ਮਨੀਸ਼ ਸਿਸੋਦੀਆ, ਸੀਚੇਵਾਲ ਤੇ ਦੀਪਕ ਬਾਲੀ ਨੇ ਹੜ੍ਹ ਪ੍ਰਭਾਵਿਤ ਖੇਤਰ ਮੰਡ, ਬਾਊਪੁਰ ਦਾ ਕੀਤਾ ਦੌਰਾ

ਕਪੂਰਥਲਾ, 2 ਸਤੰਬਰ (ਅਮਰਜੀਤ ਕੋਮਲ)-ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਪੰਜਾਬ ਸੱਭਿਆਚਾਰਕ ਮਾਮਲਿਆਂ ਬੋਰਡ ਦੇ ਮੈਂਬਰ ਦੀਪਕ ਬਾਲੀ ਨਾਲ ਜ਼ਿਲ੍ਹੇ ਦੇ ਮੰਡ ਦੇ ਟਾਪੂਨੁਮਾ ਖੇਤਰ ਦੇ ਪਿੰਡ ਮੰਡ ਬਾਊਪੁਰ ਦਾ ਦੌਰਾ ਕੀਤਾ ਤੇ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਵੀ ਤਕਸੀਮ ਕੀਤਾ। ਉਨ੍ਹਾਂ ਹੜ੍ਹ ਵਿਚ ਘਿਰੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਦੇ ਹੌਸਲੇ ਦੀ ਦਾਦ ਦਿੱਤੀ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਦਿਨ-ਰਾਤ ਇਕ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਹਨ। ਸਰਕਾਰ ਤੇ ਹੋਰ ਸੰਸਥਾਵਾਂ ਵਲੋਂ ਪਸ਼ੂਆਂ ਨੂੰ ਚਾਰਾ ਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪ੍ਰਸ਼ਾਸਨ ਵਲੋਂ ਮੈਡੀਕਲ ਕੈਂਪ ਲਗਾ ਕੇ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਕਟ ਦੀ ਘੜੀ ਮਨੁੱਖ ਇਕ ਦੂਜੇ ਦੀ ਮਦਦ ਕਰ ਰਿਹਾ ਹੈ, ਇਹ ਹੀ ਪੰਜਾਬੀਅਤ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਨਵਨੀਤ ਕੌਰ ਬੱਲ, 'ਆਪ' ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਤੇ 'ਆਪ' ਦੇ ਹੋਰ ਆਗੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।