02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਚੋਲਾ ਸਾਹਿਬ ਘੁਡਾਣੀ ਕਲਾਂ ਦਾ ਇਤਿਹਾਸ

ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਚੋਲਾ ਸਾਹਿਬ ਘੁਡਾਣੀ ਕਲਾਂ ਦਾ ਇਤਿਹਾਸ

ਅਜੀਤ ਡੈਸਕ 02-11-2026

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ 52 ਕੈਦੀ ਰਾਜਿਆਂ ਨੂੰ  ਰਿਹਾਅ ਕਰਾਉਣ ਤੋਂ ਬਾਅਦ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਘੁਡਾਣੀ ਕਲਾਂ ਵਿਚ 25 ਫੱਗਣ 1688 ਬਿਕਰਮੀ (1631 ਈਸਵੀ) ਨੂੰ  ਬਾਬਾ ਬਿਧੀ ਚੰਦ 2200 ਘੋੜ ਸਵਾਰ ਸਿੰਘਾਂ ਦੇ ਦਲ ਪੰਥ ਸਮੇਤ ਆਪਣੇ ਮੁਬਾਰਕ ਚਰਨ ਪਾਏ ਸਨ ਅਤੇ ਪਿੰਡ ਦੇ ਬਾਹਰ ਸੁਚੱਜੀ ਥਾਂ ਦੇਖ ਕੇ ਇਕ ਰੁੱਖ ਹੇਠ ਆਪਣਾ ਕਮਰਕਸਾ ਖੋਲ੍ਹ ਕੇ ਦਮ ਲਿਆ ਸੀ | ਇਸ ਸਥਾਨ 'ਤੇ ਰਹਿਣ ਵਾਲੇ ਇਕ ਤਪੱਸਵੀ ਸਾਧੂ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ  ਜਲ ਛਕਾਇਆ, ਜਿੱਥੇ ਕਿ ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹੈ | ਗੁਰੂ ਜੀ ਦੇ ਨਗਰ ਵਿਚ ਆਉਣ ਦੀ ਖ਼ਬਰ ਸੁਣਦਿਆਂ ਸੰਗਤਾਂ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ | ਸੰਗਤਾਂ ਵਲੋਂ ਗੁਰੂ ਜੀ ਦੀ ਰਿਹਾਇਸ਼ ਮਰਵਾਹੇ ਖੱਤਰੀ ਬਾਬੇ ਸੂਰਤੀਏ ਦੇ ਘਰ ਕੀਤੀ ਗਈ, ਜਿੱਥੇ ਪਾਤਿਸ਼ਾਹ ਜੀ ਨੇ ਇਕ ਭੜੋਲੇ ਵਿਚ ਦਾਣੇ ਪਾ ਕੇ ਪਰਿਵਾਰ ਨੂੰ  ਵਰ ਦਿੱਤਾ ਕਿ ਇਸ ਭੜੋਲੇ ਨੂੰ  ਖੋਲ੍ਹ ਕੇ ਨਹੀਂ ਦੇਖਣਾ ਤੇ ਵਰਤਾਈ ਜਾਣ ਦੇ ਬਚਨ ਕੀਤੇ | ਇਸ ਭੜੋਲੇ 'ਚੋਂ ਪਰਿਵਾਰ ਦੀਆਂ ਕਈ ਪੁਸ਼ਤਾਂ ਦਾਣੇ ਕੱਢ ਕੇ ਵਰਤਦੀਆਂ ਰਹੀਆਂ, ਜਿੱਥੇ ਕਿ ਅੱਜ ਸੰਗਤਾਂ ਗੁਰਦੁਆਰਾ ਭੜੋਲਾ ਸਾਹਿਬ ਚਰਨ ਕੰਵਲ ਹਵੇਲੀ ਸਾਹਿਬ ਦੇ ਦਰਸ਼ਨ ਕਰਦੀਆਂ ਹਨ | ਗੁਰਦੁਆਰਾ ਚੋਲਾ ਸਾਹਿਬ ਵਾਲੇ ਸਥਾਨ 'ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਰੋਜ਼ਾਨਾ ਦੀਵਾਨ ਸਜਾਇਆ ਕਰਦੇ ਸਨ | ਗੁਰੂ ਜੀ ਦਾ ਆਸਣ ਗੁਰਦੁਆਰਾ ਚੋਲਾ ਸਾਹਿਬ ਵਾਲੇ ਸਥਾਨ 'ਤੇ ਰਿਹਾ ਅਤੇ ਪਿੰਡ 'ਚੋਂ ਆਈਆਂ ਰਸਦਾਂ ਨਾਲ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਂਦਾ ਸੀ | ਇਸੇ ਸਥਾਨ 'ਤੇ ਗੁਰੂ ਜੀ ਨੇ ਆਪਣਾ ਘੋੜਾ ਬੰਨ੍ਹਣ ਲਈ ਇਕ ਕੀਲਾ ਗੱਡਿਆ ਸੀ, ਜੋ ਕਿ ਇਕ ਵਿਸ਼ਾਲ ਨਿੰਮ ਦੇ ਰੁੱਖ ਦਾ ਰੂਪ ਧਾਰਨ ਕਰ ਗਿਆ ਤੇ ਇਹ ਰੁੱਖ ਅੱਜ ਵੀ ਇੱਥੇ ਮੌਜੂਦ ਹੈ |

ਦਾਤਾ ਬੰਦੀ ਛੋੜ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਗਵਾਲੀਅਰ ਦੇ ਕਿਲ੍ਹੇ 'ਚੋਂ 52 ਕੈਦੀ ਰਾਜਿਆਂ ਨੂੰ  ਰਿਹਾਅ ਕਰਾਉਣ ਸਮੇਂ ਪਹਿਨਿਆ ਗਿਆ 52 ਕਲੀਆਂ ਵਾਲਾ ਚੋਲਾ, ਗੁਰੂ ਜੀ ਵਲੋਂ ਰੋਜ਼ਾਨਾ ਨਿਤਨੇਮ ਕਰਨ ਵਾਲੀ ਸੁਨਹਿਰੇ ਅੱਖਰਾਂ ਵਾਲੀ ਪੰਜ ਗ੍ਰੰਥੀ, ਆਪਣੇ ਚਰਨਾਂ ਦਾ ਜੋੜਾ ਤੇ ਹੋਰ ਵਸਤਾਂ ਬਾਬਾ ਸੂਰਤੀਏ ਬਾਬਾ ਸੂਰਜ ਮੱਲ ਨੂੰ  ਬਖ਼ਸ਼ਿਸ਼ ਕੀਤੀਆਂ ਗਈਆਂ, ਜੋ ਕਿ ਅੱਜ ਵੀ ਗੁਰਦੁਆਰਾ ਚੋਲਾ ਸਾਹਿਬ ਵਿਖੇ ਹਨ | ਗੁਰਦੁਆਰਾ ਨਿੰਮਸਰ ਸਾਹਿਬ ਅਸਥਾਨ ਪਿੰਡ ਦੇ ਚੜ੍ਹਦੇ ਪਾਸੇ ਹੈ, ਜਿੱਥੇ ਕਿ ਲੱਖੇਆਣੇ ਟੋਭੇ ਦੇ ਕੰਢੇ 'ਤੇ ਗੁਰੂ ਜੀ ਨਿਤਨੇਮ ਅਨੁਸਾਰ ਅੰਮਿ੍ਤ ਵੇਲੇ ਦਾਤਣ ਕਰਿਆ ਕਰਦੇ ਸਨ | ਇਕ ਦਿਨ ਗੁਰੂ ਜੀ ਨੇ ਆਪਣੀ ਮੌਜ ਅਨੁਸਾਰ ਦਾਤਣ ਕਰਦਿਆਂ ਟੋਬੇ ਦੇ ਕਿਨਾਰੇ ਹੀ ਦਾਤਣ ਛੱਡ ਦਿੱਤੀ, ਜੋ ਵਿਸ਼ਾਲ ਰੁੱਖ ਦਾ ਰੂਪ ਧਾਰਨ ਕਰ ਗਈ | ਇਸੇ ਸਥਾਨ 'ਤੇ ਗੁਰੂ ਜੀ ਦੇ ਪਲੰਘ ਦਾ ਬਾਣ ਤੇ ਦੌਣ ਮੌਜੂਦ ਹੈ ਅਤੇ ਇਸ ਟੋਬੇ ਵਾਲੇ ਸਥਾਨ 'ਤੇ ਪਵਿੱਤਰ ਸਰੋਵਰ ਬਣਾਇਆ ਗਿਆ, ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ ਅਤੇ ਹਰ ਸਨਿਚਰਵਾਰ ਨੂੰ  ਸੰਗਤਾਂ ਸ਼ਬਦ ਚੌਂਕੀ 'ਚ ਹਾਜ਼ਰੀ ਭਰਦੀਆਂ ਹਨ | ਇਸ ਨਗਰ ਵਿਚ ਗੁਰੂ ਜੀ 45 ਦਿਨ ਤੋਂ ਵੱਧ ਦਾ ਸਮਾਂ ਰਹਿ ਕੇ ਖੇਤਰ ਦੀਆਂ ਸੰਗਤਾਂ ਨੂੰ  ਪ੍ਰਵਚਨ ਕਰਦੇ ਰਹੇ | ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪਿੰਡ ਦੀਆਂ ਸੰਗਤਾਂ ਨੂੰ  ਬਖ਼ਸ਼ਿਸ਼ਾਂ ਦਿੱਤੀਆਂ ਕਿ ਪਿੰਡ ਨੂੰ  ਬਾਹਰੋਂ ਆਇਆ ਦੁਸ਼ਮਣ ਹਰਾ ਨਹੀਂ ਸਕੇਗਾ, ਕੁਦਰਤੀ ਆਫ਼ਤਾਂ ਪਿੰਡ ਦਾ ਨੁਕਸਾਨ ਨਹੀਂ ਕਰ ਸਕਣਗੀਆਂ ਅਤੇ ਇਹ ਪਿੰਡ ਬਹੁਤ ਵਧੇ-ਫੁੱਲੇਗਾ ਤੇ ਘੁਡਾਣੀ ਤੋਂ ਘੁਡਾਣ ਬਣੇਗਾ |
ਹੁਣ ਸ਼੍ਰੋਮਣੀ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੀਆਂ ਸੇਵਾਵਾਂ ਅਧੀਨ ਇਹ ਸਥਾਨ ਪਾਇਲ-ਅਹਿਮਦਗੜ੍ਹ ਰੋਡ 'ਤੇ ਰਾੜਾ ਸਾਹਿਬ ਲਾਗੇ ਕਰੀਬ 3 ਕੁ ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਗੁਰਦੁਆਰਾ ਨਿੰਮਸਰ ਚੋਲਾ ਸਾਹਿਬ ਵਿਖੇ ਦੀਵਾਲੀ ਵਾਲੇ ਦਿਨ ਦੀਪਮਾਲਾ ਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ | ਇਸ ਅਸਥਾਨ 'ਤੇ ਬੰਦੀ ਛੋੜ ਦਿਵਸ ਤੋਂ ਇਲਾਵਾ ਰੋਜ਼ਾਨਾਂ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੁੰਦੀਆਂ ਹਨ |

-ਪੱਤਰਕਾਰ, ਰਾੜਾ ਸਾਹਿਬ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 99144-89792

ਪਿਛਲੀ ਖ਼ਬਰ ਢਾਡੀ ਕਲਾ ਦਾ ਚਮਕਦਾ ਸਿਤਾਰਾ : ਢਾਡੀ ਦਲਜੀਤ ਸਿੰਘ ਮੋਰਾਂਵਾਲੀ ਅਗਲੀ ਖ਼ਬਰ ਜਾਤਿ ਕਾ ਗਰਬੁ ਨ ਕਰੀਅਹੁ ਕੋਈ¨

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।