ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲੈਣ ਪੁੱਜੇ ਵਿੱਤ ਮੰਤਰੀ ਹਰਪਾਲ ਚੀਮਾ

ਪਠਾਨਕੋਟ, 2 ਸਤੰਬਰ (ਸੰਧੂ)-ਪਿਛਲੇ ਦਿਨਾਂ ਦੌਰਾਨ ਜ਼ਿਲ੍ਹਾ ਪਠਾਨਕੋਟ ਵਿਚ ਹੜ੍ਹਾਂ ਨਾਲ ਕਾਫੀ ਖੇਤਰ ਪ੍ਰਭਾਵਿਤ ਹੋਇਆ ਹੈ। ਵਿਸ਼ੇਸ਼ ਤੌਰ ਉਤੇ ਬਮਿਆਲ ਅਤੇ ਨਰੋਟ ਜੈਮਲ ਸਿੰਘ ਦਾ ਖੇਤਰ ਜਿਥੇ ਲੋਕਾਂ ਨੂੰ ਰਾਵੀ, ਉਜ ਅਤੇ ਜਲਾਲੀਆਂ ਦੇ ਪਾਣੀ ਨੇ ਮਾਰ ਹੇਠ ਲਿਆਂਦਾ ਹੈ, ਰਾਵੀ ਦੇ ਕਿਨਾਰੇ ਕਥਲੋਰ ਪੁਲ ਤੋਂ ਨਰੋਟ ਜੈਮਲ ਸਿੰਘ ਤੱਕ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਪੱਕਾ ਧੁੱਸੀ ਬੰਨ੍ਹ ਬਣਾਇਆ ਜਾਵੇਗਾ। ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਹ ਬੰਨ੍ਹ ਉਹ ਆਪਣੀ ਨਿਗਰਾਨੀ ਵਿਚ ਬਣਾਉਣਗੇ। ਇਹ ਪ੍ਰਗਟਾਵਾ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਅੱਜ ਰਾਵੀ ਦਰਿਆ ਨਾਲ ਲਗਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਮਗਰੋਂ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ, ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ, ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ. ਪਠਾਨਕੋਟ, ਨਰੇਸ ਸੈਣੀ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ, ਭੁਪਿੰਦਰ ਸਿੰਘ ਕਟਾਰੂਚੱਕ, ਖੁਸ਼ਬੀਰ ਕਾਟਲ, ਅਸ਼ਵਨੀ ਕੁਮਾਰ ਲਾਡੀ, ਰੋਸ਼ਨ ਲਾਲ ਭਗਤ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਪਠਾਨਕੋਟ, ਲਵਲੀ ਮੰਜੀਰੀ, ਰਾਜ ਕੁਮਾਰ ਸਰਪੰਚ ਕੋਹਲੀਆ, ਸੂਬੇਦਾਰ ਕੁਲਵੰਤ ਸਿੰਘ ਬਲਾਕ ਪ੍ਰਧਾਨ ਅਤੇ ਹੋਰ ਪਾਰਟੀ ਦੇ ਵਰਕਰ ਅਤੇ ਸਬੰਧਿਤ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਵਿੱਤ ਮੰਤਰੀ ਪੰਜਾਬ ਵਲੋਂ ਰਾਵੀ ਅੰਦਰ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਲਿਆ ਅਤੇ ਕਥਲੋਰ ਪੁਲ ਨਜ਼ਦੀਕ ਬਣਾਏ ਜਾ ਰਹੇ ਬੰਨ੍ਹ ਦਾ ਨਿਰੀਖਣ ਕਰਨ ਪਹੁੰਚੇ ਜਿਥੇ ਉਨ੍ਹਾਂ ਨੂੰ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਵਿਧਾਨ ਸਭਾ ਹਲਕਾ ਭੋਆ ਅੰਦਰ ਹੜ੍ਹ ਕਾਰਨ ਹੋਏ ਪ੍ਰਭਾਵਿਤ ਖੇਤਰਾਂ ਅਤੇ ਰਾਵੀ ਦੇ ਹੋ ਰਹੇ ਭੂਮੀ ਕਟਾਓ ਬਾਰੇ ਜਾਣੂ ਕਰਵਾਇਆ। ਇਸ ਮੌਕੇ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਕਿਹਾ ਕਿ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਅੰਦਰ ਹੋਈ ਤੇਜ਼ ਬਾਰਿਸ਼ ਦੇ ਚਲਦਿਆਂ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਜ਼ਿਲ੍ਹਾ ਪਠਾਨਕੋਟ ਦਾ ਬਮਿਆਲ ਅਤੇ ਨਰੋਟ ਜੈਮਲ ਸਿੰਘ ਦਾ ਕਾਫੀ ਖੇਤਰ ਹੜ੍ਹ ਦੀ ਮਾਰ ਹੇਠ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ, ਡਿਪਟੀ ਕਮਿਸਨਰ ਪਠਾਨਕੋਟ, ਐਸ.ਐਸ.ਪੀ. ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਖੇਤਰ ਅੰਦਰ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ।