ਗੈਂਗਸਟਰ ਦੀਪਕ ਟੀਨੂੰ ਤੇ ਬਰਖ਼ਾਸਤ ਥਾਣੇਦਾਰ ਨੂੰ ਸਜ਼ਾ, 8 ਬਰੀ

ਮਾਨਸਾ, 23 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਜੁਡੀਸ਼ੀਅਲ ਮੈਜਿਸਟਰੇਟ ਅਵੱਲ ਦਰਜਾ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗੈਂਗਸਟਰ ਦੀਪਕ ਟੀਨੂੰ ਫ਼ਰਾਰ ਕਰਵਾਉਣ ਦੇ ਦੋਸ਼ 'ਚ ਜਿਥੇ ਗੈਂਗਸਟਰ ਸਮੇਤ ਬਰਖ਼ਾਸਤ ਪੁਲਿਸ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਸਜ਼ਾ ਸੁਣਾਈ ਹੈ, ਉਥੇ ਮੁਕੱਦਮੇ 'ਚ ਨਾਮਜ਼ਦ 8 ਜਣਿਆਂ ਨੂੰ ਬਰੀ ਕਰ ਦਿੱਤਾ ਹੈ। ਜੱਜ ਕਰਨ ਅਗਰਵਾਲ ਦੀ ਅਦਾਲਤ ਵਲੋਂ ਬਰਖ਼ਾਸਤ ਇੰਸਪੈਕਟਰ ਨੂੰ 1 ਸਾਲ 11 ਮਹੀਨੇ ਦੀ ਸਜ਼ਾ, 5 ਹਜ਼ਾਰ ਰੁਪਏ ਜੁਰਮਾਨਾ ਜਦਕਿ ਦੀਪਕ ਟੀਨੂੰ ਨੂੰ 2 ਸਾਲ ਦੀ ਸਜ਼ਾ ਅਤੇ 2 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਉਪਰੋਕਤ ਦੋਵੇਂ ਇਸ ਵੇਲੇ ਜੇਲ੍ਹ ਵਿਚ ਬੰਦ ਹਨ। ਜ਼ਿਕਰਯੋਗ ਹੈ ਕਿ ਦੀਪਕ ਟੀਨੂੰ ਨੂੰ ਮੂਸੇਵਾਲਾ ਹੱਤਿਆ ਮਾਮਲੇ ਵਿਚ ਮਾਨਸਾ ਪੁਲਿਸ ਵਲੋਂ ਰਾਜਸਥਾਨ ਪੁਲਿਸ ਦੀ ਸਹਾਇਤਾ ਨਾਲ ਗ੍ਰਿਫ਼ਤਾਰ ਕਰਕੇ ਸੀ.ਆਈ.ਏ. ਸਟਾਫ਼ 'ਚ ਪੁੱਛਗਿੱਛ ਲਈ ਰਿਮਾਂਡ 'ਤੇ ਲਿਆਂਦਾ ਗਿਆ ਸੀ। ਉਸ ਨੂੰ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਿਤਪਾਲ ਸਿੰਘ ਵਲੋਂ ਉਸ ਦੀ ਮਹਿਲਾ ਮਿੱਤਰ ਨੂੰ ਮਿਲਾਉਣ ਲਈ ਆਪਣੀ ਰਿਹਾਇਸ਼ 'ਤੇ ਲਿਆਂਦਾ ਗਿਆ ਸੀ, ਜਿਥੋਂ ਉਹ ਪਹਿਲੀ ਅਕਤੂਬਰ 2022 ਨੂੰ ਉਕਤ ਪੁਲਿਸ ਅਧਿਕਾਰੀ ਦੀ ਮਿਲੀਭੁਗਤ ਨਾਲ ਫ਼ਰਾਰ ਹੋ ਗਿਆ ਸੀ।