ਹੋਲੇ ਮਹੱਲੇ ਦੇ ਜੋੜ ਮੇਲੇ ਨੂੰ ਸਮਰਪਿਤ ਚਾਰ ਰੋਜ਼ਾ ਧਾਰਮਿਕ ਸਮਾਗਮ ਕਰਵਾਏ

ਛੇਹਰਟਾ, 15 ਮਾਰਚ (ਪੱਤਰ ਪ੍ਰੇਰਕ)-ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ ਵਿਖੇ ਪ੍ਰਧਾਨ ਸਵਿੰਦਰ ਸਿੰਘ ਸੰਧੂ ਦੀ ਦੇਖ-ਰੇਖ ਹੇਠ ਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 86ਵਾਂ ਸਾਲਾਨਾ ਹੋਲਾ ਮਹੱਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਦੀਵਾਨ ਹਾਲ ਵਿਖੇ ਹੋਲੇ ਮਹੱਲੇ ਸਮਾਗਮਾਂ ਸਬੰਧੀ ਜੁਗੋ-ਜੁਗ ਅਟੱਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ 12 ਤੋਂ 15 ਮਾਰਚ ਤੱਕ ਲਗਾਤਾਰ ਚਾਰ ਦਿਨ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਜੋੜ ਮੇਲੇ ਮੌਕੇ ਪ੍ਰਧਾਨ ਸਵਿੰਦਰ ਸਿੰਘ ਸੰਧੂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੋਲੇ ਮਹੱਲੇ ਦੇ ਜੋੜ ਮੇਲੇ ਨੂੰ ਸਮਰਪਿਤ ਕਰਵਾਏ ਧਾਰਮਿਕ ਸਮਾਗਮ ਤਾਂ ਹੀ ਸਫਲੇ ਹਨ ਜੇ ਅਸੀਂ ਗੁਰੂ ਸਾਹਿਬ ਜੀ ਵਲੋਂ ਦਰਸਾਏ ਮਾਰਗ ਉਤੇ ਚੱਲ ਕੇ ਜੀਵਨ ਸਫਲਾ ਕਰੀਏ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਪਰਿਵਾਰਾਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਾਉਣ ਤੇ ਬਹੁਮੁੱਲੇ ਸਿੱਖ ਇਤਹਾਸ ਤੋਂ ਜਾਣੂ ਕਰਵਾਉਣ। ਸਮਾਗਮ ਮੌਕੇ ਵੱਡੀ ਗਿਣਤੀ ਵਿਚ ਧਾਰਮਿਕ ਤੇ ਰਾਜਨੀਤਿਕ ਆਗੂ ਨਤਮਸਤਕ ਹੋਏ ਜਿਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੁੱਖ ਸੇਵਾਦਾਰ ਪ੍ਰਧਾਨ ਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ 86ਵੇਂ ਵਿਸ਼ਾਲ ਹੋਲਾ ਮਹੱਲਾ ਸਮਾਗਮਾਂ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਪੰਜ ਲੜੀਆਂ ਤਹਿਤ 255 ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਹੋਏ ਹਨ ਤੇ ਧਾਰਮਿਕ ਸਮਾਗਮਾਂ ਦੀ ਸਮਾਪਤੀ ਉਪਰੰਤ ਅੱਜ 16 ਮਾਰਚ ਨੂੰ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਵੱਖ-ਵੱਖ ਵਰਗ ਦੇ ਨੌਜਵਾਨਾਂ ਦੇ ਦਸਤਾਰਬੰਦੀ ਮੁਕਾਬਲੇ ਕਰਵਾਏ ਜਾ ਰਹੇ ਹਨ। ਜੋੜ ਮੇਲੇ ਦੌਰਾਨ ਗੁਰੂ ਦੇ ਲੰਗਰ ਅਤੁੁੱਟ ਵਰਤਾਏ ਗਏ। ਪ੍ਰਧਾਨ ਸਵਿੰਦਰ ਸਿੰਘ ਸੰਧੂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਗੁਰੂ ਦੇ ਲੜ ਲੱਗ ਕੇ ਹੀ ਜੀਵਨ ਸਫਲ ਕੀਤਾ ਜਾ ਸਕਦਾ ਹੈ। ਇਸ ਮੌਕੇ ਹਰਭਜਨ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਸਰਕਾਰੀਆ ਮੀਤ ਪ੍ਰਧਾਨ, ਕੁਲਵੰਤ ਸਿੰਘ ਸਰਕਾਰੀਆ ਜਨਰਲ ਸਕੱਤਰ, ਪਰਮਿੰਦਰ ਸਿੰਘ ਸੰਧੂ ਸਕੱਤਰ, ਦਵਿੰਦਰ ਸਿੰਘ ਸੰਧੂ ਪ੍ਰਚਾਰ ਸਕੱਤਰ, ਜਥੇ. ਮੇਜਰ ਸਿੰਘ ਸਰਕਾਰੀਆ, ਅਮਨਦੀਪ ਸਿੰਘ ਖਿਆਲੀਆ ਖਜ਼ਾਨਚੀ, ਸੁਰਜਨ ਸਿੰਘ, ਹਰਸਿਮਰਨਦੀਪ ਸਿੰਘ ਸੰਧੂ, ਦਿਲਬਾਗ ਸਿੰਘ ਸਹਿੰਸਰੀਆ, ਬੱਗਾ ਸਿੰਘ, ਮਨਜੀਤ ਸਿੰਘ ਝੰਡ, ਸੁਖਬੀਰ ਸਿੰਘ ਸੋਨੀ, ਸੁਰਜੀਤ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਪਾਲ ਸਿੰਘ ਸੰਧੂ, ਹਰਦਿਆਲ ਸਿੰਘ, ਰਘਬੀਰ ਸਿੰਘ ਸੰਧੂ (ਸਾਰੇੇ ਮੈਂਬਰ ਕਮੇਟੀ) ਕੌਂਸਲਰ ਪ੍ਰਿੰਸੀਪਲ ਪਰਮਜੀਤ ਕੌਰ, ਕੁਲਬੀਰ ਸਿੰਘ ਖਿਆਲਾ, ਜਗਤਾਰ ਸਿੰਘ ਮਾਨ, ਹਰਪਾਲ ਸਿੰਘ ਖਾਪੜਖੇੜੀ, ਪ੍ਰੇਮ ਸਿੰਘ ਵਡਾਲੀ, ਗੁਰਦੇਵ ਸਿੰਘ ਝਲਕ ਆਦਿ ਹਾਜ਼ਰ ਸਨ।