ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ 3 ਲੱਖ ਕਿਊਸਿਕ ਤੋਂ ਟੱਪਿਆ

ਹਰੀਕੇ ਪੱਤਣ, 2 ਸਤੰਬਰ (ਸੰਜੀਵ ਕੁੰਦਰਾ)-ਬਾਰਿਸ਼ਾਂ ਦਾ ਕਹਿਰ ਜਾਰੀ ਹੈ ਤੇ ਨਦੀਆਂ, ਨਾਲੇ, ਦਰਿਆਵਾਂ ਅਤੇ ਡੈਮਾਂ ਦਾ ਪੱਧਰ ਖ਼ਤਰੇ ਦੇ ਨਿਸ਼ਾਨ 'ਤੇ ਪੁੱਜ ਚੁੱਕਾ ਹੈ। ਪਹਿਲਾਂ ਪੌਂਗ ਡੈਮ ਤੋਂ ਛੱਡੇ ਪਾਣੀ ਕਾਰਨ ਬਿਆਸ ਦਰਿਆ ਦੇ ਪਾਣੀ ਨੇ ਪੰਜਾਬ ਨੂੰ ਹੜ੍ਹਾਂ ਵਿਚ ਡੋਬ ਦਿੱਤਾ ਤੇ ਹੁਣ ਭਾਖੜਾ ਡੈਮ ਤੋਂ ਛੱਡੇ ਪਾਣੀ ਕਾਰਨ ਸਤਲੁਜ ਦਰਿਆ ਵੀ ਚੜ੍ਹ ਕੇ ਆ ਗਿਆ ਹੈ। ਬੀਤੇ ਕੱਲ੍ਹ ਡਾਖੜਾ ਡੈਮ ਤੋਂ ਰਿਲੀਜ਼ ਕੀਤੇ 1 ਲੱਖ 14 ਹਜ਼ਾਰ ਕਿਊਸਿਕ ਪਾਣੀ ਦੇ ਰੋਪੜ ਹੈੱਡ ਵਰਕਸ ਤੋਂ ਸਤਲੁਜ ਦਰਿਆ ਦੇ ਰਸਤੇ ਹਰੀਕੇ ਹੈੱਡ ਵਰਕਸ ਵਿਚ ਪਹੁੰਚਣ ਉਤੇ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵੱਧ ਕੇ 3 ਲੱਖ ਕਿਊਸਿਕ ਤੋਂ ਵੱਧ ਹੋ ਗਿਆ। ਹਰੀਕੇ ਹੈੱਡ ਵਰਕਸ ਵਿਭਾਗ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਮ 4 ਵਜੇ ਹਰੀਕੇ ਹੈੱਡ ਵਰਕਸ ਦੇ ਅੱਪਸਟਰੀਮ ਵਿਚ 3 ਲੱਖ 1 ਹਜ਼ਾਰ 221 ਕਿਊਸਿਕ ਪਾਣੀ ਦੀ ਆਮਦ ਸੀ, ਜਿਸ ਵਿਚੋਂ ਡਾਊਨ ਸਟਰੀਮ ਨੂੰ 2 ਲੱਖ 84 ਹਜ਼ਾਰ 350 ਕਿਊਸਿਕ ਛੱਡਿਆ ਜਾ ਰਿਹਾ ਹੈ। ਹੋਰ ਜਾਣਕਾਰੀ ਅਨੁਸਾਰ ਸਤਲੁਜ ਦਰਿਆ ਦੇ ਰਸਤੇ ਅੱਜ ਰਾਤ ਹੋਰ ਪਾਣੀ ਦੀ ਆਮਦ ਹੋਵੇਗੀ, ਜਿਸ ਕਾਰਨ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ।