
ਰਾਮ ਤੀਰਥ (ਅੰਮ੍ਰਿਤਸਰ), 28 ਫਰਵਰੀ (ਧਰਵਿੰਦਰ ਸਿੰਘ ਔਲਖ)-ਦੇਰ ਰਾਤ 2 ਹਥਿਆਰਬੰਦ ਲੁਟੇਰਿਆਂ ਨੇ ਹੋਪ ਹਸਪਤਾਲ, ਕੋਹਾਲੀ ਦੇ ਮੈਡੀਕਲ ਅਫ਼ਸਰ ਡਾ. ਰਜਿੰਦਰ ਕੁਮਾਰ ਨੂੰ ਪਿਸਤੌਲ ਵਿਖਾ ਕੇ ਕਰੀਬ 45 ਹਜ਼ਾਰ ਰੁਪਏ ਲੁੱਟ ਲਏ ਅਤੇ ਜਾਂਦੇ ਹੋਏ ਉਨ੍ਹਾਂ ਦੀ ਗੱਡੀ ਦੀ ਚਾਬੀ ਵੀ ਕੱਢ ਕੇ ਲੈ ਗਏ। ਇਹ ਘਟਨਾ ਰਾਮਤੀਰਥ ਰੋਡ ਉਤੇ ਖਿਆਲਾ ਅਤੇ ਕੋਹਾਲੀ ਵਿਚਕਾਰ ਖੁੱਲ੍ਹੇ ਨਵੇਂ ਪੈਟਰੋਲ ਪੰਪ ਦੇ ਸਾਹਮਣੇ ਵਾਪਰੀ। ਜਾਣਕਾਰੀ ਦਿੰਦਿਆਂ ਡਾ. ਰਜਿੰਦਰ ਕੁਮਾਰ ਪੁੱਤਰ ਰਮੇਸ਼ ਕੁਮਾਰ, ਪਿੰਡ ਮੱਤੀ, ਥਾਣਾ ਭੀਖੀ, ਜ਼ਿਲ੍ਹਾ ਮਾਨਸਾ ਨੇ ਦੱਸਿਆ ਕਿ ਉਹ ਬੀਤੀ ਰਾਤ ਅੰਮ੍ਰਿਤਸਰ ਤੋਂ ਆਪਣੇ ਹਸਪਤਾਲ ਨੂੰ ਜਾ ਰਹੇ ਸਨ ਕਿ ਰਾਮ ਤੀਰਥ ਨੇੜੇ ਇਕ ਗੱਡੀ ਨੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਜਦੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਖਿਆਲਾ ਨੇੜੇ ਖ਼ਾਲੀ ਜਗ੍ਹਾ ਉਤੇ ਉਨ੍ਹਾਂ ਨੂੰ ਰੋਕ ਕੇ ਨਕਦੀ ਖੋਹ ਲਈ। ਉਨ੍ਹਾਂ ਕਿਹਾ ਕਿ ਲੁਟੇਰੇ ਜੈੱਨ ਗੱਡੀ ਵਿਚ ਸਵਾਰ ਸਨ। ਪੁਲਿਸ ਥਾਣਾ ਲੋਪੋਕੇ ਵਿਖੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਕੇ ਸੀ.ਸੀ. ਟੀ.ਵੀ. ਕੈਮਰਿਆਂ ਦੀ ਘੋਖ ਕੀਤੀ ਜਾ ਰਹੀ ਹੈ।