ਦਿਨ-ਦਿਹਾੜੇ ਦੁਕਾਨ 'ਚੋਂ ਚੋਰੀ ਕਰਦਾ ਚੋਰ ਕਾਬੂ

ਗੁਰੂਹਰਸਹਾਏ (ਫਿਰੋਜ਼ਪੁਰ), 19 ਫਰਵਰੀ (ਕਪਿਲ ਕੰਧਾਰੀ)-ਦਿਨ-ਦਿਹਾੜੇ ਇਕ ਦੁਕਾਨ ਵਿਚੋਂ ਗੱਲੇ ਵਿਚ ਪਈ ਨਕਦੀ ਚੋਰੀ ਕਰਦਾ ਹੋਇਆ ਲੋਕਾਂ ਨੇ ਚੋਰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਮੇਨ ਬਾਜ਼ਾਰ ਵਿਖੇ ਬਣੀ ਇਕ ਮੈਡੀਕਲ ਸਟੋਰ ਦੀ ਦੁਕਾਨ ਦਾ ਮਾਲਕ ਆਪਣੀ ਦੁਕਾਨ ਦਾ ਅੱਧਾ ਸ਼ਟਰ ਥੱਲੇ ਸੁੱਟ ਕੇ ਘਰ ਗਿਆ ਹੋਇਆ ਸੀ ਅਤੇ ਇੰਨੇ ਵਿਚ ਹੀ ਪਿੱਛੋਂ ਇਕ ਚੋਰ ਦੁਕਾਨ ਵਿਚ ਵੜ ਕੇ ਗਲੇ ਵਿਚ ਪਈ ਨਕਦੀ ਕੱਢ ਰਿਹਾ ਸੀ ਤਾਂ ਉਥੇ ਮੌਜੂਦ ਕੁਝ ਦੁਕਾਨਦਾਰਾਂ ਵਲੋਂ ਉਸ ਨੂੰ ਦੇਖਿਆ ਤੇ ਲੋਕਾਂ ਵਲੋਂ ਉਸਨੂੰ ਪੁੱਛਿਆ ਤਾਂ ਉਹ ਉਲਟਾ ਦੁਕਾਨਦਾਰਾਂ ਦੇ ਗੱਲ ਪੈ ਗਿਆ ਤੇ ਉਥੋਂ ਭੱਜ ਗਿਆ। ਇੰਨੇ ਵਿਚ ਹੀ ਦੁਕਾਨਦਾਰਾਂ ਵਲੋਂ ਜਦੋਂ ਰੌਲਾ ਪਾਇਆ ਗਿਆ ਤਾਂ ਅੱਗੇ ਖੜ੍ਹੇ ਇਕ ਦੁਕਾਨਦਾਰ ਨੇ ਉਸਨੂੰ ਫੜ ਲਿਆ ਅਤੇ ਉਸ ਨੂੰ ਪੁੱਛਿਆ ਕਿ ਤੂੰ ਉਸ ਦੁਕਾਨ ਤੋਂ ਪੈਸੇ ਕਿਉਂ ਕੱਢ ਰਿਹਾ ਸੀ ਤਾਂ ਉਸਨੇ ਦੱਸਿਆ ਕਿ ਉਹ ਨਸ਼ੇ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਦੁਕਾਨ ਤੋਂ ਚੋਰੀ ਕਰ ਰਿਹਾ ਸੀ। ਦੁਕਾਨਦਾਰਾਂ ਨੇ ਕਿਹਾ ਕਿ ਚੋਰ ਵਲੋਂ ਨਸ਼ਾ ਵੀ ਕੀਤਾ ਹੋਇਆ ਸੀ, ਇਸ ਤੋਂ ਬਾਅਦ ਉਨ੍ਹਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਉਤੇ ਪਹੁੰਚ ਕੇ ਪੁਲਿਸ ਵਲੋਂ ਚੋਰ ਨੂੰ ਫੜ ਕੇ ਥਾਣੇ ਲਿਜਾਇਆ ਗਿਆ। ਦੁਕਾਨਦਾਰਾਂ ਨੇ ਇਹ ਵੀ ਦੱਸਿਆ ਕਿ ਉਸ ਚੋਰ ਦੀ ਜੇਬ ਵਿਚੋਂ ਇਕ ਸਰਿੰਜ ਵੀ ਨਿਕਲੀ ਹੈ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰ ਖਿਲਾਫ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।