ਮਜੀਠੀਆ ਖਿਲਾਫ਼ ਕੀਤੀ ਜਾ ਰਹੀ ਹੈ ਬਦਲਾਖੋਰੀ ਵਾਲੀ ਸਿਆਸਤ- ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 1 ਅਪ੍ਰੈਲ- ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲੈਣ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਕਾਲੀ ਦਲ ਲੀਡਰਸ਼ਿਪ ਵਿਰੁੱਧ ਖ਼ਤਰਨਾਕ ਅਤੇ ਘਾਤਕ ਮਨਸੂਬਿਆਂ ਦੀ ਪੁਸ਼ਟੀ ਹੁੰਦੀ ਹੈ। ਇਸ ਫੈਸਲੇ ਨੂੰ ‘ਆਪ’ ਸਰਕਾਰ ਵਲੋਂ ਬਿਕਰਮ ਸਿੰਘ ਮਜੀਠੀਆ ਵਿਰੁੱਧ ਸ਼ੁਰੂ ਕੀਤੀ ਗਈ ਵੱਡੀ ਕਾਰਵਾਈ ਦੇ ਤੌਰ ’ਤੇ ਦੇਖਿਆ ਜਾਣਾ ਚਾਹੀਦਾ ਹੈ। ਉਹ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿਚ ਝੂਠਾ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਭਾਵੇਂ ਉਨ੍ਹਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਸ਼ਿਆਂ ਦੇ ਮੁੱਦੇ ’ਤੇ ਆਪਣੇ ਝੂਠੇ ਦੋਸ਼ਾਂ ਲਈ ਅਕਾਲੀ ਆਗੂ ਤੋਂ ਲਿਖਤੀ ਮੁਆਫ਼ੀ ਮੰਗੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਬੀਰ ਸਿੰਘ ਬਾਦਲ ਵਲੋਂ ਇਕ ਟਵੀਟ ਰਾਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਸੁਰੱਖਿਆ ਵਾਪਸ ਲੈਣ ਨੂੰ ਮੇਰੀ ਜਾਨ ਲੈਣ ਦੀ ਅਸਫਲ ਕੋਸ਼ਿਸ਼ ਵਿੱਚ ਸਰਕਾਰ ਦੀ ਸ਼ਮੂਲੀਅਤ ਨਾਲ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸਪੱਸ਼ਟ ਤੌਰ ’ਤੇ ਕਹਿ ਸਕਦਾ ਹਾਂ ਕਿ ਜੇਕਰ ਬਿਕਰਮ ਜਾਂ ਸਾਡੇ ਕਿਸੇ ਵੀ ਆਗੂ ਜਾਂ ਵਰਕਰ ਨੂੰ ਕੋਈ ਨੁਕਸਾਨ ਪਹੁੰਚਦਾ ਹੈ, ਤਾਂ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਹਿਯੋਗੀ ਇਸ ਲਈ ਨਿੱਜੀ ਅਤੇ ਸਿੱਧੀ ਜ਼ਿੰਮੇਵਾਰੀ ਲੈਣਗੇ।