ਟਰਾਲੀ ’ਚ ਵੱਜਣ ਉਪਰੰਤ ਕਾਰ ਦੂਸਰੀ ਕਾਰ ਨਾਲ ਟਕਰਾਈ, ਤਿੰਨ ਦੀ ਮੌਤ

ਬਟਾਲਾ, (ਗੁਰਦਾਸਪੁਰ), 6 ਮਾਰਚ (ਹਰਦੇਵ ਸਿੰਘ ਸੰਧੂ)- ਬੀਤੀ ਦੇਰ ਰਾਤ ਬਟਾਲਾ ਨਜ਼ਦੀਕ ਪਿੰਡ ਸੇਖਵਾਂ ਲਾਗੇ ਇਕ ਟਰਾਲੀ ਨਾਲ ਟਕਰਾਉਣ ਉਪਰੰਤ ਕਾਰ ਦੂਸਰੀ ਕਾਰ ਨਾਲ ਟਕਰਾ ਗਈ। ਇਸ ਭਿਆਨਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਅਤੇ ਛੇ ਵਿਅਕਤੀ ਜ਼ਖਮੀ ਹੋ ਗਏ। ਡੀ.ਐਸ.ਪੀ. ਹਰੀ ਕ੍ਰਿਸ਼ਨ ਨੇ ਦੱਸਿਆ ਕਿ ਪਿੰਡ ਸੇਖਵਾਂ ਨੇੜੇ ਇਕ ਟਰਾਲੀ ਡੈਪ ਉੱਪਰ ਚੜ ਰਹੀ ਸੀ ਕਿ ਬਟਾਲਾ ਵਲੋਂ ਇਕ ਕਾਰ ਆਈ, ਜੋ ਟਰਾਲੀ ਨਾਲ ਟਕਰਾਉਣ ਉਪਰੰਤ ਕਾਦੀਆਂ ਵਲੋਂ ਆ ਰਹੀ ਇਕ ਹੋਰ ਕਾਰ ਨਾਲ ਜਾ ਟਕਰਾਈ, ਜਿਸ ਕਾਰਨ ਇਸ ਹਾਦਸੇ ਵਿਚ ਤਿੰਨ ਵਿਅਕਤੀ ਸੁਰਜੀਤ ਸਿੰਘ ਪਿੰਡ ਪੰਜਗਰਾਈਆਂ ਤੇ ਰਜੇਸ਼ ਵਾਸੀ ਮਿਸ਼ਰਪੁਰਾ (ਦੋਵੇਂ ਸਾਂਡੂ) ਅਤੇ ਕਰਨ ਕੁਮਾਰ ਪਿੰਡ ਗੋਤ ਦੀ ਮੌਤ ਹੋ ਗਈ ਜਦਕਿ ਛੇ ਵਿਅਕਤੀ ਸਾਵਣ ਕੁਮਾਰ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਸੁਰੇਸ਼ ਕੁਮਾਰ, ਰਮੇਸ਼ ਕੁਮਾਰ ਅਤੇ ਸਰਵਣ ਲਾਲ ਜ਼ਖਮੀ ਹੋ ਗਏ। ਇਨ੍ਹਾਂ ਜ਼ਖਮੀਆਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ ਹੈ। ਮ੍ਰਿਤਕ ਸੁਰਜੀਤ ਸਿੰਘ 17 ਸਾਲ ਬਾਅਦ ਅਮਰੀਕਾ ਤੋਂ ਪੰਜਾਬ ਆਇਆ ਸੀ ਅਤੇ ਅੱਜ ਉਸ ਨੇ ਵਾਪਸ ਅਮਰੀਕਾ ਜਾਣਾ ਸੀ।