ਅੱਤਵਾਦੀਆਂ ਵਲੋਂ ਮਾਰੇ ਗਏ ਨੇਵੀ ਦੇ ਲੈਫਟੀਨੈਂਟ ਵਿਨੇ ਨਰਵਾਲ ਦਾ ਹੋਇਆ ਅੰਤਿਮ ਸੰਸਕਾਰ

ਕਰਨਾਲ, 23 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਬੀਤੇ ਕੱਲ੍ਹ ਕਸ਼ਮੀਰ ਦੇ ਪਹਿਲਗਾਮ ਵਿਖੇ ਅੱਤਵਾਦੀਆਂ ਵਲੋਂ ਗੋਲੀਆਂ ਚਲਾ ਕੇ ਮਾਰ ਦਿੱਤੇ ਗਏ ਕਰਨਾਲ ਨਿਵਾਸੀ ਨੇਵੀ ਦੇ ਲੈਫਟੀਨੈਂਟ ਵਿਨੇ ਨਰਵਾਲ ਦਾ ਅੱਜ ਇਥੇ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਲੋਕਾਂ ਨੇ ਨਾਅਰੇ ਲਗਾ ਕੇ ਆਪਣੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਹਰਿਆਣਾ ਪੁਲਿਸ ਅਤੇ ਨੇਵੀ ਦੀਆਂ ਟੀਮਾਂ ਨੇ ਸਲਾਮੀ ਦਿੱਤੀ। ਲੈਫਟੀਨੈਂਟ ਨਰਵਾਲ ਦੀ ਮ੍ਰਿਤਕ ਦੇਹ ਨੂੰ ਦਿੱਲੀ ਤੋਂ ਨੇਵੀ ਦੀ ਐਂਬੂਲੈਂਸ ਵਿਚ ਉਨ੍ਹਾਂ ਦੇ ਸੈਕਟਰ 7 ਸਥਿਤ ਘਰ ਲਿਆਂਦਾ ਗਿਆ। ਇਸ ਐਂਬੂਲੈਂਸ ਵਿਚ ਉਨ੍ਹਾਂ ਦੀ ਪਤਨੀ ਸਮੇਤ ਹੋਰ ਪਰਿਵਾਰਕ ਮੈਂਬਰ ਸ਼ਾਮਿਲ ਸਨ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਾਮਿਲ ਹੋਏ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਕਸ਼ਮੀਰ ਦੇ ਪਹਿਲਗਾਮ ਵਿਖੇ ਕੀਤੀ ਗਈ ਗੋਲੀਬਾਰੀ ਦੌਰਾਨ ਹਰਿਆਣਾ ਦੇ ਇਤਿਹਾਸਕ ਸ਼ਹਿਰ ਕਰਨਾਲ ਨਿਵਾਸੀ ਨੇਵੀ ਦੇ ਲੈਫਟੀਨੈਂਟ ਵਿਨੇ ਨਰਵਾਲ ਦੀ ਹੋਈ ਮੌਤ ਦੀ ਖਬਰ ਸ਼ਹਿਰ ਵਿਚ ਪਹੁੰਚਣ ਨਾਲ ਸ਼ੋਕ ਦੀ ਲਹਿਰ ਫੈਲ ਗਈ। ਸੈਕਟਰ 7 ਦੇ ਰਹਿਣ ਵਾਲੇ ਨਰਵਾਲ ਦੇ ਘਰ ਲੋਕਾਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ ਸੀ।