02-09-25
ਮਰੀਜ਼ਾਂ ਦਾ ਆਰਥਿਕ ਸ਼ੋਸ਼ਣ
ਪਹਿਲੇ ਸਮਿਆਂ ਵਿਚ ਵੈਦ ਨਬਜ਼ ਦੇਖ ਕੇ ਮਰੀਜ਼ਾਂ ਦੀ ਬਿਮਾਰੀ ਦੱਸ ਦਿੰਦੇ ਸਨ। ਉਹ ਦਵਾਈ ਮੁਫ਼ਤ ਜਾਂ ਥੋੜ੍ਹੇ ਜਿਹੇ ਰੁਪਏ ਵਿਚ ਦੇ ਦਿੰਦੇ ਸਨ। ਪਰ ਹੁਣ ਡਾਕਟਰੀ 'ਕਾਰੋਬਾਰ ਹੈ 'ਸੇਵਾ ਨਹੀਂ' ਦੇ ਰੂਪ ਵਿਚ ਤਬਦੀਲ ਹੋ ਗਈ ਹੈ। ਸ਼ਹਿਰਾਂ ਵਿਚ ਕਲੀਨਿਕ 'ਤੇ ਡਾਕਟਰ ਦੀ ਫੀਸ 100 ਤੋਂ ਸ਼ੁਰੂ ਹੋ ਕੇ ਹਜ਼ਾਰਾਂ ਰੁਪਏ ਤੱਕ ਪਹੁੰਚ ਗਈ ਹੈ। ਡਾਕਟਰੀ ਇਲਾਜ ਇੰਨਾ ਮਹਿੰਗਾ ਹੋ ਗਿਆ ਹੈ ਕਿ ਸਿਰਫ਼ 10 ਫ਼ੀਸਦੀ ਲੋਕ ਹੀ ਮਹਿੰਗਾ ਇਲਾਜ ਕਰਵਾ ਸਕਦੇ ਹਨ। ਕਰੋੜਾਂ ਰੁਪਏ ਨਾਲ ਬਣੇ ਹਸਪਤਾਲ ਦੇ ਖ਼ਰਚੇ ਦੀ ਵਸੂਲੀ ਮਰੀਜ਼ਾਂ ਦੀ ਲੁੱਟ ਕਰਕੇ ਸਾਲ ਵਿਚ ਹੀ ਪੂਰੀ ਕੀਤੀ ਜਾ ਰਹੀ ਹੈ। ਸਨਅਤੀ ਸ਼ਹਿਰ ਲੁਧਿਆਣਾ ਵਿਚ ਡਾਕਟਰਾਂ ਦੀ ਕਾਫੀ ਭਰਮਾਰ ਹੈ। ਕਲੀਨਿਕਾਂ ਵਾਲੇ ਡਾਕਟਰ ਵੀ ਮੋਟੀ ਕਮਾਈ ਕਰਦੇ ਹਨ। ਮੁਫ਼ਤ ਮੈਡੀਕਲ ਕੈਂਪ ਡਾਕਟਰਾਂ ਨੇ ਸ਼ੋਸ਼ਾ ਬਣਾਇਆ ਹੋਇਆ ਹੈ। ਇਹ ਕੈਂਪ ਕਿਸੇ ਕਲੱਬ ਜਾਂ ਸੁਸਾਇਟੀ ਦੇ ਸਹਿਯੋਗ ਨਾਲ ਘੰਟਾ ਜਾਂ ਦੋ ਘੰਟੇ ਲਾਇਆ ਜਾਂਦਾ ਹੈ। ਇਸ ਮੈਡੀਕਲ ਕੈਂਪ ਦਾ ਫਾਇਦਾ ਇਹ ਹੁੰਦਾ ਹੈ, ਇਸ ਵਿਚ ਡਾਕਟਰ ਦੇ ਨਾਂਅ ਦਾ ਪ੍ਰਚਾਰ ਹੋ ਜਾਂਦਾ ਹੈ। ਅਖ਼ਬਾਰਾਂ ਵਿਚ ਵਧਾ-ਚੜ੍ਹਾ ਕੇ ਰਿਪੋਰਟ ਲਾਈ ਜਾਂਦੀ ਹੈ। ਪਰ ਸਾਰੇ ਡਾਕਟਰ ਇਕੋ ਜਿਹੇ ਨਹੀਂ ਹੁੰਦੇ। ਬਹੁਤ ਸਾਰੇ ਡਾਕਟਰ ਚੰਗੇ ਵੀ ਹੁੰਦੇ ਹਨ।
-ਡਾਕਟਰ ਨਰਿੰਦਰ ਭੱਪਰ ਝਬੇਲਵਾਲੀ,
ਸ੍ਰੀ ਮੁਕਤਸਰ ਸਾਹਿਬ।
ਹਾਈ ਕੋਰਟ ਦਾ ਪ੍ਰਸ਼ੰਸਾਯੋਗ ਫ਼ੈਸਲਾ
ਪਿਛਲੇ ਦਿਨੀਂ 'ਅਜੀਤ' ਵਿਚ ਗ਼ੈਰਕਾਨੂੰਨੀ ਕਾਲੋਨੀਆਂ ਬਾਰੇ ਮਾਨਯੋਗ ਹਾਈ ਕੋਰਟ ਦੇ ਫ਼ੈਸਲੇ ਸੰਬੰਧੀ ਖ਼ਬਰ ਪੜ੍ਹ ਕੇ ਪ੍ਰਸੰਨਤਾ ਹੋਈ। ਕਾਲੋਨਾਈਜ਼ਰ ਅਕਸਰ ਗ਼ੈਰਕਾਨੂੰਨੀ ਕਾਲੋਨੀਆਂ ਕੱਟ ਕੇ ਲੋਕਾਂ ਨੂੰ ਭਰਮਾ ਕੇ ਤੇ ਭਾਰੀ ਰਕਮਾਂ ਕਮਾ ਕੇ ਅੱਖਾਂ ਫੇਰ ਜਾਂਦੇ ਹਨ। ਉਹ ਕਾਲੋਨੀ ਦੀ ਬਣਦੀ ਫੀਸ ਨਹੀਂ ਭਰਦੇ ਅਤੇ ਕਾਲੋਨੀ ਨੂੰ ਬਣਦੀਆਂ ਸਹੂਲਤਾਂ ਵੀ ਮੁਹੱਈਆ ਨਹੀਂ ਕਰਾਉਂਦੇ। ਇਹ ਹੀ ਹਾਲਤ ਫ਼ਤਹਿਗੜ੍ਹ ਸਾਹਿਬ ਦੀ ਪਰਲ ਕਾਲੋਨੀ ਦੀ ਹੈ। ਕਾਲੋਨਾਈਜਰਾਂ ਨੇ ਬਣਦੀ ਫ਼ੀਸ ਨਹੀਂ ਭਰੀ ਜਿਸ ਕਰਕੇ ਕਾਲੋਨੀ ਪਾਸ ਨਹੀਂ ਹੋਈ। ਇਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਖਾਲੀ ਪਲਾਟਾਂ ਅਤੇ ਸੜਕ 'ਤੇ ਵਿਖਰ ਕੇ ਬਿਮਾਰੀ ਨੂੰ ਸੱਦਾ ਦੇ ਰਿਹਾ ਹੈ, ਖਾਲੀ ਪਲਾਟ ਜੰਗਲ ਦਾ ਰੂਪ ਧਾਰ ਗਏ ਹਨ ਅਤੇ ਸੱਪਾਂ ਦੀ ਰਿਹਾਇਸ਼ਗਾਹ ਬਣ ਗਏ ਨੇ ਜਿਥੋਂ ਨਿਕਲ ਕੇ ਸੱਪ ਲੋਕਾਂ ਦੇ ਘਰਾਂ ਵਿਚ ਵੀ ਪ੍ਰਵੇਸ਼ ਕਰ ਰਹੇ ਹਨ। ਇਸ ਨਾਲ ਕਦੇ ਵੀ ਜਾਨੀ ਨੁਕਸਾਨ ਹੋ ਸਕਦਾ ਹੈ। ਇਸ ਬਾਰੇ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਪਰ ਪ੍ਰਸ਼ਾਸਨ ਤੇ ਸਥਾਨਕ ਵਿਧਾਇਕ ਸਾਹਿਬ ਨੇ ਕੋਈ ਸੁਣਵਾਈ ਨਹੀਂ ਕੀਤੀ।
-ਹਰੀ ਸਿੰਘ 'ਚਮਕ'
ਪ੍ਰਧਾਨ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ, ਪਰਲ ਇਨਕਲੇਵ, ਫ਼ਤਹਿਗੜ੍ਹ ਸਾਹਿਬ।
ਭਰਮ ਅਤੇ ਮਨੋਭਰਮ
ਮਨੋਵਿਗਿਆਨ ਵਿਸ਼ੇ ਵਿਚ ਸਾਡੇ ਮਨ ਤੇ ਦਿਮਾਗ਼ ਨੂੰ ਪ੍ਰਭਾਵਿਤ ਕਰਨ ਵਾਲੀਆਂ ਵਸਤਆਂ, ਮਨੁੱਖ ਤੇ ਘਟਨਾਵਾਂ ਆਦਿ ਬਾਰੇ ਪਹਿਲੀ ਆਰੰਭਿਕ ਜਾਣਕਾਰੀ ਪ੍ਰਾਪਤੀ ਨੂੰ ਸੰਵੇਦਨਾ ਕਿਹਾ ਜਾਂਦਾ ਹੈ। ਸੰਵੇਦਨਾ ਦੀ ਮਾਨਸਿਕ ਕਿਰਿਆ ਵਿਚ ਗਿਆਨ-ਇੰਦਰੀਆਂ ਜਿਵੇਂ ਕਿ ਅੱਖ, ਕੰਨ, ਨੱਕ, ਜੀਭ ਤੇ ਚਮੜੀ ਆਦਿ ਦਾ ਮਹੱਤਵਪੂਰਨ ਕੰਮ ਹੁੰਦਾ ਹੈ। ਸੰਵੇਦਨਾ ਵਿਚ ਸਾਨੂੰ ਆਮ ਤੌਰ 'ਤੇ ਪ੍ਰਭਾਵਿਤ ਕਰਨ ਵਾਲੀ ਵਸਤੂ ਜਾਂ ਉਦੀਪਕ ਬਾਰੇ ਅਧੂਰੀ ਅਤੇ ਅਰਥਹੀਣ ਜਾਣਕਾਰੀ ਪ੍ਰਾਪਤ ਹੁੰਦੀ ਹੈ। ਵਸਤੂ ਬਾਰੇ ਸੰਪੂਰਨ ਜਾਣਕਾਰੀ ਪ੍ਰਾਪਤੀ ਦੀ ਪ੍ਰਕਿਰਿਆ ਨੂੰ ਪ੍ਰਤੱਖੀਕਰਨ ਕਿਹਾ ਜਾਂਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਵਸਤੂ ਸਾਡੇ ਸਾਹਮਣੇ ਮੌਜੂਦ ਹੁੰਦੀ ਹੈ ਪਰੰਤੂ ਕਿਸੇ ਕਾਰਨ ਅਸੀਂ ਮੌਜੂਦ ਵਸਤੂ ਨੂੰ ਠੀਕ ਤਰ੍ਹਾਂ ਪਹਿਚਾਨਣ ਵਿਚ ਅਸਫ਼ਲ ਹੋ ਜਾਂਦੇ ਹਾਂ, ਅਤੇ ਗ਼ਲਤਫਹਿਮੀ ਵਿਚ ਫਸ ਜਾਂਦੇ ਹਾਂ।
ਮੌਜੂਦ ਵਸਤੂ ਬਾਰੇ ਸਹੀ ਜਾਣਕਾਰੀ ਜਾਂ ਪ੍ਰਤੱਖੀਕਰਨ ਤੋਂ ਖੁੱਸ ਜਾਣਾ ਹੀ ਭਰਮ ਕਹਾਉਂਦਾ ਹੈ। ਜਿਵੇਂ ਕਿ ਰੱਸੀ ਨੂੰ ਸੱਪ ਸਮਝ ਲੈਣਾ। ਜਦੋਂ ਕਿ ਮਨੋਭਰਮ ਵਿਚ ਵਸਤੂ ਦੀ ਹੋਂਦ ਨਹੀਂ ਹੁੰਦੀ। ਕਿਸੇ ਵਸਤੂ ਦੀ ਮੌਜੂਦਗੀ ਤੋਂ ਬਿਨਾਂ ਹੀ ਵਸਤੂ ਬਾਰੇ ਗ਼ਲਤ ਜਾਣਕਾਰੀ ਜਾਂ ਪ੍ਰਤੱਖੀਕਰਨ ਨੂੰ ਮਨੋਭਰਮ ਕਿਹਾ ਜਾਂਦਾ ਹੈ। ਜਿਵੇਂ ਕਿ ਭੂਤ-ਪ੍ਰੇਤਾਂ ਅਤੇ ਰੇਗਿਸਤਾਨ ਵਿਚ ਦੂਰ ਤੋਂ ਪਾਣੀ ਦਿਖਾਈ ਦੇਣਾ। ਦੂਜੇ ਗ੍ਰਹਿਆਂ 'ਤੇ ਏਲੀਅਨ ਦੀ ਮੌਜੂਦਗੀ ਵੀ ਮਨੋਭਰਮ ਹੈ।
-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ, ਹੁਸ਼ਿਆਰਪੁਰ।
ਮਹਿੰਗਾਈ ਇਕ ਗੰਭੀਰ ਸਮੱਸਿਆ
ਅੱਜ ਦੇ ਯੁੱਗ ਵਿਚ ਮਹਿੰਗਾਈ ਇਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਹਰ ਰੋਜ਼ ਵਸਤਾਂ ਦੇ ਭਾਅ ਵਿਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਆਮ ਵਿਅਕਤੀ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਖਾਣ-ਪੀਣ ਦੀਆਂ ਚੀਜ਼ਾਂ, ਈਂਧਨ, ਬਿਜਲੀ, ਦਵਾਈਆਂ ਅਤੇ ਸਿੱਖਿਆ ਸਭ ਮਹਿੰਗੀਆਂ ਹੋ ਰਹੀਆਂ ਹਨ, ਜਿਸ ਕਾਰਨ ਘਰ ਦਾ ਖ਼ਰਚਾ ਚਲਾਉਣਾ ਦਿਨੋ ਦਿਨ ਔਖਾ ਹੋ ਰਿਹਾ ਹੈ। ਮਹਿੰਗਾਈ ਇਕ ਅਜਿਹੀ ਸਮੱਸਿਆ ਹੈ, ਜੋ ਸਿਰਫ਼ ਆਰਥਿਕ ਪੱਖ ਹੀ ਨਹੀਂ, ਸਗੋਂ ਆਮ ਲੋਕਾਂ ਦੀ ਜੀਵਨ-ਸ਼ੈਲੀ 'ਤੇ ਵੀ ਡੂੰਘਾ ਅਸਰ ਛੱਡਦੀ ਹੈ। ਇਸ ਨੂੰ ਕਾਬੂ ਕਰਨ ਲਈ ਸਰਕਾਰ, ਵਪਾਰੀਆਂ ਅਤੇ ਆਮ ਜਨਤਾ ਤਿੰਨਾਂ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਤਾਂ ਜੋ ਹਰ ਵਿਅਕਤੀ ਆਪਣੀ ਜ਼ਿੰਦਗੀ ਆਸਾਨੀ ਨਾਲ ਬਿਤਾ ਸਕੇ।
-ਅਰਪਿਤਾ,
ਖੇੜੀ ਨੌਧ ਸਿੰਘ।
ਬੈਂਕਾਂ ਵਿਚ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ
ਆਧੁਨਿਕ ਯੁਗ ਵਿਚ ਬੈਂਕ ਆਰਥਿਕ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ। ਹਰ ਛੋਟਾ-ਵੱਡਾ ਕਾਰੋਬਾਰੀ, ਪੈਨਸ਼ਨਰ, ਕਿਸਾਨ, ਮਜ਼ਦੂਰ, ਨੌਕਰੀਪੇਸ਼ਾ ਇਨਸਾਨ ਸਾਰੇ ਕਿਸੇ ਨਾ ਕਿਸੇ ਤਰੀਕੇ ਨਾਲ ਬੈਂਕਾਂ ਨਾਲ ਜੁੜੇ ਹੋਏ ਹਨ। ਸਭ ਲੋਕਾਂ ਨੂੰ ਬੈਂਕਾਂ ਵਿਚ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੈਂਕਾਂ ਵਿਚ ਖਾਤਾ ਖੋਲ੍ਹਣ ਤੋਂ ਲੈ ਕੇ ਪੈਸੇ ਕਢਵਾਉਣ ਜਾਂ ਜਮ੍ਹਾਂ ਕਰਵਾਉਣ ਲਈ ਬਹੁਤ ਸਮਾਂ ਲੱਗ ਜਾਂਦਾ ਹੈ। ਖ਼ਾਸ ਕਰਕੇ ਪੈਨਸ਼ਨਰਾਂ ਜਾਂ ਬਜ਼ੁਰਗਾਂ ਨੂੰ ਲੰਮੇ ਸਮੇਂ ਤੱਕ ਕਤਾਰ ਵਿਚ ਖੜ੍ਹੇ ਰਹਿ ਸਕਣਾ ਬਹੁਤ ਹੀ ਔਖਾ ਹੁੰਦਾ ਹੈ।
ਦੂਜਾ ਬੈਂਕ ਕਰਮਚਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕੰਮ ਜਲਦੀ ਨਾਲ ਸਿਰੇ ਨਹੀਂ ਚੜ੍ਹ ਪਾਉਂਦੇ। ਤੀਜੀ ਸਮੱਸਿਆ, ਡਿਜੀਟਲ ਕਾਰਜਪ੍ਰਣਾਲੀ ਨਾਲ ਸੰਬੰਧਿਤ ਹੈ। ਕਈ ਵਾਰੀ ਇੰਟਰਨੈੱਟ ਨਹੀਂ ਚੱਲਦਾ, ਲਿੰਕ ਡਾਊਨ ਹੋ ਜਾਂਦਾ ਹੈ ਜਾਂ ਏ.ਟੀ.ਐਮ. ਖਰਾਬ ਰਹਿੰਦੇ ਹਨ। ਗ੍ਰਾਹਕਾਂ ਨੂੰ ਆਪਣਾ ਹੀ ਪੈਸਾ ਕਢਵਾਉਣ ਲਈ ਚੱਕਰ ਲਗਾਉਣੇ ਪੈਂਦੇ ਹਨ। ਆਨਲਾਈਨ ਧੋਖਾਧੜੀਆਂ ਤੇ ਲਗਾਤਾਰ ਵਧ ਰਹੀਆਂ ਫਰਾਡ ਘਟਨਾਵਾਂ ਕਾਰਨ ਆਮ ਲੋਕਾਂ ਨੂੰ ਡਰ ਲੱਗਿਆ ਰਹਿੰਦਾ ਹੈ।
-ਮੰਜੂ ਰਾਇਕਾ
ਭਿੰਡਰਾਂ, ਸੰਗਰੂਰ।