ਬਾਥਰੂਮ 'ਚ ਨਸ਼ਾ ਕਰ ਰਿਹਾ ਸਰਕਾਰੀ ਅਧਿਆਪਕ ਪੁਲਿਸ ਨੇ ਫੜਿਆ

ਸਮਰਾਲਾ (ਲੁਧਿਆਣਾ), 15 ਮਾਰਚ (ਗੋਪਾਲ ਸੋਫਤ)-ਸਥਾਨਕ ਪੁਲਿਸ ਨੇ ਸਰਕਾਰੀ ਸਕੂਲ ਦੇ ਅਧਿਆਪਕ ਅਤੇ ਉਸ ਦੇ 2 ਹੋਰ ਸਾਥੀਆਂ ਨੂੰ ਅਨਾਜ ਮੰਡੀ ਦੇ ਬਾਥਰੂਮਾਂ ਵਿਚ ਲੁਕ ਕੇ ਨਸ਼ਾ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਸਥਾਨਕ ਐਸ. ਐਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਵਿਚੋਂ ਇਕ ਸਰਕਾਰੀ ਅਧਿਆਪਕ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਤਲਾਹ ਮਿਲਣ ਉਤੇ ਸਹਾਇਕ ਥਾਣੇਦਾਰ ਮੁਖਤਿਆਰ ਸਿੰਘ ਦੀ ਅਗਵਾਈ 'ਚ ਪੁਲਿਸ ਨੇ ਜੈਦੀਪ ਸਿੰਘ ਜੋ ਕਿ ਸਰਕਾਰੀ ਅਧਿਆਪਕ ਹੈ, ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ। ਪੁਲਿਸ ਨੇ ਅਧਿਆਪਕ ਦੇ ਨਾਲ ਉਸ ਦੇ ਸਾਥੀ ਰਵਿੰਦਰ ਸਿੰਘ ਵਾਸੀ ਪਘਰਖਣਾ ਅਤੇ ਬਿਪਨ ਕੁਮਾਰ ਕਪਲਾ ਕਾਲੋਨੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 50 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।