ਹਲਕਾ ਰਾਜਾਸਾਂਸੀ ਦੇ ਪਿੰਡਾਂ 'ਚ ਬੁੱਢਾ ਦਰਿਆ ਤੇ ਸੱਕੀ ਨਾਲੇ ਦਾ ਪਾਣੀ ਆਉਣ ਨਾਲ ਹਜ਼ਾਰਾਂ ਏਕੜ ਫਸਲ ਡੁੱਬੀ

ਚੋਗਾਵਾਂ/ਅੰਮ੍ਰਿਤਸਰ, 2 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡਾਂ ਵਿਚ ਰਾਵੀ ਦਰਿਆ, ਬੁੱਢਾ ਦਰਿਆ ਅਤੇ ਸੱਕੀ ਨਾਲੇ ਦੇ ਪਾਣੀ ਨੇ ਕਹਿਰ ਮਚਾਇਆ ਹੋਇਆ ਹੈ। ਬੇਟ ਇਲਾਕੇ ਦੀਆਂ ਸੜਕਾਂ ਤੇ ਫਸਲਾਂ ਪਾਣੀ ਵਿਚ ਡੁੱਬ ਗਈਆਂ ਹਨ। ਮੌਹਲੇ ਕੇ ਬਿਜਲੀ ਘਰ ਵਿਚ ਪਾਣੀ ਆਉਣ ਨਾਲ ਸਾਰੇ ਇਲਾਕੇ ਦੀ ਬਿਜਲੀ ਬੰਦ ਹੋਣ ਦਾ ਖਦਸ਼ਾ ਹੈ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਵਿੰਦਰ ਰਾਜਾ ਲਦੇਹ ਨੇ ਆਪਣੀ ਟੀਮ ਨਾਲ ਪ੍ਰਭਾਵਿਤ ਖੇਤਰ ਮੌਹਲੇ ਕੇ, ਡੱਗਤੂਤ, ਲੋਧੀ ਗੁੱਜਰ, ਭੱਗੂਪੁਰ ਬੇਟ/ਉਤਾੜ ਆਦਿ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਕੁਦਰਤ ਦੀ ਇਸ ਕਰੋਪੀ ਨਾਲ ਇਨ੍ਹਾਂ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਖੜ੍ਹੀ ਝੋਨਾ ਕਮਾਦ ਤੇ ਹਰੇ ਚਾਰੇ ਦੀਆਂ ਫਸਲਾਂ ਪਾਣੀ ਵਿਚ ਬੁਰੀ ਤਰ੍ਹਾਂ ਡੁੱਬ ਕੇ ਬਰਬਾਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਕੁਦਰਤੀ ਆਫਤ ਦੀ ਘੜੀ ਵਿਚ ਸ਼੍ਰੋਮਣੀ ਅਕਾਲੀ ਦਲ ਲੋਕਾਂ ਨਾਲ ਖੜ੍ਹਾ ਹੈ। ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਬੇਟ ਇਲਾਕੇ ਦੇ ਲੋਕਾਂ ਨੂੰ ਆਪਣੇ ਮਾਲ ਡੰਗਰ ਲੈ ਕੇ ਉੱਚੇ ਥਾਵਾਂ ਉਤੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਡੇਢ ਲੱਖ ਦਾ ਮੁਆਵਜ਼ਾ ਦਿੱਤਾ ਜਾਵੇ। ਕੇਂਦਰ ਸਰਕਾਰ ਪੰਜਾਬ ਨੂੰ ਇਕ ਹਜ਼ਾਰ ਕਰੋੜ ਰੁਪਏ ਦਾ ਰਾਹਤ ਫੰਡ ਜਾਰੀ ਕਰੇ।