20-02-2025
ਕਰਮਾਂ ਦੀ ਖੇਡ
ਆਪਣੇ ਕੀਤੇ ਕਰਮਾਂ ਤੋਂ ਬਚਿਆ ਨਹੀਂ ਜਾ ਸਕਦਾ, ਇਨ੍ਹਾਂ ਦਾ ਫਲ ਭੋਗਣਾ ਹੀ ਪੈਂਦਾ ਹੈ। ਮਨੁੱਖ ਜੋ ਬੀਜੇਗਾ, ਉਹੀ ਵੱਢੇਗਾ। ਜਦੋਂ ਕਿਸੇ ਵਿਅਕਤੀ ਨੂੰ ਮਾੜੇ ਕਰਮ ਕਰਦੇ ਹੋਏ ਵੇਖਦੇ ਹਾਂ ਜਿਸ ਕੋਲ ਧਨ-ਦੌਲਤ ਸਿਹਤ ਸਭ ਕੁਝ ਹੈ ਤਾਂ ਉਨ੍ਹਾਂ ਨੂੰ ਵੇਖਦੇ ਹੋਏ ਚੰਗੇ ਲੋਕ ਵੀ ਗ਼ਲਤ ਰਾਹ 'ਤੇ ਤੁਰਨ ਲੱਗ ਜਾਂਦੇ ਹਨ। ਕਈ ਵਾਰ ਜਦੋਂ ਅਜਿਹੇ ਵਿਅਕਤੀ ਸਾਰੀ ਉਮਰ ਦੁੱਖ ਨਹੀਂ ਵੇਖਦੇ, ਤਾਂ ਮਨੁੱਖ ਦੇ ਮਨ ਵਿਚ ਸ਼ੰਕਾ ਹੋਰ ਵੱਧ ਜਾਂਦਾ ਹੈ ਕਿ ਇਹ ਅਕਾਲ ਪੁਰਖ ਦਾ ਕਿਹੋ ਜਿਹਾ ਨਿਆਂ ਹੈ ਕਿ ਜੇ ਕੋਈ ਚੰਗਾ ਵਿਅਕਤੀ ਮਾੜਾ ਜਿਹਾ ਵੀ ਗ਼ਲਤ ਕਰਦਾ ਹੈ ਤਾਂ ਤੁਰੰਤ ਫੜਿਆ ਜਾਂਦਾ ਹੈ ਜਦਕਿ ਵੱਡੇ-ਵੱਡੇ ਘਪਲੇਬਾਜ਼ ਉਵੇਂ ਹੀ ਨਿਕਲ ਜਾਂਦੇ ਹਨ। ਇਥੇ ਦੋ ਚੀਜ਼ਾਂ ਬੁੱਧੀ ਤੋਂ ਸਮਝਣ ਵਾਲੀਆਂ ਹਨ। ਜੇਕਰ ਅਜਿਹਾ ਵਿਅਕਤੀ ਸਾਰੀ ਉਮਰ ਮਾੜੇ ਕਰਮ ਕਰ ਕੇ ਵੀ ਦੁੱਖ ਨਹੀਂ ਭੋਗਦਾ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਰਮਾਂ ਦਾ ਹਿਸਾਬ ਭਰਨ ਤੋਂ ਬੱਚ ਗਿਆ ਹੈ। ਕਰਮ ਕਦੇ ਪਿੱਛਾ ਨਹੀਂ ਛੱਡਦੇ। ਇੱਕ ਬੱਚਾ ਜੰਮਦਿਆਂ ਹੀ ਕਰੋੜਾਂ ਦਾ ਮਾਲਿਕ ਬਣ ਜਾਂਦਾ ਹੈ ਤੇ ਇੱਕ ਨੂੰ ਦੁੱਧ ਵੀ ਨਸੀਬ ਨਹੀਂ ਹੁੰਦਾ। ਕਈ ਤਾਂ ਮਾਂ ਦੀ ਕੁੱਖ ਵਿਚ ਹੀ ਦਮ ਤੋੜ ਦਿੰਦੇ ਹਨ। ਹੁਣ ਅਜਿਹੇ ਬੱਚੇ ਨੇ ਪੈਦਾ ਹੁੰਦੇ ਹੀ ਜਾਂ ਮਾਂ ਦੀ ਕੁੱਖ ਵਿਚ ਹੀ ਕੀ ਚੰਗਾ ਜਾਂ ਮਾੜਾ ਕਰ ਦਿੱਤਾ ਜੋ ਕੋਈ ਲੱਖਪਤੀ ਤੇ ਕੋਈ ਕੱਖਪਤੀ ਬਣ ਗਿਆ।
-ਗੌਰਵ ਮੁੰਜਾਲ
ਪੀ.ਸੀ.ਐਸ
ਚਾਈਨਾ ਡੋਰ ਦੀ ਪਾਬੰਦੀ 'ਤੇ ਅਮਲ ਕਿਉਂ ਨਹੀਂ?
ਮੈਂ ਜਦ ਵੀ ਆਪਣੇ ਘਰ ਦੀ ਛੱਤ 'ਤੇ ਚੜ੍ਹਦਾ ਹਾਂ ਤਾਂ ਛੱਤ 'ਤੇ ਚਾਈਨਾ ਡੋਰ ਦਾ ਜਾਲ ਵਿਛਿਆ ਹੁੰਦਾ ਹੈ। ਜੋ ਕੋਠੇ ਉੱਤੇ ਚੱਲਣ ਵਕਤ ਮੁਸ਼ਕਿਲ ਖੜ੍ਹੀ ਕਰਦਾ ਹੈ। ਮੌਤ ਦੀ ਇਹ ਡੋਰ ਸੜਕਾਂ ਤੇ ਗਲੀਆਂ 'ਚ ਤੁਰਨ ਵਕਤ ਪੈਰਾਂ 'ਚ ਅੜ ਕੇ ਰਾਹਗੀਰਾਂ ਲਈ ਦਿੱਕਤਾਂ ਹੀ ਖੜ੍ਹੀਆਂ ਨਹੀਂ ਕਰਦੀ ਬਲਕਿ ਹਰ ਰੋਜ਼ ਇਸ ਡੋਰ ਦੀ ਵਜ੍ਹਾ ਕਰਕੇ ਅਨੇਕਾਂ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਸ਼ਹਿਰ 'ਚ ਚਾਈਨਾ ਡੋਰ ਦੀ ਖੁਲ੍ਹੇ ਆਮ ਵਰਤੋਂ ਹੋ ਰਹੀ ਹੈ। ਪਰ ਪਤਾ ਨਹੀਂ ਸਰਕਾਰਾਂ ਤੇ ਲੋਕ ਕਦੋਂ ਸਮਝਣਗੇ? ਸਰਕਾਰ ਵਲੋਂ ਚਾਈਨਾ ਡੋਰ 'ਤੇ ਪਾਬੰਦੀ ਲਗਾਉਣ ਦੇ ਬਾਵਜੂਦ ਅਮਲ ਕਿਉਂ ਨਹੀਂ ਹੋ ਰਿਹਾ? ਲੱਗਦਾ ਹੈ ਪ੍ਰਸ਼ਾਸਨ ਇਸ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ? ਰੋਜ਼ਾਨਾ ਇਸ ਖ਼ਤਰਨਾਕ ਡੋਰ ਦੀ ਵਜ੍ਹਾ ਸਦਕਾ ਲੋਕ ਜ਼ਖ਼ਮੀ ਹੋ ਰਹੇ ਹਨ ਤੇ ਮੌਤਾਂ ਵੀ ਹੋ ਰਹੀਆਂ ਹਨ। ਮਾਪੇ ਵੀ ਆਪਣੇ ਬੱਚਿਆਂ ਨੂੰ ਇਸ ਡੋਰ ਦੀ ਵਰਤੋਂ ਤੋਂ ਨਹੀਂ ਵਰਜ ਰਹੇ। ਮੇਰੀ ਸਮੁੱਚੇ ਮਾਪਿਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਆਪਣੇ ਫਰਜ਼ ਨੂੰ ਸਮਝਦੇ ਹੋਏ ਆਓ ਆਪਾਂ ਰਲ ਕੇ ਪ੍ਰਾਣ ਕਰੀਏ ਤੇ ਇਸ ਡੋਰ 'ਤੇ ਰੋਕ ਲਾਉਣ ਵਾਸਤੇ ਜਿੱਥੇ ਪਰਸ਼ਾਸਨ ਦਾ ਸਾਥ ਦਈਏ ਉਥੇ ਖ਼ੁਦ ਵੀ ਅੱਗੇ ਆਈਏ।
-ਲੈਕਚਰਾਰ ਅਜੀਤ ਖੰਨਾ
ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਮਾਪੇ
ਅੱਜ ਪੰਜਾਬ ਦਾ ਕੋਈ ਹੀ ਘਰ ਇਹੋ ਜਿਹਾ ਹੋਵੇਗਾ। ਜਿਸ ਘਰ ਜਾਂ ਪਰਿਵਾਰ ਨੂੰ ਨਸ਼ੇ ਦਾ ਗ੍ਰਹਿਣ ਨਾ ਲੱਗਾ ਹੋਵੇ। ਘਰਾਂ ਦੇ ਘਰ ਨਸ਼ਿਆਂ ਦੇ ਗ੍ਰਹਿਣ ਨੇ ਤਬਾਹ ਕਰ ਦਿੱਤੇ ਹਨ। ਕਈ ਗੱਭਰੂ ਮੁੰਡੇ ਨਸ਼ੇ ਨੇ ਨਿਪੰਸਕ ਕਰ ਦਿੱਤੇ ਹਨ। ਕਈ ਮੁਟਿਆਰਾਂ ਨਸ਼ੇ ਦੀ ਦਲਦਲ ਵਿੱਚ ਫਸੀਆਂ ਹੋਈਆਂ ਹਨ। ਪਰਿਵਾਰ ਵਾਲੇ ਜੱਗ ਦੀ ਹੇਠੀ ਤੋਂ ਡਰਦੇ ਕਿਸੇ ਅੱਗੇ ਨਾਂਅ ਵੀ ਨਹੀਂ ਲੈਂਦੇ। ਅਸੀਂ ਸਿਰਫ ਪ੍ਰਸ਼ਾਸਨ ਤੇ ਦੋਸ਼ ਮੜ੍ਹੀ ਜਾਂਦੇ ਹਾਂ ਕਿ ਪ੍ਰਸ਼ਾਸਨ ਸੁਸਤ ਹੈ। ਪਰ ਅਸੀਂ ਕਦੇ ਆਪਣੇ ਅੰਦਰ ਵੀ ਝਾਤੀ ਮਾਰਨ ਦੀ ਕੋਸ਼ਿਸ ਕੀਤੀ ਹੈ। ਸੱਚ ਸਭ ਨੂੰ ਕੌੜਾ ਲਗਦਾ ਹੈ। ਤੁਸੀਂ ਹਰ ਰੋਜ਼ ਵਾਲੀ ਮਿਸਾਲ ਹੀ ਲੈ ਲਉ। ਕਿ ਜਦੋਂ ਕੋਈ ਪਰਿਵਾਰ ਵਾਲੇ ਆਪਣੀ ਬੇਟੀ ਵਾਸਤੇ ਚੰਗੇ ਘਰ ਤੇ ਵਰ ਦੀ ਭਾਲ ਕਰਦੇ ਹਨ ਤੇ ਉਨ੍ਹਾਂ ਦੀ ਸੋਚ ਹੁੰਦੀ ਹੈ ਕਿ ਵਰ ਤੇ ਘਰ ਪਰਿਵਾਰ ਨਸ਼ੇ ਤੋਂ ਰਹਿਤ ਹੋਵੇ, ਜ਼ਮੀਨ ਜਾਇਦਾਦ ਭਾਵੇ ਘੱਟ ਵੀ ਕਿਉਂ ਨਾ ਹੋਵੇ। ਜਦੋ ਵਿਆਹ ਦੀ ਗੱਲ ਤੈਅ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਬਰਾਤ ਦੀ ਸੇਵਾ ਦੀ ਗੱਲ ਹੁੰਦੀ ਹੈ। ਦਾਜ ਭਾਵੇਂ ਥੋੜ੍ਹਾ ਘੱਟ ਵੀ ਹੋ ਜਾਵੇ। ਪਰ ਬਰਾਤ ਦੀ ਸੇਵਾ ਵਿਚ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ। ਜਦੋਂ ਵਿਆਹ ਪੱਕਾ ਹੋ ਜਾਂਦਾ ਹੈ ਫਿਰ ਫੋਨ ਤੇ ਸ਼ਰਾਬ ਦੀਆਂ ਕਿਸਮਾਂ ਦੀ ਮੰਗ ਰੱਖੀ ਜਾਂਦੀ ਹੈ। ਸਾਡਾ ਫਲਾਣਾ ਪ੍ਰਾਹੁਣਾ ਫਲਾਣੀ ਕਿਸਮ ਦੀ ਸ਼ਰਾਬ ਪੀਂਦਾ ਹੈ। ਇਸੇ ਤਰ੍ਹਾਂਹੌਲੀ ਹੌਲੀ ਬੱਚੇ ਪਹਿਲਾਂ ਬੀਅਰ ਤੇ ਫਿਰ ਸ਼ਰਾਬ ਪੀਣ ਦੇ ਆਦੀ ਹੋ ਜਾਂਦੇ ਹਨ। ਅੱਜਕਲ ਦੀ ਪੀੜ੍ਹੀ ਇੱਕਲੀ ਸ਼ਰਾਬ ਤੇ ਬਸ ਨਹੀਂ ਕਰਦੀ। ਚਿੱਟਾ, ਸਮੈਕ, ਹੁੱਕਾ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਨਸ਼ਿਆਂ ਦੇ ਆਦੀ ਹੋ ਰਹੇ ਹਨ। ਜਿਸ ਕਰਕੇ ਅੱਜ ਸਾਡਾ ਸਾਰਾ ਹੀ ਸਮਾਜ ਇਸੇ ਤਾਣੇ ਬਾਣੇ ਵਿੱਚ ਉਲਝ ਗਿਆ ਹੈ। ਸਕੂਲਾਂ/ਕਾਲਜਾਂ ਵਿਚ ਹੁਣ ਪੜ੍ਹਾਈ ਘੱਟ ਤੇ ਨਸ਼ੇ ਦਾ ਸੇਵਨ ਜਿਆਦਾ ਹੋ ਰਿਹਾ ਹੈ। ਸਾਨੂੰ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਕਰਨ ਦੀ ਬਜਾਏ ਪੰਜਾਬ ਨੂੰ ਨਸ਼ੇ ਦੇ ਦਰਿਆ ਵਿੱਚ ਡੁਬਣ ਤੋਂ ਬਚਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਆਪਣੇ ਦੋਸਤ ਬਣਾ ਕੇ ਰੱਖੀਏ। ਉਨ੍ਹਾਂ ਦੇ ਯਾਰ ਬੇਲੀਆਂ ਦਾ ਰਿਕਾਰਡ ਵੀ ਜਾਣੀਏ। ਜੇਕਰ ਬੱਚਾ ਬਚ ਗਿਆ ਤਾਂ ਸਮਝੋ ਪਰਿਵਾਰ ਬਚ ਜਾਏਗਾ। ਜੇ ਪਰਿਵਾਰ ਬਚ ਗਿਆ ਤੇ ਸੰਸਾਰ ਬਚ ਜਾਏਗਾ। ਇਨ੍ਹਾਂ ਸਮਿਆਂ ਵਿਚ ਮਾਪਿਆਂ ਨੂੰ ਬਹੁਤ ਚੁਕੰਨਾ ਹੋਣ ਦੀ ਲੋੜ ਹੈ। ਆਉ ਸਾਰੇ ਹੀ ਜਾਗੀਏ ਤਾਂ ਕਿ ਕੋਈ ਚੋਰ ਸਾਡੀ ਜਾਇਦਾਦ ਨੌਜਵਾਨੀ ਨੂੰ ਸੰਨ੍ਹ ਨਾ ਲਾ ਸੱਕੇ।
-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ
ਆਓ! ਗ਼ਲਤ ਰਸਤੇ ਤੋਂ ਸਹੀ ਦਿਸ਼ਾ ਲੱਭੀਏ
ਜੀਵਨ ਇਕ ਯਾਤਰਾ ਹੈ, ਜਿਸ ਵਿਚ ਸਫਲਤਾ ਤੇ ਅਸਫਲਤਾ ਦੋਵੇਂ ਹੀ ਮਿਲਦੀਆਂ ਹਨ। ਕਈ ਵਾਰ ਅਸੀਂ ਆਪਣੀ ਗ਼ਲਤੀ ਕਾਰਨ ਗ਼ਲਤ ਰਸਤੇ ਪੈ ਜਾਂਦੇ ਹਾਂ, ਪਰ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕਦੇ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ। ਇਹ ਗ਼ਲਤ ਰਸਤੇ ਅਕਸਰ ਸਾਨੂੰ ਸਹੀ ਤੇ ਗ਼ਲਤ ਦੀ ਪਰਖ ਸਿਖਾਉਂਦੇ ਹਨ ਅਤੇ ਅਜਿਹੇ ਤਜਰਬੇ ਸਾਡੇ ਜੀਵਨ ਨੂੰ ਨਵੀਂ ਦਿਸ਼ਾ ਵੀ ਦੇ ਸਕਦੇ ਹਨ। ਜਦੋਂ ਅਸੀਂ ਇਸ ਗ਼ਲਤ ਰਸਤੇ ਪੈ ਕੇ ਨਿਰਾਸ਼ ਹੋ ਜਾਂਦੇ ਹਾਂ ਤਾਂ ਲਗਦਾ ਹੈ ਜਿਵੇਂ ਸਭ ਕੁਝ ਖ਼ਤਮ ਹੋ ਗਿਆ ਹੈ। ਅਜਿਹੇ 'ਚ ਸਾਨੂੰ ਖ਼ੁਦ ਨੂੰ ਦੋਸ਼ੀ ਠਹਿਰਾਉਣ ਅਤੇ ਅਫ਼ਸੋਸ ਕਰਨ ਦੀ ਬਜਾਏ ਗ਼ਲਤ ਰਸਤੇ ਤੋਂ ਸਿੱਖੀਆਂ ਗੱਲਾਂ ਤੋਂ ਸੇਧ ਲੈ ਕੇ ਆਪਣੀ ਮੰਜ਼ਿਲ ਵੱਲ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਨੂੰ ਗੂਗਲ ਮੈਪ ਦੇ ਉਦਾਹਰਨ ਨਾਲ ਸਮਝਿਆ ਸਕਦੇ ਹਾਂ। ਜਦੋਂ ਅਸੀਂ ਕਿਸੇ ਅਣਜਾਣ ਮੰਜ਼ਿਲ ਦੇ ਰਾਹ ਪੈਂਦੇ ਹਾਂ, ਗੂਗਲ ਮੈਪ ਸਾਡੀ ਮਦਦ ਕਰਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਗ਼ਲਤ ਮੋੜ ਲੈ ਲੈਂਦੇ ਹਾਂ, ਪਰ ਮੈਪ ਕਦੇ ਨਹੀਂ ਕਹਿੰਦਾ ਕਿ ਹੁਣ ਤੁਸੀਂ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ। ਇਹ ਮੈਪ ਉਸੇ ਜਗ੍ਹਾ ਤੋਂ ਹੀ ਨਵਾਂ ਰਸਤਾ ਬਣਾਉਂਦਾ ਹੈ ਅਤੇ ਸਾਨੂੰ ਸਹੀ ਦਿਸ਼ਾ ਦਿਖਾਉਂਦਾ ਹੋਇਆ ਮੰਜ਼ਿਲ ਵੱਲ ਲੈ ਤੁਰਦਾ ਹੈ। ਸਾਨੂੰ ਇਸ ਗੱਲ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਗ਼ਲਤ ਰਸਤਾ ਸਿਰਫ਼ ਇੱਕ ਰੁਕਾਵਟ ਹੈ, ਅੰਤ ਨਹੀਂ।
-ਪਲਕਪ੍ਰੀਤ ਕੌਰ ਬੇਦੀ
ਕੇ.ਐਮ.ਵੀ. ਕਾਲਜੀਏਟ, ਸੀਨੀਅਰ ਸੈਕੰਡਰੀ ਸਕੂਲ, ਜਲੰਧਰ