ਅੰਮ੍ਰਿਤਸਰ ਦਿਹਾਤੀ ਸੀ.ਆਈ.ਏ. ਸਟਾਫ ਵਲੋਂ 2 ਨਾਜਾਇਜ਼ ਪਿਸਤੌਲਾਂ ਸਣੇ ਦੋ ਗ੍ਰਿਫਤਾਰ

ਅਟਾਰੀ, (ਅੰਮ੍ਰਿਤਸਰ) 15 ਮਾਰਚ (ਰਾਜਿੰਦਰ ਸਿੰਘ ਰੂਬੀ /ਗੁਰਦੀਪ ਸਿੰਘ ਅਟਾਰੀ)-ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ, ਅੰਮ੍ਰਿਤਸਰ ਦਿਹਾਤੀ ਵਲੋਂ ਦੋ 9 ਐਮ. ਐਮ. ਗਲੋਕ ਪਿਸਤੌਲਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਕਾਕਾ ਸਿੰਘ ਉਰਫ ਕਾਕਾ ਪੁੱਤਰ ਨਿਹਾਲ ਸਿੰਘ ਵਾਸੀ ਪਿੰਡ ਝੰਜੋਟੀ ਅਤੇ ਕਰਨਬੀਰ ਸਿੰਘ ਉਰਫ ਨੰਦੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਝੰਜੋਟੀ ਲਾਗਲੇ ਪਿੰਡਾਂ ਵਿਚ ਨਾਜਾਇਜ਼ ਹਥਿਆਰ ਸਪਲਾਈ ਕਰਨ ਦਾ ਕੰਮ ਕਰਦੇ ਹਨ ਅਤੇ ਹੁਣ ਵੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਝੰਜੋਟੀ ਤੋਂ ਖਾਸਾ ਏਰੀਆ ਵੱਲ ਜਾ ਰਹੇ ਹਨ ਜਿਨ੍ਹਾਂ ਪਾਸੋਂ ਹੁਣ ਵੀ ਨਾਜਾਇਜ਼ ਅਸਲਾ ਬਰਾਮਦ ਹੋ ਸਕਦਾ ਹੈ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਵਲੋਂ ਨਾਕਾਬੰਦੀ ਕਰਕੇ ਸ਼ੱਕੀ ਵ੍ਹੀਕਲਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ। ਨਾਕਾਬੰਦੀ ਦੌਰਾਨ ਦੋ ਨੋਜਵਾਨ ਝੰਜੋਟੀ, ਰਾਮਤੀਰਥ ਤਰਫੋਂ ਉਕਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਉਂਦੇ ਦਿਖਾਈ ਦਿੱਤੇ ਜੋ ਕਿ ਪੁਲਿਸ ਪਾਰਟੀ ਨੂੰ ਵੇਖ ਕੇ ਪਿੱਛੇ ਨੂੰ ਮੁੜਨ ਲੱਗੇ, ਨੂੰ ਪੁਲਿਸ ਪਾਰਟੀ ਵਲੋਂ ਕਾਬੂ ਕਰਨ ਉਪਰੰਤ ਪੁੱਛਗਿੱਛ ਕਰਕੇ ਉਨ੍ਹਾਂ ਦੀ ਤਲਾਸ਼ੀ ਕੀਤੀ ਗਈ ਤਾਂ ਉਨ੍ਹਾਂ ਪਾਸੋਂ ਪਿਸਤੌਲ ਸਮੇਤ ਮੈਗਜ਼ੀਨ ਬਰਾਮਦ ਹੋਏ। ਦੋਵਾਂ ਨੂੰ ਗ੍ਰਿਫਤਾਰ ਕਰਕੇ ਜੁਰਮ 25- 54-59 ਆਰਮਜ਼ ਐਕਟ ਤਹਿਤ ਥਾਣਾ ਘਰਿੰਡਾ ਵਿਖੇ ਪਰਚਾ ਦਰਜ ਕਰਵਾਇਆ ਗਿਆ। ਇਨ੍ਹਾਂ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਪੁੱਛਗਿੱਛ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਨਾਜਾਇਜ਼ ਹਥਿਆਰਾਂ ਦੇ ਇਸ ਨੈੱਟਵਰਕ ਵਿਚ ਸ਼ਾਮਿਲ ਹੋਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।