ਨਗਰ ਨਿਗਮ ਨੇ ਬਾਜ਼ਾਰਾਂ 'ਚੋਂ ਨਾਜਾਇਜ਼ ਕਬਜ਼ੇ ਹਟਵਾਏ, ਸਾਮਾਨ ਕੀਤਾ ਜ਼ਬਤ


ਕਪੂਰਥਲਾ, 19 ਫਰਵਰੀ (ਅਮਨਜੋਤ ਸਿੰਘ ਵਾਲੀਆ)-ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਿਗਮ ਦੇ ਸਕੱਤਰ ਸੁਸ਼ਾਂਤ ਭਾਟੀਆ ਵਲੋਂ ਅੱਜ ਨਗਰ ਨਿਗਮ ਦੀ ਤਹਿਬਾਜ਼ਾਰੀ ਦੀ ਇਕ ਟੀਮ ਬਣਾਈ ਗਈ, ਜਿਸ ਦੀ ਅਗਵਾਈ ਸੁਪਰਡੈਂਟ ਸਤਿੰਦਰ ਮੋਹਨ ਤੇ ਇੰਸਪੈਕਟਰ ਭਜਨ ਸਿੰਘ ਵਲੋਂ ਕੀਤੀ ਗਈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਭਜਨ ਸਿੰਘ ਨੇ ਦੱਸਿਆ ਕਿ ਅੱਜ ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਨੇ ਟਰੈਫ਼ਿਕ ਪੁਲਿਸ ਤੇ ਪੀ.ਸੀ.ਆਰ. ਦੀ ਮਦਦ ਨਾਲ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਤੇ ਰੇਹੜੀ ਫੜ੍ਹੀਆਂ ਵਾਲਿਆਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਇਆ ਹੈ। ਉਨ੍ਹਾਂ ਕਿਹਾ ਕਿ ਸਦਰ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ, ਭਗਤ ਸਿੰਘ ਚੌਕ, ਲੱਕੜ ਬਾਜ਼ਾਰ, ਫੁਹਾਰਾ ਚੌਕ, ਸ਼ਿਵ ਮੰਦਿਰ ਚੌਕ, ਸਤਨਰਾਇਣ ਬਾਜ਼ਾਰ ਆਦਿ ਥਾਵਾਂ ਦਾ ਦੌਰਾ ਕਰਕੇ ਮਿੱਥੀ ਹੱਥ ਤੋਂ ਬਾਹਰ ਰੱਖਿਆ ਦੁਕਾਨਦਾਰਾਂ ਤੇ ਰੇਹੜੀ ਫੜ੍ਹੀ ਵਾਲਿਆਂ ਦਾ ਸਾਮਾਨ ਜ਼ਬਤ ਕੀਤਾ ਗਿਆ ਹੈ। ਇਸ ਦੌਰਾਨ ਇਕ ਦੁਕਾਨਦਾਰ ਦਾ ਚਲਾਨ ਵੀ ਕੱਟਿਆ ਗਿਆ। ਟਰੈਫ਼ਿਕ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਬਾਜ਼ਾਰਾਂ ਵਿਚ ਨੋ ਪਾਰਕਿੰਗ ਵਿਚ ਲੱਗੇ 5 ਵਾਹਨਾਂ ਦੇ ਚਲਾਨ ਵੀ ਕੱਟੇ ਗਏ ਹਨ। ਇਸ ਕਾਰਵਾਈ ਦੌਰਾਨ ਨਗਰ ਨਿਗਮ ਪ੍ਰਭਜੋਤ, ਕਰਨਬੀਰ ਮੌਂਟੀ, ਦੀਪਕ ਕੁਮਾਰ, ਨਵਜੋਤ, ਰਾਹੁਲ, ਜਤਿਨ, ਜਗਦੀਸ਼, ਟਰੈਫ਼ਿਕ ਪੁਲਿਸ ਦੇ ਏ.ਐਸ.ਆਈ. ਬਲਵਿੰਦਰ ਸਿੰਘ, ਏ.ਐਸ.ਆਈ. ਦਵਿੰਦਰ ਸਿੰਘ, ਪੀ.ਸੀ.ਆਰ. ਦੇ ਇੰਚਾਰਜ ਚਰਨਜੀਤ ਸਿੰਘ, ਏ.ਐਸ.ਆਈ. ਸੂਰਜ ਪ੍ਰਕਾਸ਼ ਤੇ ਕਾਂਸਟੇਬਲ ਗੁਰਜੀਤ ਸਿੰਘ ਮੌਜੂਦ ਸਨ।