22-04-2025
ਮੋਬਾਈਲ ਦੇ ਨੁਕਸਾਨ
ਮੋਬਾਈਲ ਫੋਨ ਆਧੁਨਿਕ ਜੀਵਨ ਦਾ ਇਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ, ਪਰ ਇਸ ਦੀ ਬੇਲੋੜੀ ਵਰਤੋਂ ਨਾਲ ਕਈ ਗੰਭੀਰ ਨੁਕਸਾਨ ਵੀ ਹੋ ਸਕਦੇ ਹਨ।
ਮੋਬਾਈਲ ਦੇ ਆਦੀ ਹੋਣ ਕਰਕੇ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਘੱਟ ਗੱਲਬਾਤ ਕਰਦੇ ਹਨ। ਮੋਬਾਈਲ ਦੀ ਵੱਧ ਵਰਤੋਂ ਕਾਰਨ ਅੱਖਾਂ ਦੀ ਰੌਸ਼ਨੀ ਘੱਟ ਹੋਣ, ਸਿਰਦਰਦ ਅਤੇ ਨੀਂਦ ਦੀ ਸਮੱਸਿਆ ਵਧਣ ਲੱਗੀ ਹੈ। ਇਸ ਲਈ ਮੋਬਾਈਲ ਦੀ ਵਰਤੋਂ ਲਈ ਸਮਾਂ ਹੱਦ ਨਿਰਧਾਰਤ ਕਰਨੀ ਚਾਹੀਦੀ ਹੈ।
-ਏਕਮਜੋਤ ਸਿੰਘ
ਦਿਆਲਪੁਰਾ, ਲੁਧਿਆਣਾ।
ਲਓ ਜਨਾਬ, ਆਹ ਕਰਿਓ ਗੱਲ
ਪੰਜਾਬ ਪੁਲਿਸ ਵਲੋਂ ਅਕਸਰ ਜਦੋਂ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਬਹੁ-ਗਿਣਤੀ ਅਜਿਹੇ ਸ਼ਖ਼ਸ ਵੀ ਦੇਖਣ ਨੂੰ ਮਿਲਦੇ ਹਨ ਜੋ ਆਪਣੇ ਵਾਹਨ ਦੇ ਕਾਗਜ਼ਾਤ ਦਿਖਾਉਣ ਦੀ ਜਗ੍ਹਾ 'ਤੇ ਪਹਿਲਾਂ ਆਪਣਾ ਮੋਬਾਈਲ ਕੱਢ ਕੇ ਪੁਲਿਸ ਮੁਲਾਜ਼ਮਾਂ ਨੂੰ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਲਉ, ਜਨਾਬ, ਆਹ ਕਰਿਉ ਗੱਲ।
ਅਜਿਹੇ ਦ੍ਰਿਸ਼ ਦੇਖਣ ਤੋਂ ਬਾਅਦ ਅਜਿਹਾ ਮਹਿਸੂਸ ਹੁੰਦਾ ਹੈ ਕਿ ਜਿੱਥੇ ਅਜਿਹੇ ਸਮੇਂ ਵਿਚ ਪੁਲਿਸ ਵੀ ਕਈ ਵਾਰ ਮਜਬੂਰ ਦਿਖਾਈ ਦਿੰਦੀ ਹੈ।
ਗੱਲ ਕਰਵਾਉਣ ਵਾਲੇ ਸ਼ਖ਼ਸ ਦਾ ਹੌਂਸਲਾ ਦੁੱਗਣਾ ਹੋ ਜਾਂਦਾ ਹੈ, ਪਰੰਤੂ ਅਜਿਹੇ ਮੌਕੇ 'ਤੇ ਖੜ੍ਹਾ ਇਕ ਆਮ ਵਿਅਕਤੀ ਇਹੀ ਸੋਚਦਾ ਹੈ ਕਿ ਕਾਸ਼! ਮੈਂ ਵੀ ਕਿਸੇ ਨਾਲ ਗੱਲ ਕਰਵਾਉਣ ਦੇ ਯੋਗ ਹੁੰਦਾ ਤਾਂ ਚਲਾਨ ਤੋਂ ਬਚ ਜਾਂਦਾ।
-ਰਵਿੰਦਰ ਸਿੰਘ 'ਰੇਸ਼ਮ'
ਨੱਥੂਮਾਜਰਾ (ਮਾਲੇਰਕੋਟਲਾ)
ਔਰਤਾਂ ਦੀ ਸੁਰੱਖਿਆ ਜ਼ਰੂਰੀ
ਆਧੁਨਿਕ ਸਮਾਜ ਵਿਚ ਔਰਤਾਂ ਦੀ ਸਥਿਤੀ ਵਿਚ ਭਾਵੇਂ ਕਾਫੀ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲਿਆ ਹੈ, ਪਰ ਕਈ ਅਜਿਹੇ ਮੁੱਦੇ ਹਨ ਜੋ ਔਰਤਾਂ ਦੇ ਅਧਿਕਾਰ ਅਤੇ ਸਮਾਨਤਾ ਦੀ ਪਛਾਣ ਵਿਚ ਰੁਕਾਵਟ ਪੈਦਾ ਕਰ ਰਹੇ ਹਨ। ਅਜੋਕੇ ਸਮੇਂ ਵਿਚ ਔਰਤਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਪ੍ਰਾਪਤੀ ਵਿਚ ਭਾਵੇਂ ਬਹੁਤੀ ਰੁਕਾਵਟ ਪੇਸ਼ ਨਹੀਂ ਆ ਰਹੀ, ਪਰ ਔਰਤਾਂ ਦੀ ਸੁਰੱਖਿਆ ਸਭ ਤੋਂ ਵੱਡਾ ਸਵਾਲ ਬਣ ਰਹੀ ਹੈ।
ਸਮਾਜ ਵਿਚ ਜਬਰ ਜਨਾਹ, ਘਰੇਲੂ ਹਿੰਸਾ, ਜਿਨਸੀ ਸ਼ੋਸ਼ਣ ਵਰਗੀਆਂ ਸਮੱਸਿਆਵਾਂ ਔਰਤਾਂ ਨੂੰ ਦਿਨੋ-ਦਿਨ ਅਸੁਰੱਖਿਅਤ ਬਣਾ ਰਹੀਆਂ ਹਨ। ਇਸ ਲਈ ਸਰਕਾਰਾਂ ਦੁਆਰਾ ਬਣਾਈਆਂ ਗਈਆਂ ਸੁਰੱਖਿਆ ਪ੍ਰਣਾਲੀਆਂ ਅਤੇ ਕਾਨੂੰਨਾਂ ਵਿਚ ਸੁਧਾਰ ਲਿਆਉਣ ਦੀ ਜ਼ਰੂਰਤ ਹੈ ਤਾਂ ਕਿ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
-ਜਸਦੀਪ ਕੌਰ
ਅੜੈਚਾ।