ਬਠਿੰਡਾ-ਕਟੜਾ ਐਕਸਪ੍ਰੈਸ ਵੇ ਲਈ ਐਕਵਾਇਰ ਜ਼ਮੀਨ ਦਾ ਕਬਜ਼ਾ ਲੈਣ ਪਹੁੰਚਿਆ ਪ੍ਰਸ਼ਾਸ਼ਨ


ਮਾਨਾਂਵਾਲਾ, (ਅੰਮ੍ਰਿਤਸਰ), 1 ਅਪ੍ਰੈਲ (ਗੁਰਦੀਪ ਸਿੰਘ ਨਾਗੀ)- ਬਠਿੰਡਾ-ਕਟੜਾ ਐਕਸਪ੍ਰੈਸ ਵੇਅ ਦਾ ਮਾਨਾਂਵਾਲਾ ਵਿਖੇ ਕੰਮ ਲੰਬੇ ਸਮੇਂ ਤੋਂ ਰੁੱਕਿਆ ਹੋਣ ਕਰਕੇ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪੁਲਿਸ ਫੋਰਸ ਦੀ ਮਦਦ ਨਾਲ ਮਾਨਾਂਵਾਲਾ ਵਿਖੇ ਪਹੁੰਚ ਕੇ ਕਬਜ਼ਾ ਲੈਣ ਦੀ ਕਾਰਵਾਈ ਆਰੰਭੀ ਗਈ, ਜਦੋਂ ਕਿ ਇਥੇ ਲੰਬੇ ਸਮੇਂ ਤੋਂ ਧਰਨੇ ’ਤੇ ਬੈਠੇ ਕਿਸਾਨਾਂ ਨੇ ਕਥਿਤ ਦੋਸ਼ ਲਾਇਆ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਐਕਵਾਇਰ ਹੋਈ ਜ਼ਮੀਨ ਦਾ ਇਕ ਵੀ ਪੈਸਾ ਨਹੀਂ ਮਿਲਿਆ, ਜਿਸ ਕਰਕੇ ਮਾਨਾਂਵਾਲਾ ਵਿਖੇ ਪ੍ਰਸ਼ਾਸ਼ਨ ਤੇ ਕਿਸਾਨ ਆਹਮੋ ਸਾਹਮਣੇ ਆਪੋ ਆਪਣੀ ਜ਼ਿੱਦ ਭੁਗਾਉਣ ਲਈ ਬਜਿੱਦ ਹਨ। ਜ਼ਿਕਰਯੋਗ ਹੈ ਕਿ ਐਸ. ਡੀ. ਐਮ. ਗੁਰਸਿਮਰਨ ਸਿੰਘ ਢਿੱਲੋਂ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਦੀ ਮੰਗ ਹੈ ਕਿ ਪਹਿਲਾਂ ਉਨ੍ਹਾਂ ਦੇ ਖਾਤਿਆਂ ਵਿਚ ਬਣਦੀ ਰਕਮ ਪਾਈ ਜਾਵੇ। ਅੱਜ ਲੱਗਭਗ ਸਵੇਰੇ 10 ਵਜੇ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੁਲਿਸ ਮਾਨਾਂਵਾਲਾ ਵਿਖੇ ਪਹੁੰਚ ਗਈ ਸੀ ਪਰ 2 ਵਜੇ ਤੱਕ ਗੱਲ ਕਿਸੇ ਤਣ ਪਤਣ ਨਹੀਂ ਲੱਗੀ।