26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਕਪਾਲ ਮੋਚਨ ਵਿਖੇ ਸੁਸ਼ੋਭਿਤ ਗੁਰਦੁਆਰਾ ਸਾਹਿਬਾਨ

ਕਪਾਲ ਮੋਚਨ ਵਿਖੇ ਸੁਸ਼ੋਭਿਤ ਗੁਰਦੁਆਰਾ ਸਾਹਿਬਾਨ

ਅਜੀਤ ਡੈਸਕ 26-10-2026
ਕਪਾਲ ਮੋਚਨ ਹਿੰਦੂ ਧਰਮ ਦਾ ਇਕ ਪ੍ਰਸਿੱਧ ਤੀਰਥ ਅਸਥਾਨ ਮੰਨਿਆ ਜਾਂਦਾ ਹੈ | ਮੌਜੂਦਾ ਹਰਿਆਣਾ ਰਾਜ ਦੇ ਯਮੁਨਾਨਗਰ ਜ਼ਿਲ੍ਹੇ 'ਚ ਇਹ ਨਗਰ ਬਿਲਾਸਪੁਰ ਤੋਂ ਢਾਈ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਪੰਜਾਬ ਤੋਂ ਜਾਣ ਵਾਲੀ ਸੰਗਤ ਜਗਾਧਰੀ ਹੋ ਕੇ ਇਸ ਅਸਥਾਨ 'ਤੇ ਪੁੱਜਦੀ ਹੈ | ਇਸ ਨਗਰ ਵਿਖੇ ਹਿੰਦੂ ਧਰਮ ਦੇ ਸ਼ਰਧਾਲੂ ਵੱਡੀ ਗਿਣਤੀ ਵਿਚ ਤੀਰਥ ਯਾਤਰਾ ਲਈ ਆਉਂਦੇ ਹਨ | ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਸਿੱਖਾਂ ਦੇ ਮਨ 'ਚ ਵੀ ਇਸ ਅਸਥਾਨ ਪ੍ਰਤੀ ਬਹੁਤ ਸ਼ਰਧਾ ਤੇ ਸਤਿਕਾਰ ਹੈ | ਇਸ ਨਗਰ 'ਚ ਪ੍ਰਮੁੱਖ ਜੋੜ ਮੇਲਾ ਕੱਤਕ ਦੀ ਪੂਰਨਮਾਸ਼ੀ ਨੂੰ  ਲਗਦਾ ਹੈ ਤੇ ਦੋਵੇਂ ਧਰਮਾਂ ਦੇ ਸ਼ਰਧਾਲੂ ਲੱਖਾਂ ਦੀ ਗਿਣਤੀ 'ਚ ਇੱਥੇ ਦਰਸ਼ਨ ਕਰਨ ਲਈ ਆਉਂਦੇ ਹਨ |
ਬਾਦਸ਼ਾਹ ਔਰੰਗਜ਼ੇਬ ਵਲੋਂ ਗ਼ੈਰ-ਮੁਸਲਮਾਨਾਂ ਪ੍ਰਤੀ ਜਿਹੜੀ ਤੁਅੱਸਬੀ ਨੀਤੀ ਅਪਣਾਈ ਗਈ ਸੀ, ਉਸ ਦੇ ਹਵਾਲੇ ਸਰਕਾਰੀ ਦਸਤਾਵੇਜ਼ਾਂ 'ਚੋਂ ਪ੍ਰਾਪਤ ਹੋ ਜਾਂਦੇ ਹਨ, ਜਿਸ ਅਨੁਸਾਰ ਉਸ ਦੇ ਆਦੇਸ਼ਾਂ ਦਾ ਪਾਲਣ ਕਰਦਿਆਂ ਹਿੰਦੂਆਂ ਦੇ ਮੰਦਰ ਢਾਹ ਦਿੱਤੇ ਗਏ ਤੇ ਨਾਲ ਹੀ ਸਿੱਖਾਂ ਦੇ ਧਰਮ ਅਸਥਾਨ ਵੀ ਨਿਸ਼ਾਨੇ 'ਤੇ ਆ ਗਏ | ਜਿਸ ਗੁਰਧਾਮ ਦਾ ਜ਼ਿਕਰ 'ਅਹਿਕਾਮ-ਇ-ਆਲਮਗੀਰੀ' ਵਿਚ ਮਿਲਦਾ ਹੈ, ਉਹ ਕਪਾਲ ਮੋਚਨ ਨਾਲ ਸੰਬੰਧਿਤ ਹੈ | ਬਾਦਸ਼ਾਹ ਨੂੰ  ਭੇਜੀ ਗਈ ਰਿਪੋਰਟ ਵਿਚ ਦੱੱਸਿਆ ਗਿਆ, 'ਬਾਦਸ਼ਾਹ ਦੇ ਹੁਕਮ ਅਨੁਸਾਰ ਉਪਰੋਕਤ ਸ਼ਹਿਰ (ਕਪਾਲ ਮੋਚਨ) ਵਿਚ ਸਥਿਤ ਨਾਨਕ ਪੂਜਕਾਂ ਦਾ ਮੂਰਤੀ-ਮੰਦਰ (ਗੁਰਦੁਆਰਾ) ਢਾਹ ਕੇ ਉੱਥੇ ਮਸਜਿਦ ਬਣਵਾ ਦਿੱਤੀ | ਸਈਦ ਜ਼ਫ਼ਰ ਨਾਮੀ ਫ਼ਕੀਰ ਨੂੰ  ਉਸ ਮਸਜਿਦ ਵਿਚ ਨਮਾਜ਼ ਦੀ ਬਾਂਗ ਦੇਣ ਵਾਸਤੇ ਰੱਖ ਦਿੱਤਾ | ਉਪਰੋਕਤ ਗਰੋਹ (ਸਿੱਖਾਂ) ਨੇ ਉਸ ਮਸਜਿਦ 'ਤੇ ਹਮਲਾ ਕਰਕੇ ਦਰਵੇਸ਼ ਨੂੰ  ਕੁੱਟਿਆ ਤੇ ਫਿਰ ਧਮਕੀਆਂ ਦੇਣ ਪਿੱਛੋਂ ਕਤਲ ਕਰ ਦਿੱਤਾ |' ਇਸ ਘਟਨਾ ਤੋਂ ਇਹ ਜਾਪਦਾ ਹੈ ਕਿ ਇਸ ਨਗਰ 'ਚ ਮੌਜੂਦ ਧਾਰਮਿਕ ਅਸਥਾਨ ਉਸ ਸਮੇਂ ਕਾਫ਼ੀ ਪ੍ਰਸਿੱਧੀ ਪ੍ਰਾਪਤ ਕਰ ਗਏ ਸਨ ਤੇ ਉੱਥੇ ਲੱਗਣ ਵਾਲੇ ਜੋੜ ਮੇਲੇ ਹਾਕਮਾਂ ਨੂੰ  ਚੁਭਣ ਲੱਗੇ ਸਨ | ਇਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਉਹ ਉਡੀਕ ਕਰ ਰਹੇ ਸਨ ਤੇ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਗ਼ੈਰ ਮੁਸਲਮਾਨਾਂ ਦੇ ਧਾਰਮਿਕ ਅਸਥਾਨ ਢਾਹੁਣ ਦਾ ਜਦੋਂ ਹੀ ਹੁਕਮ ਮਿਲਿਆ ਤਾਂ ਇਨ੍ਹਾਂ ਨੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਸੀ | ਇਸ ਨਗਰ 'ਚ ਸਿੱਖ ਧਰਮ ਦੇ ਦੋ ਪ੍ਰਮੁੱਖ ਧਾਰਮਿਕ ਅਸਥਾਨ ਮੌਜੂਦ ਹਨ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-
ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ-ਇਸ ਗੁਰਧਾਮ ਨੂੰ  ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ | ਕਿਹਾ ਜਾਂਦਾ ਹੈ ਕਿ ਕੱਤਕ ਦੀ ਪੂਰਨਮਾਸ਼ੀ ਨੂੰ  ਜਦੋਂ ਗੁਰੂ ਜੀ ਇਸ ਸਥਾਨ 'ਤੇ ਪੁੱਜੇ ਤਾਂ ਇੱਥੇ ਭਾਰੀ ਜੋੜ ਮੇਲਾ ਲੱਗਾ ਹੋਇਆ ਸੀ | ਆਮ ਲੋਕਾਂ 'ਚ ਇਹ ਵਿਸ਼ਵਾਸ ਪ੍ਰਚੱਲਤ ਸੀ ਕਿ ਇਸ ਅਸਥਾਨ 'ਤੇੇ ਇਸ਼ਨਾਨ ਕਰਕੇ ਸ਼ਿਵ ਜੀ ਨੇ ਬ੍ਰਹਮਕਪਾਲੀ ਦੇ ਦੋਸ਼ ਤੋਂ ਮੁਕਤੀ ਪ੍ਰਾਪਤ ਕੀਤੀ ਸੀ, ਜਿਸ ਕਰਕੇ ਆਮ ਲੋਕ ਕੱਤਕ ਦੀ ਪੂਰਨਮਾਸ਼ੀ ਨੂੰ  ਇੱਥੇ ਇਸ਼ਨਾਨ ਕਰਨ ਲਈ ਆਉਂਦੇ ਹਨ | ਉਨ੍ਹਾਂ ਦੀ ਧਾਰਨਾ ਸੀ ਕਿ ਇੱਥੇ ਦਾਨ ਤੇ ਇਸ਼ਨਾਨ ਕਰਨ ਨਾਲ ਸਭ ਪਾਪ ਦੂਰ ਹੋ ਜਾਂਦੇ ਹਨ | ਗੁਰੂ ਜੀ ਦੇ ਬਚਨ ਸੁਣ ਕੇ ਇਕ ਸੇਠ ਨੇ ਉੱਥੇ ਭੰਡਾਰਾ ਕੀਤਾ | ਹਾਲੇ ਪੰਗਤ ਲੱਗ ਰਹੀ ਸੀ ਕਿ ਸੂਚਨਾ ਮਿਲੀ ਕਿ ਸੇਠ ਦੇ ਘਰ ਮੁੰਡਾ ਜੰਮਿਆ ਹੈ | ਇਸ ਗੱਲ 'ਤੇ ਬ੍ਰਾਹਮਣਾਂ ਨੇ ਇਤਰਾਜ਼ ਕੀਤਾ ਕਿ ਤੇਰੇ ਘਰ ਸੂਤਕ ਹੋਣ ਕਰਕੇ ਤੇਰੇ ਦੁਆਰਾ ਪਰੋਸਿਆ ਜਾਣ ਵਾਲਾ ਭੋਜਨ ਅਪਵਿੱਤਰ ਹੋ ਗਿਆ ਹੈ | ਬ੍ਰਾਹਮਣ ਉੱਠ ਕੇ ਜਾਣ ਲੱਗੇ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ  ਸਮਝਾਉਂਦਿਆਂ ਇਸ ਸ਼ਬਦ ਦਾ ਉਚਾਰਨ ਕੀਤਾ:-
ਜੇ ਕਰਿ ਸੂਤਕੁ ਮੰਨੀਐ
ਸਭ ਤੈ ਸੂਤਕੁ ਹੋਇ¨
ਗੋਹੇ ਅਤੈ ਲਕੜੀ
ਅੰਦਰਿ ਕੀੜਾ ਹੋਇ¨
ਜੇਤੇ ਦਾਣੇ ਅੰਨ ਕੇ
ਜੀਆ ਬਾਝੁ ਨ ਕੋਇ¨
ਪਹਿਲਾ ਪਾਣੀ ਜੀਉ ਹੈ
ਜਿਤੁ ਹਰਿਆ ਸਭੁ ਕੋਇ¨
ਸੂਤਕੁ ਕਿਉ ਕਰਿ ਰਖੀਐ
ਸੂਤਕੁ ਪਵੈ ਰਸੋਇ¨
ਨਾਨਕ ਸੂਤਕੁ ਏਵ ਨ ਉਤਰੈ
ਗਿਆਨੁ ਉਤਾਰੇ ਧੋਇ¨ (ਅੰਗ:472)
ਗੁਰੂ ਨਾਨਕ ਦੇਵ ਜੀ ਤੋਂ ਬਾਅਦ ਇਸ ਅਸਥਾਨ 'ਤੇ ਉਨ੍ਹਾਂ ਦੀ ਯਾਦ 'ਚ ਸੰਗਤ ਜੁੜਨ ਲੱਗੀ | ਇਸ ਅਸਥਾਨ ਦੀ ਸੇਵਾ ਸੰਭਾਲ ਉਦਾਸੀ ਸੰਪ੍ਰਦਾਇ ਦੇ ਮਹੰਤਾਂ ਵਲੋਂ ਕੀਤੀ ਜਾਂਦੀ ਸੀ | ਸ਼੍ਰੋਮਣੀ ਕਮੇਟੀ ਦੇ ਅਧੀਨ ਆਉਣ ਸਮੇਂ ਇਸ ਅਸਥਾਨ 'ਤੇ ਇਕ ਅੱਠ ਕੋਨਿਆਂ ਵਾਲਾ ਗੁਰਧਾਮ ਮੌਜੂਦ ਸੀ, ਜਿਸ ਦੇ ਬਾਹਰ ਚਾਰ-ਚੁਫ਼ੇਰੇ ਪਰਿਕਰਮਾ ਬਣੀ ਹੋਈ ਸੀ | 1984 'ਚ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਖ਼ਸਤਾ ਹਾਲਤ ਵਿਚ ਪਹੁੰਚ ਗਈ, ਜਿਸ ਦੀ ਪੁਨਰ-ਉਸਾਰੀ ਕੀਤੀ ਗਈ | ਗੁਰਦੁਆਰਾ ਸਾਹਿਬ ਦੀ ਇਮਾਰਤ ਸੰਪੂਰਨ ਹੋਣ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ |
ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ-ਭੰਗਾਣੀ ਦੇ ਯੁੱਧ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ 'ਤੇ ਚਰਨ ਪਾਏ ਸਨ, ਜਿਸ ਦਾ ਵਰਨਣ ਗੁਰੂ ਕੀਆਂ ਸਾਖੀਆਂ 'ਚ ਮਿਲਦਾ ਹੈ | ਸਥਾਨਕ ਪਰੰਪਰਾ ਦੱਸਦੀ ਹੈ ਕਿ ਗੁਰੂ ਜੀ ਇਸ ਅਸਥਾਨ 'ਤੇ 52 ਦਿਨ ਰਹੇ ਤੇ ਇੱਥੇ ਨਿਵਾਸ ਦੌਰਾਨ ਉਹ ਆਸ-ਪਾਸ ਦੇ ਇਲਾਕਿਆਂ 'ਚ ਧਰਮ ਪ੍ਰਚਾਰ ਕਰਨ ਲਈ ਜਾਇਆ ਕਰਦੇ ਸਨ | ਇੱਥੇ ਨਿਵਾਸ ਦੌਰਾਨ ਹੀ ਕੱਤਕ ਦੀ ਪੂਰਨਮਾਸ਼ੀ ਨੂੰ  ਉਨ੍ਹਾਂ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਸੀ ਅਤੇ ਇਸੇ ਦਿਨ ਭੰਗਾਣੀ ਦੇ ਯੁੱਧ 'ਚ ਸਹਾਇਤਾ ਕਰਨ ਵਾਲਿਆਂ ਨੂੰ  ਸਿਰੋਪਾਓ ਬਖ਼ਸ਼ਿਸ਼ ਕੀਤੇ ਗਏ ਸਨ | ਇਸ ਅਸਥਾਨ 'ਤੇ ਲੰਮਾ ਸਮਾਂ ਸੇਵਾ ਕਰਨ ਵਾਲੇ ਸ. ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਬਜ਼ੁਰਗ ਬਾਬਾ ਕਪੂਰ ਸਿੰਘ ਗੁਰਦਾਸਪੁਰ ਜ਼ਿਲ੍ਹੇ 'ਚ ਪੈਂਦੇ ਗਾਹਲਰੀ ਪਿੰਡ ਤੋਂ ਇੱਥੇ ਆਏ ਸਨ | ਇਹ ਨਿਰਮਲ ਸੰਪ੍ਰਦਾਇ ਨਾਲ ਸੰਬੰਧਿਤ ਸਨ ਅਤੇ 1773 'ਚ ਇਨ੍ਹਾਂ ਨੇ ਦਸਵੀਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ | ਇਨ੍ਹਾਂ ਤੋਂ ਬਾਅਦ ਬਾਬਾ ਸੱਦਾ ਸਿੰਘ, ਬਾਬਾ ਬਿਸ਼ਨ ਸਿੰਘ, ਬਾਬਾ ਹੀਰਾ ਸਿੰਘ ਤੇ ਬਾਬਾ ਹਰੀ ਸਿੰਘ ਇਸ ਅਸਥਾਨ ਦੀ ਸੇਵਾ ਸੰਭਾਲ ਕਰਦੇ ਰਹੇ | 1927 'ਚ ਬਾਬਾ ਹਰੀ ਸਿੰਘ ਨੇ ਇਸ ਗੁਰਧਾਮ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ  ਸੌਂਪ ਦਿੱਤਾ ਸੀ | ਇਨ੍ਹਾਂ ਮਹੰਤਾਂ ਦੇ ਸਮੇਂ ਗੁਰਧਾਮ ਦਾ ਪ੍ਰਬੰਧ ਤੇ ਸਿੱਖੀ ਪ੍ਰਚਾਰ ਬਹੁਤ ਵਧੀਆ ਢੰਗ ਨਾਲ ਚਲਦਾ ਸੀ | ਦੇਸ਼ ਦੀ ਵੰਡ ਤੋਂ ਪਹਿਲਾਂ ਉਕਤ ਦੋਵੇਂ ਗੁਰਧਾਮਾਂ ਨੂੰ  ਪਟਿਆਲਾ ਰਿਆਸਤ ਵਲੋਂ ਬੰਧਾਨ ਮਿਲਦਾ ਰਿਹਾ ਹੈ ਅਤੇ ਗੁਰਦੁਆਰਾ ਕਮੇਟੀ ਦਾ ਕੋਈ ਜ਼ਿੰਮੇਵਾਰ ਵਿਅਕਤੀ ਇਸ ਨੂੰ  ਰਿਆਸਤ ਵਿਚ ਆ ਕੇ ਪ੍ਰਾਪਤ ਕਰ ਲੈਂਦਾ ਸੀ | 1942 ਦੇ ਦਸਤਾਵੇਜ਼ਾਂ ਅਨੁਸਾਰ ਗੁਰਦੁਆਰਾ ਕਮੇਟੀ ਦਾ ਇਕ ਮੈਂਬਰ ਸ. ਨਾਨੂੰ ਸਿੰਘ ਬੰਧਾਨ ਦੀ ਰਕਮ ਪ੍ਰਾਪਤ ਕਰਨ ਲਈ ਪਟਿਆਲਾ ਆਉਂਦੇ ਰਹੇ ਹਨ | ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਲੋਂ ਵੀ ਇਨ੍ਹਾਂ ਗੁਰਧਾਮਾਂ ਦੇ ਨਾਂਅ ਜ਼ਮੀਨ ਲਵਾਈ ਗਈ ਸੀ | ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ 2005 ਵਿਚ ਸੰਪੂਰਨ ਹੋਈ ਸੀ | 
ਕੱਤਕ ਦੇ ਮਹੀਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ 'ਚ ਸੰਗਤ ਇੱਥੇ ਹਾਜ਼ਰੀ ਭਰਦੀ ਹੈ | ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਇਸ ਮੌਕੇ ਨਗਰ ਕੀਰਤਨ ਕੱਢਣ ਦੀ ਪਰੰਪਰਾ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ | ਮੱਸਿਆ, ਵਿਸਾਖੀ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵੀ ਇਸ ਅਸਥਾਨ 'ਤੇ ਪ੍ਰਮੁੱਖਤਾ ਨਾਲ ਮਨਾਏ ਜਾਂਦੇ ਹਨ | ਮੌਜੂਦਾ ਸਮੇਂ 'ਚ ਇਨ੍ਹਾਂ ਦੋਵੇਂ ਗੁਰਧਾਮਾਂ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ |
 
-ਸਿੱਖ ਵਿਸ਼ਵਕੋਸ਼ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਅਲਾ |
 
ਪਿਛਲੀ ਖ਼ਬਰ ਸਾਕਾ ਗੁਰਦੁਆਰਾ ਪੰਜਾ ਸਾਹਿਬ (ਪਾਕਿਸਤਾਨ) ਅਗਲੀ ਖ਼ਬਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਹਿਮ ਕਿਤਾਬ 'ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਦਾ ਯੋਗਦਾਨ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।