ਅੱਜ ਉਤਰਾਖ਼ੰਡ ਦੌਰੇ ’ਤੇ ਪ੍ਰਧਾਨ ਮੰਤਰੀ ਮੋਦੀ, ਰੈਲੀ ਨੂੰ ਕਰਨਗੇ ਸੰਬੋਧਨ

ਦੇਹਰਾਦੂਨ, 6 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਤਰਾਖੰਡ ਦੇ ਦੌਰੇ ’ਤੇ ਹਨ। ਉਹ ਸਵੇਰੇ ਦਿੱਲੀ ਤੋਂ ਦੇਹਰਾਦੂਨ ਦੇ ਜੌਲੀ ਗ੍ਰਾਂਟ ਹਵਾਈ ਅੱਡੇ ’ਤੇ ਪਹੁੰਚੇ। ਇੱਥੇ ਉਨ੍ਹਾਂ ਦਾ ਸਵਾਗਤ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਕੀਤਾ। ਪ੍ਰਧਾਨ ਮੰਤਰੀ ਪਹਿਲਾਂ ਉੱਤਰਕਾਸ਼ੀ ਦੇ ਮੁਖਵਾ ਗਏ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਇਕ ਪੈਦਲ ਯਾਤਰਾ ਅਤੇ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਤੋਂ ਬਾਅਦ ਉਹ ਹਰਸ਼ਿਲ ਵਿਚ ਇਕ ਰੈਲੀ ਨੂੰ ਸੰਬੋਧਨ ਕਰਨਗੇ। ਮੁਖਵਾ ਵਿਚ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਪਿੰਡ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਉੱਤਰਾਖੰਡ ਸਰਕਾਰ ਨੇ ਇਸ ਸਾਲ ਸਰਦੀਆਂ ਲਈ ਸੈਰ-ਸਪਾਟਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਬਾਅਦ ਸੈਰ-ਸਪਾਟੇ ਨੂੰ ਹੋਰ ਹੁਲਾਰਾ ਮਿਲੇਗਾ। ਇਸ ਮੌਕੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਇਸ ਦੌਰੇ ਤੋਂ ਆਰਥਿਕਤਾ, ਹੋਮਸਟੇ ਟੂਰਿਜ਼ਮ ਅਤੇ ਸਰਹੱਦੀ ਖੇਤਰਾਂ ਦੇ ਪਿੰਡਾਂ ਦੇ ਵਿਕਾਸ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।