561 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕਾਬੂ

ਅਟਾਰੀ (ਅੰਮ੍ਰਿਤਸਰ), 15 ਮਾਰਚ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਘਰਿੰਡਾ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ 561 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੇ ਕਿਹਾ ਕਿ ਮੁੱਖ ਅਫਸਰ ਥਾਣਾ ਘਰਿੰਡਾ ਨੂੰ ਇਤਲਾਹ ਮਿਲੀ ਸੀ ਕਿ ਗੁਰਸਾਹਿਬ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਪਿੰਡ ਰਾਜਾਤਾਲ ਅਤੇ ਜਸਵੰਤ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਹਰਦੋ ਰਤਨ ਥਾਣਾ ਘਰਿੰਡਾ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਇਹ ਦੋਵੇਂ ਪਿੰਡ ਹਰਦੋ ਰਤਨ ਸਾਈਡ ਤੋਂ ਡਿਫੈਂਸ ਡਰੇਨ ਦੇ ਨਾਲ-ਨਾਲ ਪਟੜੀ ਰਸਤੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਭਾਰੀ ਮਾਤਰਾ ਵਿਚ ਹੈਰੋਇਨ ਦੀ ਖੇਪ ਲੈ ਕੇ ਸਪਲਾਈ ਕਰਨ ਲਈ ਅਟਾਰੀ ਸਾਈਡ ਵੱਲ ਨੂੰ ਆ ਰਹੇ ਹਨ, ਜਿਸ ਉੱਪਰ ਤੁਰੰਤ ਕਾਰਵਾਈ ਕਰਦਿਆਂ ਘਰਿੰਡਾ ਪੁਲਿਸ ਨੇ ਦੋਵਾਂ ਵਿਅਕਤੀਆਂ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ। ਉਨ੍ਹਾਂ ਦੇ ਕਬਜ਼ੇ ਵਿਚੋਂ ਹੈਰੋਇਨ ਬਰਾਮਦ ਹੋਈ। ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਥਾਣਾ ਘਰਿੰਡਾ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।