JALANDHAR WEATHER

ਚੀਫ਼ ਖ਼ਾਲਸਾ ਦੀਵਾਨ ਵਲੋਂ ਸਾਲ 2025-26 ਲਈ 181 ਕਰੋੜ 05 ਲੱਖ ਰੁਪਏ ਦਾ ਅਨੁਮਾਨਤ ਬਜਟ ਪਾਸ

ਅੰਮ੍ਰਿਤਸਰ, 30 ਮਾਰਚ (ਜਸਵੰਤ ਸਿੰਘ ਜੱਸ)-ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਦੀਵਾਨ ਅਧੀਨ ਆਉਂਦੇ ਸਮੂਹ ਸਕੂਲਾਂ, ਕਾਲਜਾਂ, ਅਦਾਰਿਆਂ ਦਾ ਸਾਲ 2025-26 ਦਾ ਬਜਟ ਪੇਸ਼ ਕਰਨ ਅਤੇ ਹੋਰ ਏਜੰਡੇ ਵਿਚਾਰਨ ਅਤੇ ਪ੍ਰਵਾਨ ਕਰਵਾਉਣ ਸੰਬੰਧੀ ਜਨਰਲ ਹਾਊਸ ਦਾ ਇਜਲਾਸ ਆਯੋਜਿਤ ਕੀਤਾ ਗਿਆ ,ਜਿਸ ਦੀ ਪ੍ਰਧਾਨਗੀ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਨੇ ਕੀਤੀ। ਮੀਟਿੰਗ ਦੌਰਾਨ ਪ੍ਰਧਾਨ ਡਾ. ਨਿੱਜਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਬਜਟ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਾਰ ਦੀਵਾਨ ਦਾ ਸਾਲ 2025-26 ਲਈ ਅਨੁਮਾਨਤ ਬਜਟ 181 ਕਰੋੜ 05 ਲੱਖ ਰੁਪਏ ਰੱਖਿਆ ਗਿਆ ਹੈ। ਉਨ੍ਹਾਂ ਨੇ ਬਜਟ ਦੇ ਤੱਥਾਂ ਤੇ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਪਿਛਲੇ ਵਿੱਤੀ ਸਾਲ ਨਾਲੋਂ ਇਸ ਸਾਲ ਚੀਫ਼ ਖ਼ਾਲਸਾ ਦੀਵਾਨ ਦੀ ਕੁੱਲ ਆਮਦਨ ਵਿਚ 18 ਪ੍ਰਤੀਸ਼ਤ ਵਾਧੇ ਦਾ ਅਨੁਮਾਨ ਹੈ ਜਦ ਕਿ ਖ਼ਰਚਿਆਂ ਦੇ ਹਿਸਾਬ ਨਾਲ ਇਸ ਸਾਲ ਪਿਛਲੇ ਸਾਲ ਨਾਲੋ 24 ਪ੍ਰਤੀਸ਼ਤ ਤੱਕ ਦਾ ਵਾਧਾ ਹੈ। ਉਨ੍ਹਾਂ ਕਿਹਾ ਕਿ ਖਰਚ ਵਿਚ ਆਇਆ ਇਹ ਵਾਧਾ ਬਹੁਤ ਹੀ ਸਾਰਥਕ ਅਤੇ ਹਾਂ ਪੱਖੀ ਸੰਕੇਤ ਹੈ ਜੋ ਕਿ ਉੱਨਤੀ ਦੀਆਂ ਨਵੀਆਂ ਪੁਲਾਂਘਾ ਤੈਅ ਕਰਨ ਦਾ ਸੂਚਕ ਹੈ। ਚੀਫ਼ ਖ਼ਾਲਸਾ ਦੀਵਾਨ ਦੀ ਫਾਇਨਾਂਸ ਕਮੇਟੀ ਦੇ ਮੈਂਬਰ ਅਜੀਤਪਾਲ ਸਿੰਘ ਅਨੇਜਾ (ਸਾਬਕਾ ਚੇਅਰਮੈਨ ਅੰਮ੍ਰਿਤਸਰ ਸੀ.ਏ.ਬ੍ਰਾਂਚ) ਨੇ ਬਜਟ ਦੀ ਵਿਸਥਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਦੇ ਬਜਟ 2025-2026 ਵਿਚ ਨਵੀਆਂ ਜ਼ਮੀਨਾਂ ਖ਼ਰੀਦਣ ਅਤੇ ਉਸਾਰੀ ਲਈ ਰੱਖੀ ਰਕਮ ਤਹਿਤ ਦੀਵਾਨ ਅਧੀਨ ਚੱਲ ਰਹੇ ਅਟਾਰੀ ਸਕੂਲ ਦੀ ਨਵੀਂ ਜ਼ਮੀਨ ਉਪਰ ਉਸਾਰੀ ਕਰਨ ਲਈ 6 ਕਰੋੜ 50 ਲੱਖ, ਬਟਾਲਾ ਵਿਖੇ ਸਕੂਲ ਲਈ ਖ਼ਰੀਦੀ ਜ਼ਮੀਨ 'ਤੇ ਉਸਾਰੀ ਕਰਨ ਲਈ 5 ਕਰੋੜ, ਬਲਾਚੌਰ ਵਿਖੇ ਸੰਤ ਬਾਬਾ ਦਲਜੀਤ ਸਿੰਘ ਸਿ਼ਕਾਗੋਂ ਵਾਵਾਲਿਆਂ ਨੇ ਦਾਨ ਕੀਤੀ ਜ਼ਮੀਨ 'ਤੇ ਉਸਾਰੀ ਕਰਨ ਲਈ 1 ਕਰੋੜ 50 ਲੱਖ ਰੁਪਏ, ਸੁਰ ਸਿੰਘ (ਤਰਨ ਤਾਰਨ) ਵਿਖੇ ਨਵੀਂ ਜ਼ਮੀਨ ਖ਼ਰੀਦਣ ਹਿੱਤ 1 ਕਰੋੜ 50 ਲੱਖ ਰੁਪਏ, ਆਂਸਲ ਉਤਾਰ (ਤਰਨ ਤਾਰਨ) ਵਿਚ ਨਵੀਂ ਜ਼ਮੀਨ ਖ਼ਰੀਦ ਲਈ 1 ਕਰੋੜ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਇਸ ਦੇ ਨਾਲ ਹੀ ਸੀ.ਕੀ.ਡੀ ਸਕੂਲਾਂ ਦੇ ਵਿਕਾਸ-ਸਥਾਰ ਹਿੱਤ ਉਸਾਰੀ ਸੰਬੰਧੀ 18 ਕਰੋੜ ਵੀ ਰੱਖੇ ਗਏ ਹਨ। ਉਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਧਰਮ ਪ੍ਰਚਾਰ ਲਈ ਵਿਸ਼ੇਸ਼ ਤੌਰ 'ਤੇ 99 ਲੱਖ ਰੁਪਏ ਅਤੇ ਆਦਰਸ਼ ਸਕੂਲਾਂ ਲਈ 1 ਕਰੋੜ 15 ਲੱਖ ਰੁਪਏ ਖ਼ਰਚ ਕੀਤੇ ਜਾਣ ਦੀ ਯੋਜਨਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ