ਹਰਮੀਤ ਸਿੰਘ ਪਠਾਣਮਾਜਰਾ ਮਾਮਲੇ ’ਚ ਸਿਸਟਮ ਕਰ ਰਿਹੈ ਆਪਣਾ ਕੰਮ- ਵਕੀਲ

ਪਟਿਆਲਾ, 2 ਸਤੰਬਰ- ‘ਆਪ’ ਵਿਧਾਇਕ ਹਰਮੀਤ ਸਿੰਘ ਢਿੱਲੋਂ ਪਠਾਨਮਾਜਰਾ ਦੀ ਗ੍ਰਿਫ਼ਤਾਰੀ ’ਤੇ ਉਨ੍ਹਾਂ ਦੇ ਵਕੀਲ, ਐਡਵੋਕੇਟ ਸਿਮਰਨਜੀਤ ਸਿੰਘ ਸੱਗੂ ਨੇ ਕਿਹਾ ਕਿ ਹਰਮੀਤ ਸਿੰਘ ਵਿਰੁੱਧ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਇਕ ਮਾਮਲਾ ਹਾਈ ਕੋਰਟ ਵਿਚ ਵਿਚਾਰ ਅਧੀਨ ਸੀ। ਹਾਈ ਕੋਰਟ ਨੇ ਇਸ ਨੂੰ ਨਿਪਟਾਇਆ ਅਤੇ ਡੀ.ਆਈ.ਜੀ. ਰੋਪੜ ਰੇਂਜ ਨੂੰ ਜਾਂਚ ਲਈ ਨਿਯੁਕਤ ਕੀਤਾ। ਪਰ ਇਹ ਐਫ਼.ਆਈ.ਆਰ. ਪਿਛਲੇ ਦੋ ਦਿਨਾਂ ਵਿਚ ਹੜ੍ਹਾਂ ਕਾਰਨ ਰਾਜਨੀਤਕ ਦ੍ਰਿਸ਼ ਵਿਚ ਆਈ ਤਬਦੀਲੀ ਦਾ ਨਤੀਜਾ ਹੈ। ਇਹ ਕਾਨੂੰਨ ਤੇ ਤੱਥਾਂ ਦੇ ਵਿਰੁੱਧ ਹੈ ਤੇ ਪੂਰੀ ਤਰ੍ਹਾਂ ਨਾਲ ਰਾਜਨੀਤਕ ਲੋਕਾਂ ਤੇ ਨੌਕਰਸ਼ਾਹੀ ਵਿਚਕਾਰ ਖਿਚੋਤਾਣ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਐਸ.ਐਸ.ਪੀ. ਮੋਹਾਲੀ ਅੱਗੇ ਅਰਜ਼ੀ ਦਾਇਰ ਕੀਤੀ ਸੀ ਅਤੇ ਹਾਈ ਕੋਰਟ ਅੱਗੇ ਰਿੱਟ ਦਾਇਰ ਕੀਤੀ ਸੀ। ਉਹ ਸਾਰੇ ਦੋਸ਼ ਐਸ.ਐਸ.ਪੀ. ਮੋਹਾਲੀ ਦੁਆਰਾ ਸਟੇਟਸ ਰਿਪੋਰਟ ਦੇ ਜ਼ਰੀਏ ਹਾਈ ਕੋਰਟ ਵਿਚ ਪੇਸ਼ ਕੀਤੇ ਗਏ ਸਨ, ਸ਼ਿਕਾਇਤਕਰਤਾ ਨੇ ਖੁਦ ਮੰਨਿਆ ਸੀ ਕਿ ਉਹ ਹਰਮੀਤ ਸਿੰਘ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਸੀ। ਉਨ੍ਹਾਂ ਅੱਗੇ ਕਿਹਾ ਕਿ ਸਿਸਟਮ ਕੰਮ ਕਰ ਰਿਹਾ ਹੈ ਤੇ ਉਸਨੂੰ ਪਟਿਆਲਾ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।