੀ ਸਹਾਇਤਾ ਕਰਨ, ਹੱਕ-ਸੱਚ ਦੀ ਕਮਾਈ ਖਾਣ ਅਤੇ ਹਰ ਹਾਲਤ ਵਿਚ ਪਰਮਾਤਮਾ ਨੂੰ  ਯਾਦ ਰੱਖਣ ਦਾ ਉਪਦੇਸ਼ ਦਿੰਦੀ ਹੈ |
ਗੁਰਬਾਣੀ ਦਾ ਅਸਲ ਉਦੇਸ਼ ਕੇਵਲ ਪੜਿ੍ਹਆ ਜਾਣਾ ਨਹੀਂ, ਸਗੋਂ ਮਨੁੱਖ ਦੀ ਸੋਚ, ਸੁਭਾਅ ਅਤੇ ਜੀਵਨ ਨੂੰ  ਬਦਲਣਾ ਹੈ | ਗੁਰਬਾਣੀ ਮਨੁੱਖ ਦੇ ਅੰਦਰ ਵਸਦੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ  ਉਸ ਦੇ ਅਸਲ ਵੈਰੀ ਦੱਸਦੀ ਹੈ | ਅਕਸਰ ਮਨੁੱਖ ਆਪਣੇ ਦੁੱਖਾਂ ਲਈ ਦੂਜਿਆਂ ਨੂੰ  ਦੋਸ਼ ਦਿੰਦਾ ਹੈ, ਪਰ ਗੁਰਬਾਣੀ ਉਸ ਨੂੰ  ਆਪਣੇ ਅੰਦਰ ਝਾਤੀ ਮਾਰਨ ਲਈ ਪ੍ਰੇਰਿਤ ਕਰਦੀ ਹੈ | ਜਦੋਂ ਮਨੁੱਖ ਗੁਰਬਾਣੀ ਨੂੰ  ਕੇਵਲ ਪੜ੍ਹਦਾ ਜਾਂ ਸੁਣਦਾ ਹੀ ਨਹੀਂ, ਸਗੋਂ ਉਸ ਦੇ ਉਪਦੇਸ਼ਾਂ ਨੂੰ  ਜੀਵਨ ਵਿਚ ਅਪਣਾਉਂਦਾ ਹੈ ਤਾਂ ਉਸ ਦੀ ਸੋਚ ਤੇ ਸੁਭਾਅ ਵਿਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ | ਕ੍ਰੋਧ ਦੀ ਥਾਂ ਸਹਿਣਸ਼ੀਲਤਾ, ਨਫ਼ਰਤ ਦੀ ਥਾਂ ਪਿਆਰ, ਲਾਲਚ ਦੀ ਥਾਂ ਸੰਤੋਖ ਅਤੇ ਹੰਕਾਰ ਦੀ ਥਾਂ ਨਿਮਰਤਾ ਪੈਦਾ ਹੁੰਦੀ ਹੈ |
ਅੱਜ ਮਨੁੱਖ ਕੋਲ ਭੌਤਿਕ ਸਹੂਲਤਾਂ ਤਾਂ ਬਹੁਤ ਹਨ, ਪਰ ਮਨ ਦੀ ਸ਼ਾਂਤੀ ਘਟਦੀ ਜਾ ਰਹੀ ਹੈ | ਤਣਾਅ, ਚਿੰਤਾ, ਈਰਖਾ, ਮੁਕਾਬਲੇਬਾਜ਼ੀ ਅਤੇ ਇਕੱਲਾਪਣ ਮਨੁੱਖ ਨੂੰ  ਅੰਦਰੋਂ ਖੋਖਲਾ ਕਰ ਰਹੇ ਹਨ | ਅਜਿਹੇ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਮਨ ਨੂੰ  ਧੀਰਜ ਅਤੇ ਆਤਮਿਕ ਸਹਾਰਾ ਦਿੰਦੀ ਹੈ | ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਸੁੱਖ ਤੇ ਦੁੱਖ ਜੀਵਨ ਦੇ ਹਿੱਸੇ ਹਨ | ਪਰਮਾਤਮਾ ਦੇ ਹੁਕਮ ਨੂੰ  ਸਮਝ ਕੇ ਅਤੇ ਉਸ ਦੀ ਰਜ਼ਾ ਵਿਚ ਰਹਿ ਕੇ ਮਨੁੱਖ ਔਖੇ ਸਮੇਂ ਵਿਚ ਵੀ ਸੰਤੁਲਿਤ ਰਹਿ ਸਕਦਾ ਹੈ |
ਗੁਰੂ ਸਾਹਿਬਾਨ ਨੇ ਔਰਤ ਤੇ ਮਰਦ ਦੀ ਬਰਾਬਰੀ, ਮਿਹਨਤ ਦੀ ਮਹਾਨਤਾ, ਸੇਵਾ ਦੀ ਭਾਵਨਾ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ ਉਸ ਸਮੇਂ ਕੀਤੀ, ਜਦੋਂ ਸਮਾਜ ਜਾਤ-ਪਾਤ, ਕਰਮਕਾਂਡ ਅਤੇ ਅੰਧਵਿਸ਼ਵਾਸਾਂ ਵਿਚ ਜਕੜਿਆ ਹੋਇਆ ਸੀ | ਗੁਰਬਾਣੀ ਮਨੁੱਖ ਨੂੰ  ਪਾਖੰਡ ਤੋਂ ਦੂਰ ਰਹਿਣ ਅਤੇ ਸੱਚਾ ਜੀਵਨ ਜਿਊਣ ਲਈ ਪ੍ਰੇਰਦੀ ਹੈ | ਇਸ ਅਨੁਸਾਰ ਮਨੁੱਖ ਦੀ ਪਛਾਣ ਉਸ ਦੇ ਕੱਪੜਿਆਂ, ਧਨ-ਦੌਲਤ ਜਾਂ ਬਾਹਰੀ ਧਾਰਮਿਕ ਦਿਖਾਵੇ ਨਾਲ ਨਹੀਂ, ਸਗੋਂ ਉਸ ਦੇ ਚੰਗੇ ਕਰਮਾਂ ਅਤੇ ਨਿਰਮਲ ਹਿਰਦੇ ਨਾਲ ਹੁੰਦੀ ਹੈ |
ਗੁਰੂ ਗ੍ਰੰਥ ਸਾਹਿਬ ਸਾਡੇ ਲਈ ਜੀਵਨ 'ਚ ਹਰ ਕਦਮ 'ਤੇ ਅਗਵਾਈ ਕਰਨ ਵਾਲੇ ਸੱਚੇ ਗੁਰੂ ਹਨ | ਗੁਰਬਾਣੀ ਦੀ ਸਿੱਖਿਆ ਨੂੰ  ਜੀਵਨ ਵਿਚ ਅਪਣਾਉਣ ਦੀ ਅਸਲ ਸਾਰਥਿਕਤਾ ਤਦ ਹੀ ਹੈ, ਜਦੋਂ ਅਸੀਂ ਇਸ ਦੇ ਉਪਦੇਸ਼ਾਂ ਨੂੰ  ਆਪਣੇ ਘਰਾਂ, ਪਰਿਵਾਰਾਂ, ਕਾਰਜ-ਸਥਾਨਾਂ ਅਤੇ ਸਮਾਜਿਕ ਜੀਵਨ ਵਿਚ ਲਾਗੂ ਕਰਾਂਗੇ | ਬੱਚਿਆਂ ਨੂੰ  ਗੁਰਬਾਣੀ ਨਾਲ ਜੋੜੀਏ, ਦੂਜਿਆਂ ਪ੍ਰਤੀ ਦਇਆ ਰੱਖੀਏ, ਕੁਦਰਤ ਦਾ ਸਤਿਕਾਰ ਕਰੀਏ, ਇਮਾਨਦਾਰੀ ਨਾਲ ਕਿਰਤ ਕਰੀਏ ਅਤੇ ਲੋੜਵੰਦਾਂ ਨਾਲ ਵੰਡ ਕੇ ਛਕੀਏ |
ਗੁਰਬਾਣੀ ਦਾ ਚਾਨਣ ਤਦ ਹੀ ਸਾਰਥਕ ਹੈ, ਜਦੋਂ ਉਹ ਸਾਡੇ ਵਿਚਾਰਾਂ, ਬੋਲਾਂ ਅਤੇ ਕਰਮਾਂ ਵਿਚ ਦਿਖਾਈ ਦੇਵੇ | ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸੇ ਇਕ ਸਮੇਂ, ਇਕ ਕੌਮ ਜਾਂ ਇਕ ਦੇਸ਼ ਤੱਕ ਸੀਮਤ ਨਹੀਂ ਹੈ, ਸਗੋਂ ਇਹ ਹਰ ਯੁੱਗ ਦੇ ਮਨੁੱਖ ਨੂੰ  ਸੱਚਾ, ਸੁਚੱਜਾ ਅਤੇ ਸੰਤੁਲਿਤ ਜੀਵਨ ਜਿਊਣ ਦੀ ਸੇਧ ਦਿੰਦੀ ਹੈ |
ਆਓ, ਅਸੀਂ ਗੁਰਬਾਣੀ ਦੇ ਗਿਆਨ ਨਾਲ ਆਪਣੇ ਮਨਾਂ ਨੂੰ  ਰੌਸ਼ਨ ਕਰੀਏ | ਜੇ ਗੁਰੂ ਸਾਹਿਬ ਦੇ ਉਪਦੇਸ਼ ਸਾਡੇ ਵਿਚਾਰਾਂ, ਬੋਲਾਂ ਅਤੇ ਕਰਮਾਂ 'ਚੋਂ ਪ੍ਰਗਟ ਹੋਣ ਲੱਗ ਪੈਣ ਤਾਂ ਸਾਡਾ ਜੀਵਨ ਵੀ ਬਦਲੇਗਾ ਅਤੇ ਸਮਾਜ ਵੀ ਹੋਰ ਪਿਆਰ ਭਰਿਆ, ਬਰਾਬਰੀ ਵਾਲਾ ਅਤੇ ਸੁੰਦਰ ਬਣ ਜਾਵੇਗਾ |

-ਐਡਮਿੰਟਨ (ਕੈਨੇਡਾ) |
ਮੋਬਾਈਲ : +1416-399-6594

ਪਿਛਲੀ ਖ਼ਬਰ ਬੇਹੱਦ ਮੁਸ਼ਕਿਲ ਹਾਲਾਤ ਵਿਚ ਜਿਊਾ ਰਹੇ ਹਨ ਨਵੰਬਰ 84 ਦੇ ਪੀੜਤ ਅਗਲੀ ਖ਼ਬਰ ਕਵੀ ਸੌਂਧਾ ਦੀ ਅਹਿਮ ਰਚਨਾ 'ਉਸਤਤਿ ਅੰਮਿ੍ਤਸਰ ਜੀ ਕੀ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।