ਮਾਂ ਬੋਲੀ ਪੰਜਾਬੀ ਦੀ ਰੱਖਿਆ ਸਮੇਂ ਦੀ ਲੋੜ - ਜਥੇਦਾਰ ਗੜਗੱਜ

ਅੰਮ੍ਰਿਤਸਰ, 1 ਅਪ੍ਰੈਲ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਾਰੀ ਬਿਆਨ ਵਿਚ ਕਿਹਾ ਕਿ ਮਾਂ ਬੋਲੀ ਜਾਗਦੀਆਂ ਕੌਮਾਂ ਦੀ ਜ਼ਿੰਦ ਜਾਨ ਹੁੰਦੀ ਹੈ, ਇਸ ਲਈ ਪੰਜਾਬੀ ਭਾਸ਼ਾ ਦੀ ਸੰਭਾਲ ਤੇ ਇਸ ਨੂੰ ਪ੍ਰਫੁੱਲਤ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਹੋਲੇ ਮਹੱਲੇ ਮੌਕੇ ਸੰਬੋਧਨ ਦੌਰਾਨ ਪੰਜਾਬੀ ਭਾਸ਼ਾ ਨੂੰ ਜਿਹੜੀਆਂ ਚੁਣੌਤੀਆਂ ਦੀ ਗੱਲ ਉਨ੍ਹਾਂ ਨੇ ਕੀਤੀ ਸੀ, ਅੱਜ ਉਹ ਸਹੀ ਸਾਬਤ ਹੋ ਰਿਹਾ ਹੈ। ਪੰਜਾਬ ਅੰਦਰ ਸਕੂਲਾਂ ਦੇ ਨਵੇਂ ਦਾਖ਼ਲੇ ਸ਼ੁਰੂ ਹੋ ਗਏ ਹਨ ਅਤੇ ਸੀ.ਬੀ.ਐੱਸ.ਈ. ਨਾਲ ਸਬੰਧਤ ਕਈ ਸਕੂਲਾਂ ਵਿਚੋਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਸਕੂਲ ਪ੍ਰਬੰਧਕਾਂ ਵਲੋਂ ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਨੂੰ ਲਾਜ਼ਮੀ ਤੇ ਪੰਜਾਬੀ ਨੂੰ ਵਿਕਲਪ ਦੇ ਰੂਪ ਵਿਚ ਰੱਖਿਆ ਗਿਆ ਹੈ, ਜੋ ਕਿ ਬਰਦਾਸ਼ਤਯੋਗ ਨਹੀਂ। ਇਹ ਸਥਿਤੀ ਪੰਜਾਬੀ ਭਾਸ਼ਾ ਪ੍ਰਤੀ ਵਧ ਰਹੇ ਅਣਗਹਿਲੇ ਰਵੱਈਏ ਨੂੰ ਦਰਸਾਉਂਦੀ ਹੈ, ਜਦਕਿ ਸਰਕਾਰ ਵਲੋਂ ਪੰਜਾਬੀ ਨੂੰ ਲਾਗੂ ਕਰਵਾਉਣ ਦੇ ਦਾਅਵੇ ਕੁਝ ਹੋਰ ਹੀ ਕਹਿੰਦੇ ਹਨ।
ਜਥੇਦਾਰ ਗੜਗੱਜ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਪੰਜਾਬ ਦੇ ਹਰ ਸਕੂਲ ਵਿਚ ਨਰਸਰੀ ਜਮਾਤ ਤੋਂ ਹੀ ਪੰਜਾਬੀ ਭਾਸ਼ਾ ਪੜ੍ਹਾਈ ਜਾਵੇ। ਪੰਜਾਬ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੂਬੇ ਦੇ ਹਰ ਸਕੂਲ ਵਿਚ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਹੋਵੇ, ਭਾਵੇਂ ਸਕੂਲ ਕਿਸੇ ਵੀ ਬੋਰਡ ਨਾਲ ਸਬੰਧਤ ਹੋਣ। ਜਥੇਦਾਰ ਗੜਗੱਜ ਨੇ ਕਿਹਾ ਕਿ ਸਿਰਫ਼ ਸਰਕਾਰ ਹੀ ਨਹੀਂ, ਮਾਪਿਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਮੁੱਢ ਤੋਂ ਹੀ ਪੰਜਾਬੀ ਪੜ੍ਹਣ ਲਈ ਉਤਸ਼ਾਹਿਤ ਕਰਨ। ਬਹੁਤ ਸਾਰੇ ਮਾਪੇ ਇਹ ਸਮਝਦੇ ਹਨ ਕਿ ਅੰਗਰੇਜ਼ੀ ਦੀ ਮੁੱਢਲੀ ਸਿੱਖਿਆ ਨਾਲ ਬੱਚਾ ਇਸ ਭਾਸ਼ਾ ਵਿਚ ਹੋਣਹਾਰ ਬਣੇਗਾ ਪਰ ਵਿਗਿਆਨਕ ਪੱਖੋਂ ਇਹ ਸਾਬਤ ਹੋ ਚੁੱਕਿਆ ਹੈ ਕਿ ਜਦੋਂ ਤੱਕ ਬੱਚੇ ਨੂੰ ਆਪਣੀ ਮਾਂ ਬੋਲੀ ਵਿਚ ਪੂਰੀ ਪਕੜ ਨਹੀਂ ਹੁੰਦੀ, ਉਹ ਕਿਸੇ ਹੋਰ ਭਾਸ਼ਾ ਵਿਚ ਵੀ ਨਿਪੁੰਨ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਬਾਕੀ ਭਾਸ਼ਾਵਾਂ ਦਾ ਗਿਆਨ ਹੋਣਾ ਚੰਗੀ ਗੱਲ ਹੈ ਪਰ ਪੰਜਾਬ ਅੰਦਰ ਬੱਚੇ ਦੀ ਸਿੱਖਿਆ ਸ਼ੁਰੂ ਹੁੰਦੇ ਹੀ ਪੰਜਾਬੀ ਪੜ੍ਹਾਉਣ ਨੂੰ ਪਹਿਲ ਹੋਣੀ ਚਾਹੀਦੀ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਸਵਾਲ ਕਰਦਿਆਂ ਕਿਹਾ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਗੁਰਮੁਖੀ ਵਿਚ ਹੈ ਅਤੇ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਨਹੀਂ ਪੜ੍ਹਾਉਂਦੇ ਤਾਂ ਉਹ ਗੁਰਬਾਣੀ ਨਾਲ ਕਿਵੇਂ ਜੁੜਣਗੇ। ਜਥੇਦਾਰ ਗੜਗੱਜ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਦੀ ਸੁਰੱਖਿਆ ਲਈ ਹਰ ਪੰਜਾਬੀ ਨੂੰ ਅੱਗੇ ਆਉਣਾ ਚਾਹੀਦਾ ਹੈ। ਪੰਜਾਬੀ ਭਾਸ਼ਾ ਦੇ ਸਾਰੇ ਕਾਰਕੁੰਨ ਇਸ ਨੂੰ ਆਪਣਾ ਸੰਕਲਪ ਬਣਾਉਣ ਅਤੇ ਆਪਣੇ ਇਲਾਕਿਆਂ ਵਿਚ ਜਾ ਕੇ ਦੇਖਣ ਕਿ ਕਿਹੜੇ ਸਕੂਲ ਨਰਸਰੀ ਤੋਂ ਪੰਜਾਬੀ ਨਹੀਂ ਪੜ੍ਹਾ ਰਹੇ। ਅਜਿਹੇ ਸਕੂਲਾਂ ਦੀ ਸੂਚੀ ਤਿਆਰ ਕਰਕੇ, ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਰੱਖਿਆ ਜਾਵੇ ਤਾਂ ਜੋ ਅੱਗੇ ਦੀ ਕਾਰਵਾਈ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਹੋਂਦ ’ਤੇ ਹੋ ਰਹੇ ਹਮਲਿਆਂ ਖਿਲਾਫ਼, ਹਰ ਪੰਜਾਬੀ ਧੀ-ਪੁੱਤਰ ਨੂੰ ਡਟ ਕੇ ਖੜ੍ਹਨ ਦੀ ਲੋੜ ਹੈ।