JALANDHAR WEATHER

03-04-2025

 ਪੰਜਾਬ ਕਿਉਂ ਚੁੱਪ ਹੈ?

ਜਦੋਂ ਤਾਮਿਲਨਾਡੂ ਤੇ ਹੋਰ ਦੱਖਣੀ ਸੂਬਿਆਂ ਵਿਚ ਕੇਂਦਰ ਸਰਕਾਰ ਦੇ ਤਿੰਨ ਭਾਸ਼ਾ ਫਾਰਮੂਲੇ ਦਾ ਵਿਰੋਧ ਹੋ ਰਿਹਾ ਹੈ ਤਾਂ ਪੰਜਾਬ ਕਿਉਂ ਚੁੱਪ ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਉੱਤਰ ਭਾਰਤ ਦੇ ਸੂਬਿਆਂ ਨਾਲੋਂ ਦੱਖਣੀ ਸੂਬੇ ਆਪਣੀ ਮਾਂ ਬੋਲੀ ਪ੍ਰਤੀ ਕਿਤੇ ਵੱਧ ਸੁਹਿਰਦ ਹਨ। ਇਹ ਸੂਬੇ ਆਪਣੀ ਭਾਸ਼ਾ ਨੂੰ ਖ਼ਤਰਾ ਸਮਝਦੇ ਹੋਏ ਤਿੰਨ ਭਾਸ਼ਾਈ ਨਿਯਮ ਦਾ ਵਿਰੋਧ ਕਰ ਰਹੇ ਹਨ। ਅਸੀਂ ਪੰਜਾਬੀ ਸਾਹਮਣੇ ਵਾਲੇ ਦਾ ਹੁਲੀਆ ਦੇਖ ਕੇ ਹੀ ਅੰਗਰੇਜ਼ੀ ਜਾਂ ਹਿੰਦੀ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਪੰਜਾਬੀਆਂ ਨੂੰ ਦੱਖਣ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਕਿਸੇ ਵੀ ਭਾਸ਼ਾ ਦਾ ਸਭ ਤੋਂ ਵੱਧ ਨੁਕਸਾਨ ਹੀ ਉਦੋਂ ਹੋਇਆ, ਜਦੋਂ ਹਰੇਕ ਭਾਸ਼ਾ ਨੂੰ ਕਿਸੇ ਨਾ ਕਿਸੇ ਧਰਮ ਜਾਂ ਖਿੱਤੇ ਨਾਲ ਜੋੜ ਦਿੱਤਾ ਗਿਆ। ਉੱਤਰੀ ਭਾਰਤ ਵਿਚ ਇਹੀ ਹੋ ਰਿਹਾ ਹੈ। ਦੱਖਣੀ ਭਾਰਤ ਅਜੇ ਇਸ ਤੋਂ ਬਚਿਆ ਹੋਇਆ ਹੈ।

-ਐਡਵੋਕੇਟ ਕੰਵਲਜੀਤ ਸਿੰਘ ਕੁਟੀ
ਜ਼ਿਲਾ ਕਚਹਿਰੀਆਂ, ਬਠਿੰਡਾ।

ਪੰਜਾਬੀਆਂ ਨੂੰ ਵੀ ਹੋਵੇ ਖੁੱਲ੍ਹ

ਪੰਜਾਬ ਵਿਚ ਕੋਈ ਵੀ ਕਿਸੇ ਵੀ ਸੂਬੇ ਵਿਚੋਂ ਆ ਕੇ ਬਿਨਾਂ ਕਿਸੇ ਰੋਕ-ਟੋਕ ਦੇ ਜ਼ਮੀਨ ਖਰੀਦ ਸਕਦਾ ਹੈ, ਪਰੰਤੂ ਪੰਜਾਬ ਦੇ ਲੋਕ ਦੇਸ਼ ਦੇ ਕਈ ਸੂਬਿਆਂ ਵਿਚ ਆਪਣੀ ਇੱਛਾ ਮੁਤਾਬਕ ਜ਼ਮੀਨ ਨਹੀਂ ਖਰੀਦ ਸਕਦੇ, ਕਿਉਂਕਿ ਉਖਤ ਸੂਬਾ ਸਰਕਾਰਾਂ ਵਲੋਂ ਆਪਣੇ ਸੂਬਿਆਂ ਵਿਚ ਹੋਰ ਸੂਬਿਆਂ ਦੇ ਲੋਕਾਂ 'ਤੇ ਜ਼ਮੀਨ ਖਰੀਦਣ 'ਤੇ ਰੋਕ ਲਗਾਈ ਹੋਈ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਵੱਡੇ ਪੱਧਰ 'ਤੇ ਸਰਕਾਰ ਵਲੋਂ ਵੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ, ਜਿਸ ਕਰਕੇ ਪੰਜਾਬ ਦੇ ਲੋਕ ਦਿਨ-ਬ-ਦਿਨ ਬੇਜ਼ਮੀਨੇ ਹੋ ਰਹੇ ਹਨ। ਪੰਜਾਬ ਵਿਚ ਤਾਂ ਜ਼ਮੀਨ ਐਕਵਾਇਰ ਹੋ ਰਹੀ ਹੈ ਪਰ ਦੂਜੇ ਕਈ ਸੂਬਿਆਂ ਵਿਚ ਖੇਤੀਯੋਗ ਜ਼ਮੀਨ ਖਰੀਦਣ 'ਤੇ ਪਾਬੰਦੀ ਲੱਗੀ ਹੋਈ ਹੈ। ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਦੇ ਲੋਕਾਂ ਨੂੰ ਵੀ ਦੇਸ਼ ਦੇ ਕਿਸੇ ਵੀ ਸੂਬੇ ਵਿਚ ਜ਼ਮੀਨ ਖਰੀਦਣ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ, ਜਿਨ੍ਹਾਂ ਦੀ ਇੱਥੇ (ਪੰਜਾਬ) ਵਿਚ ਜ਼ਮੀਨ ਸਰਕਾਰ ਵਲੋਂ ਐਕਵਾਇਰ ਕੀਤੀ ਜਾਂਦੀ ਹੈ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ. ਕੂਟਗੁਰੂ (ਬਠਿੰਡਾ)

ਰਾਜ਼ ਨੂੰ ਰਾਜ਼ ਰੱਖੋ

ਜਦੋਂ ਤੱਕ ਬੰਦਾ ਆਪਣੇ ਦਾਇਰੇ ਵਿਚ ਰਹਿੰਦਾ ਹੈ, ਆਪਣੇ ਦਿਲ ਦੀ ਗੱਲ ਆਪਣੇ ਕੋਲ ਛੁਪਾ ਕੇ ਰੱਖਦਾ ਹੈ ਉਦੋਂ ਤੱਕ ਉਹ ਮਹਿਫੂਜ਼ ਰਹਿੰਦਾ ਹੈ। ਜਿਉਂ ਹੀ ਉਸ ਨੇ ਆਪਣੀ ਕੋਈ ਗੱਲ, ਆਪਣਾ ਭੇਤ ਕਿਸੇ ਹੋਰ ਵਿਅਕਤੀ ਨਾਲ ਸਾਂਝਾ ਕੀਤਾ ਜਿਸ ਦੇ ਢਿੱਡ ਵਿਚ ਗੱਲ ਪਚਾਉਣ ਦਾ ਖਾਨਾ ਹੀ ਨਹੀਂ ਤਾਂ ਸਮਝੋ ਮੁਸੀਬਤ ਜਾਂ ਮੁਸ਼ਕਿਲ ਦਾ ਦੌਰ ਸ਼ੁਰੂ ਹੋ ਗਿਆ। ਫਿਰ ਆਪਾਂ ਲੱਖ ਕਿਸੇ ਨੂੰ ਸਫਾਈਆਂ ਦਿੰਦੇ ਰਹੀਏ ਕਿ ਇਹ ਇੱਦਾਂ ਨਹੀਂ, ਇੱਦਾਂ ਸੀ। ਬਸ ਗੱਲ ਨਿਕਲ ਚੁੱਕੀ ਹੁੰਦੀ ਹੈ ਤੇ ਤੁਹਾਡੇ ਲੱਖ ਕੋਸ਼ਿਸ਼ ਕਰਨ 'ਤੇ ਵੀ ਉਸ ਨੂੰ ਠੱਲ੍ਹਿਆ ਨਹੀਂ ਜਾ ਸਕਦਾ। ਇਸ ਲਈ ਤਾਂ ਸਿਆਣੇ ਕਹਿੰਦੇ ਹਨ ਕਿ ਆਪਣਾ ਰਾਜ਼ ਰਾਜ਼ ਰੱਖੋ। ਕਿਸੇ ਦੀਆਂ ਗੱਲਾਂ 'ਚ ਆ ਕੇ ਐਵੇਂ ਨਾ ਆਪਣਾ ਤਮਾਸ਼ਾ ਬਣਾ ਬੈਠਿਓ। ਜਿੰਨਾ ਚਿਰ ਤੁਹਾਡੀ ਗੱਲ ਤੁਹਾਡੇ ਕੋਲ ਹੈ ਮਹਿਫੂਜ਼ ਹੈ। ਜੇਕਰ ਇਸ ਨੂੰ ਬਾਹਰਲੀ ਹਵਾ ਲਵਾਉਣ ਦੀ ਕੋਸ਼ਿਸ਼ ਕੀਤੀ ਤਾਂ ਦੂਜਿਆਂ ਨੇ ਕਿਣਕਾ-ਕਿਣਕਾ ਕਰਕੇ ਅਜਿਹਾ ਬਿਖੇਰਨਾ ਹੈ ਜਿਸ ਨੂੰ ਇਕੱਠਾ ਕਰਨਾ ਤੇ ਮੁੜ ਉਸੇ ਮੌਜ ਵਿਚ ਪਰਤਣਾ ਔਖਾ ਹੋ ਜਾਵੇਗਾ।

-ਲਾਭ ਸਿੰਘ ਸ਼ੇਰਗਿੱਲ ਸੰਗਰੂਰ

ਸਫ਼ਲਤਾ

ਡਾ. ਗੁਰਤੇਜ ਸਿੰਘ ਦਾ ਲਿਖਿਆ ਆਰਟੀਕਲ 'ਸਫ਼ਲਤਾ' ਪੜ੍ਹਿਆ। ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਵਾਸਤੇ ਸਾਨੂੰ ਜ਼ਿੰਦਗੀ ਵਿਚ ਕੁਝ ਤਿਆਗ ਕਰਨਾ ਪਵੇਗਾ। ਬੇਲੋੜੀਆਂ ਇੱਛਾਵਾਂ ਜਿਹੜੀਆਂ ਸਾਡਾ ਰਸਤਾ ਰੋਕ ਲੈਂਦੀਆਂ ਹਨ, ਜੀਵਨ ਵਿਚ ਸਾਨੂੰ ਸਿਰਫ ਉਸ ਵਿਸ਼ੇ 'ਤੇ ਧਿਆਨ ਦੇਣਾ ਹੋਵੇਗਾ, ਜਿਸ ਵਿਸ਼ੇ ਨੂੰ ਲੈ ਕੇ ਅਸੀਂ ਮਿਹਨਤ ਕਰ ਰਹੇ ਹਾਂ। ਪ੍ਰਾਪਤੀ ਕਰਨ ਵਾਸਤੇ ਸਾਨੂੰ ਟੀਚਾ ਸਿੱਖ ਲੈਣਾ ਚਾਹੀਦਾ ਹੈ। ਸਾਨੂੰ ਟੀਚੇ ਨੂੰ ਧਿਆਨ ਵਿਚ ਰੱਖ ਕੇ ਸਿਰ ਤੋੜ ਮਿਹਨਤ ਕਰਨੀ ਚਾਹੀਦੀ ਹੈ। ਸਾਡੇ ਕੋਲ ਭਾਵੇਂ ਸੀਮਤ ਸਾਧਨ ਹੋਣ, ਪਰ ਮਿਹਨਤ ਨਾਲ ਅਸੀਂ ਜੀਵਨ ਵਿਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਸਾਨੂੰ ਹੋਰ ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ। ਜਿਨ੍ਹਾਂ ਨੂੰ ਪੜ੍ਹ ਕੇ ਗਿਆਨ ਵਿਚ ਵਾਧਾ ਕਰ ਸਕਦੇ ਹਾਂ। ਜੀਵਨ ਵਿਚ ਉਨ੍ਹਾਂ ਬਾਰੇ ਪੜ੍ਹੋ, ਜਿਨ੍ਹਾਂ ਨੇ ਮਿਹਨਤ ਨਾਲ ਸਫਲਤਾ ਪ੍ਰਾਪਤ ਕੀਤੀ ਹੈ। ਵਿਚਾਰ ਸਾਂਝੇ ਕਰਨ ਨਾਲ ਸਾਨੂੰ ਸਫਲਤਾ ਲਈ ਨਵੇਂ ਨੁਕਤਿਆਂ ਦਾ ਗਿਆਨ ਮਿਲੇਗਾ। ਜੀਵਨ ਵਿਚ ਸਫਲਤਾ ਲਈ ਸਮੇਂ ਨੂੰ ਧਿਆਨ ਵਿਚ ਰੱਖ ਕੇ ਚੱਲੋ, ਜੋ ਵਕਤ ਹੱਥ ਵਿਚ ਤੇ ਅਜਾਈ ਨਾ ਜਾਵੇ, ਸਮਾਂ ਲੰਘ ਜਾਣ 'ਤੇ ਵਕਤ ਦੀ ਪਹਿਚਾਣ 'ਤੇ ਕੀਮਤ ਦਾ ਪਤਾ ਚੱਲਦਾ ਹੈ। ਜਦੋਂ ਮੈਂ 10ਵੀਂ ਪਾਸ ਕੀਤੀ ਸੀ ਫ਼ੌਜ ਵਿਚ ਭਰਤੀ ਹੋਣਾ ਬਹੁਤ ਸੌਖਾ ਸੀ, ਪਰ ਮੈਂ ਅੰਗੂਠਾ ਕੱਟ ਜਾਣ ਕਰਕੇ ਫ਼ੌਜ ਵਿਚ ਭਰਤੀ ਨਾ ਹੋ ਸਕਿਆ। ਸਫਲਤਾ ਪ੍ਰਾਪਤ ਕਰਨ ਲਈ ਨਿਸ਼ਾਨਾ ਮਿੱਥ ਲਵੋ, ਮਨ ਵਿਚ ਸਿਰੜ ਧਾਰ ਲਵੋ, ਮੰਜ਼ਿਲ ਦੂਰ ਨਹੀਂ ਹੋਵੇਗੀ। ਤੁਸੀਂ ਹਰ ਹਾਲਤ ਵਿਚ ਮੰਜ਼ਿਲ ਪਾ ਲਵੋਗੇ। ਦ੍ਰਿੜ੍ਹਤਾ, ਸਿਰੜ, ਲਗਨ ਤੇ ਮਿਹਨਤ ਸਫਲਤਾ ਦੇ ਤੱਤ ਹਨ।

-ਰਾਮ ਸਿੰਘ ਪਾਠਕ

ਆਪਣੀ ਤਾਕਤ ਨੂੰ ਪਛਾਣੋ

ਆਤਮ ਵਿਸ਼ਵਾਸ ਇਕ ਅਜਿਹੀ ਤਾਕਤ ਹੈ, ਜਿਸ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ। ਵੱਡੀ ਤੋਂ ਵੱਡੀ ਮੁਸ਼ਕਿਲ ਨੂੰ ਪਾਰ ਕਰ ਸਕਦੇ ਹੋ, ਆਪਣੀ ਸੋਚ ਨੂੰ ਹਮੇਸ਼ਾ ਸਕਾਰਾਤਮਕ ਰੱਖੋ ਅਤੇ ਆਪਣੇ 'ਤੇ ਹਮੇਸ਼ਾ ਯਕੀਨ ਰੱਖੋ। ਆਤਮ ਵਿਸ਼ਵਾਸ ਇਕ ਅਜਿਹੀ ਤਾਕਤ ਹੈ, ਜੋ ਸਾਨੂੰ ਹਰ ਰੁਕਾਵਟ ਅਤੇ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਕਰਦੀ ਹੈ। ਆਪਣੇ-ਆਪ 'ਤੇ ਵਿਸ਼ਵਾਸ ਕਰਨ ਨਾਲ ਤੁਸੀਂ ਅਸੰਭਵ ਨੂੰ ਸੰਭਵ ਬਣਾ ਸਕਦੇ ਹੋ। ਆਪਣੀ ਕਾਬਲੀਅਤ 'ਤੇ ਭਰੋਸਾ ਰੱਖੋ। ਜੇ ਤੁਸੀਂ ਆਪਣੇ-ਆਪ 'ਤੇ ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਹਰ ਚੁਣੌਤੀ ਦਾ ਸਾਹਮਣਾ ਬਿਨਾਂ ਡਰੇ ਕਰ ਸਕਦੇ ਹੋ, ਤਾਂ ਤੁਸੀਂ ਕਦੇ ਵੀ ਹਾਰ ਨਹੀਂ ਮੰਨੋਗੇ। ਦੁਨੀਆ ਦੇ ਨਕਾਰਾਤਮਕ ਨਜ਼ਰੀਏ ਨੂੰ ਨਜ਼ਰਅੰਦਾਜ਼ ਕਰੋ। ਆਪਣੇ ਮਨ ਵਿਚ ਇਹ ਯਕੀਨ ਰੱਖੋ ਕਿ ਤੁਸੀਂ ਜੋ ਕੁਝ ਵੀ ਕਰਨਾ ਚਾਹੁੰਦੇ ਹੋ, ਉਹ ਕਰ ਸਕਦੇ ਹੋ। ਮੁਸ਼ਕਿਲਾਂ ਤੁਹਾਨੂੰ ਮਜ਼ਬੂਤ ਬਣਾਉਂਦੀਆਂ ਹਨ, ਜ਼ਿੰਦਗੀ ਵਿਚ ਹਰ ਰੁਕਾਵਟ ਅਤੇ ਮੁਸ਼ਕਿਲ ਸਾਨੂੰ ਕੁਝ ਨਾ ਕੁਝ ਸਿਖਾ ਕੇ ਜਾਂਦੀ ਹੈ।

-ਅਮਰਜੋਤ ਸਿੰਘ ਮਟੌਰ।

ਸਿਹਤ ਦਾ ਖ਼ਜ਼ਾਨਾ

ਚੰਗੀ ਸਿਹਤ ਨੂੰ ਉੱਤਮ ਪ੍ਰਾਪਤੀ ਮੰਨਿਆ ਜਾਂਦਾ ਹੈ। ਜਦੋਂ ਮਨੁੱਖ ਦੀ ਸਿਹਤ ਚੰਗੀ ਨਹੀਂ ਹੁੰਦੀ ਤਾਂ ਉਸ ਨੂੰ ਵਧੀਆ ਤੇ ਸੁੰਦਰ ਚੀਜ਼ਾਂ ਵੀ ਰਸਹੀਣ ਤੇ ਤਣਾਅਪੂਰਨ ਮਹਿਸੂਸ ਹੁੰਦੀਆਂ ਹਨ। ਸਿਹਤ ਦੀ ਤੰਦਰੁਸਤੀ ਲਈ ਮਨੋਵਿਗਿਆਨੀਆਂ ਵਲੋਂ ਕੁਝ ਖ਼ਾਸ ਗੱਲਾਂ ਨੂੰ ਧਿਆਨ ਵਿਚ ਰੱਖਣ ਦੀ ਸੇਧ ਦਿੱਤੀ ਜਾਂਦੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਚੰਗੀ ਸਿਹਤ ਤੋਂ ਮਤਲਬ ਸਿਰਫ਼ ਸਰੀਰਕ ਤੌਰ 'ਤੇ ਰਿਸ਼ਟ-ਪੁਸ਼ਟ (ਸਿਹਤਮੰਦ) ਹੋਣਾ ਹੀ ਨਹੀਂ ਹੁੰਦਾ ਸਗੋਂ ਮਾਨਸਿਕ, ਸਮਾਜਿਕ ਤੇ ਭਾਵਨਾਤਮਕ ਪੱਖਾਂ ਤੋਂ ਵੀ ਤੰਦਰੁਸਤੀ ਜ਼ਰੂਰੀ ਹੁੰਦੀ ਹੈ। ਚੰਗੇ ਵਿਚਾਰ ਤੇ ਸੰਤੁਲਿਤ ਸੋਚ ਸਾਡੀ ਮਾਨਸਿਕ, ਸਮਾਜਿਕ ਤੇ ਭਾਵਨਾਤਮਕ ਸਿਹਤ ਲਈ ਜ਼ਰੂਰੀ ਹੁੰਦੇ ਹਨ। ਦਿਮਾਗ਼ ਤੇ ਮਨ ਨੂੰ ਨਿਰਪੱਖ ਫ਼ੈਸਲੇ ਲੈਣ ਵਾਲਾ ਮਾਹੌਲ ਪ੍ਰਦਾਨ ਕਰਨਾ ਜ਼ਰੂਰੀ ਹੁੰਦਾ ਹੈ। ਮਨੁੱਖ ਨੂੰ ਆਪਣੀ ਚੰਗੀ ਖ਼ੁਰਾਕ ਲੈਣ ਦਾ ਧਿਆਨ ਰੱਖਦੇ ਹੋਏ ਪਾਚਨ ਕਿਰਿਆ, ਸਾਹ ਕਿਰਿਆ, ਖ਼ੂਨ ਦੀ ਸਹੀ ਮਾਤਰਾ ਤੇ ਸਹੀ ਸੰਚਾਰ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਸਰੀਰ ਵਿਚ ਪੈਦਾ ਹੋਣ ਵਾਲੇ ਰਸਾਂ ਦੀ ਸਹੀ ਮਾਤਰਾ ਅਤੇ ਦਿਮਾਗ਼ ਵੱਲ ਜਾਣ ਵਾਲੀਆਂ ਚੰਗੀਆਂ ਗੱਲਾਂ 'ਤੇ ਢੁੱਕਵੀਂ ਸੰਚਾਰ ਕਿਰਿਆਵਾਂ ਚੰਗੀ ਸਿਹਤ ਦਾ ਖ਼ਜ਼ਾਨਾ ਹੁੰਦੀਆਂ ਹਨ।

-ਮਨੋਵਿਗਿਆਨਿਕ ਪ੍ਰਯੋਗਸ਼ਾਲਾ
ਨੌਨੀਤਪੁਰ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ)

ਸਬਰ ਸੰਤੋਖ ਦਾ ਮਹੱਤਵ

ਮਨੁੱਖ ਵਿਚ ਸਬਰ ਅਤੇ ਸੰਤੋਖ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਦੋਵੇਂ ਗੁਣ ਜੀਵਨ ਨੂੰ ਸ਼ਾਂਤਮਈ ਅਤੇ ਸੁਖਮਈ ਬਣਾਉਂਦੇ ਹਨ। ਇਹ ਗੁਣ ਮਨੁੱਖ ਨੂੰ ਸਮੱਸਿਾਵਾਂ ਤੋਂ ਘਬਰਾਉਣ ਦੀ ਬਜਾਏ ਸਮਝਾਦਰੀ ਨਾਲ ਉਨ੍ਹਾਂ ਦਾ ਹੱਲ ਲੱਭਣ ਵਿਚ ਸਹਾਇਕ ਹੁੰਦੇ ਹਨ। ਸਬਰ ਅਤੇ ਸੰਤੋਖ ਰੱਖਣ ਵਾਲਾ ਮਨੁੱਖ ਹਮੇਸ਼ਾ ਸ਼ਾਂਤ ਅਤੇ ਖ਼ੁਸ਼ ਰਹਿੰਦਾ ਹੈ। ਜੇਕਰ ਮਨੁੱਖ ਦੇ ਅੰਦਰ ਇਹ ਦੋਵੇਂ ਗੁਣ ਹੋਣ ਤਾਂ ਉਹ ਹਮੇਸ਼ਾ ਸੁਖ-ਸ਼ਾਂਤੀ ਨਾਲ ਜੀਵਨ ਬਤੀਤ ਕਰ ਸਕਦਾ ਹੈ।

-ਰੇਖਾ ਰਾਣੀ
ਸਰਹਿੰਦ