ਮੋਟਰਸਾਈਕਲ ਤੇ ਕਾਰ ਦੀ ਭਿਆਨਕ ਟੱਕਰ, 1 ਦੀ ਮੌਤ

ਰਾਮਾਂ ਮੰਡੀ, 5 ਮਾਰਚ (ਤਰਸੇਮ ਸਿੰਗਲਾ)-ਅੱਜ ਦੇਰ ਸ਼ਾਮ ਰਿਫਾਈਨਰੀ ਰੋਡ ਉਤੇ ਪਿੰਡ ਤਰਖਾਣਵਾਲਾ ਨੇੜੇ ਇਕ ਗੰਨਾ ਜੂਸ ਮਸ਼ੀਨ ਵਾਲੇ ਜੁਗਾੜੀ ਮੋਟਰਸਾਈਕਲ ਅਤੇ ਕਾਰ ਦੀ ਹੋਈ ਭਿਆਨਕ ਟੱਕਰ ਵਿਚ ਜਿਥੇ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ, ਉਥੇ ਗੰਨਾ ਜੂਸ ਵਾਲੀ ਮਸ਼ੀਨ ਅਤੇ ਮੋਟਰ ਵੀ ਟੁੱਟ ਕੇ ਦੂਰ ਜਾ ਡਿੱਗੀ। ਜ਼ਖ਼ਮੀ ਮੋਟਰਸਾਈਕਲ ਚਾਲਕ ਨੂੰ ਇਲਾਜ ਲਈ ਬਠਿੰਡਾ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਕਾਰ ਸਵਾਰ ਦਾ ਸੱਟ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਅਤੇ ਕਾਰ ਚਾਲਕ ਦੋਵੇਂ ਹੀ ਸੇਖੂ ਪਿੰਡ ਦੇ ਦੱਸੇ ਜਾ ਰਹੇ ਹਨ। ਮ੍ਰਿਤਕ ਦਾ ਨਾਮ ਬੇਅੰਤ ਸਿੰਘ ਪੁੱਤਰ ਗਾਡੀ ਸਿੰਘ ਅਤੇ ਕਾਰ ਚਾਲਕ ਦਾ ਨਾਮ ਲਖਵਿੰਦਰ ਸਿੰਘ ਫੌਜੀ ਪੁੱਤਰ ਟੀਟੂ ਸਿੰਘ ਦੱਸਿਆ ਗਿਆ ਹੈ। ਰਿਫਾਈਨਰੀ ਪੁਲਿਸ ਚੌਕੀ ਦੇ ਮੁਲਾਜ਼ਮ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।