ਫ਼ਿਰੋਜ਼ਪੁਰ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਹੋਈ ਬੇਕਾਬੂ, 24 ਘੰਟਿਆਂ ਵਿਚ ਫਿਰ ਚੱਲੀਆਂ ਗੋਲੀਆਂ

ਫ਼ਿਰੋਜ਼ਪੁਰ, 23 ਅਪ੍ਰੈਲ (ਸੁਖਵਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਲੋਕਾਂ 'ਚ ਦਹਿਸ਼ਤ ਫੈਲਾ ਰਹੀਆਂ ਹਨ। ਦੂਜੇ ਦਿਨ ਸ਼ਹਿਰ ਵਿਚ ਫਿਰ ਗੋਲੀਆਂ ਦੀ ਠਾਹ-ਠਾਹ ਹੋਈ। ਤਾਜ਼ਾ ਮਾਮਲੇ 'ਚ ਵਾਂਸੀ ਗੇਟ ਨੇੜੇ ਫ਼ਿਰੋਜ਼ਪੁਰ ਸ਼ਹਿਰ ਦੇ ਕਾਂਗਰਸ ਦੇ ਐਮ.ਸੀ. ਕਪਿਲ ਕੁਮਾਰ ਮੌਂਟੀ 'ਤੇ ਬਾਈਕ 'ਤੇ ਆਏ ਅਣਪਛਾਤੇ ਨਕਾਬਪੋਸ਼ਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਉਹ ਹਮਲੇ ਦੌਰਾਨ ਵਾਲ ਵਾਲ ਬਚ ਗਏ, ਜਦਕਿ ਹਮਲਾਵਰ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਰਹੇ। ਇਹ ਹਮਲਾ ਉਦੋਂ ਹੋਇਆ ਜਦੋਂ ਮੌਂਟੀ ਆਪਣੀ ਦੁਕਾਨ 'ਤੇ ਬੈਠੇ ਸੀ । ਜਾਣਕਾਰੀ ਅਨੁਸਾਰ, ਕੁੱਲ ਪੰਜ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿਚੋਂ ਤਿੰਨ ਦੇ ਨਿਸ਼ਾਨ ਬਿਜਲੀ ਦੇ ਖੰਭੇ ਅਤੇ ਖੋਲ ਗਲੀ ਵਿਚ ਪਏ ਮਿਲੇ। ਮੌਕੇ 'ਤੇ ਪਹੁੰਚੇ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ, ਡੀ.ਐਸ.ਪੀ. ਸੁਖਵਿੰਦਰ ਸਿੰਘ, ਸਿਟੀ ਥਾਣੇ ਦੇ ਐਸ.ਐਚ.ਓ. ਹਰਿੰਦਰ ਸਿੰਘ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਨਗਰ ਕੌਂਸਲ ਦੇ ਪ੍ਰਧਾਨ ਰਿੰਕੂ ਗਰੋਵਰ ਨੇ ਦੱਸਿਆ ਕਿ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਬੇਕਾਬੂ ਹੋ ਗਈ ਹੈ। ਹਮਲਾਵਰ ਪੁਲਿਸ ਤੋਂ ਬੇਖੌਫ ਹੋ ਕੇ ਆਏ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ ।