ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਵਲੋਂ ਪ੍ਰੈੱਸ ਕਾਨਫਰੰਸ

ਚੰਡੀਗੜ੍ਹ, 19 ਫਰਵਰੀ-ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਮਿਸਲ ਸ਼ਹੀਦਾਂ ਦੇ ਜਥੇਦਾਰ ਨਿਹੰਗ ਬਾਬਾ ਫਕੀਰ ਸਿੰਘ ਰਸੂਲਪੁਰ (ਅਯੁੱਧਿਆ ਵਾਲੇ) ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਪ੍ਰਯਾਗਰਾਜ ਵਿਚ ਚੱਲ ਰਹੇ ਮਹਾਕੁੰਭ ਤੋਂ ਤ੍ਰਿਵੇਣੀ ਸੰਗਮ ਉਤੇ ਪਵਿੱਤਰ ਜਲ ਦੀਆਂ ਬੋਤਲਾਂ ਵੰਡੀਆਂ। ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਵਿਨੀਤ ਜੋਸ਼ੀ ਵੀ ਸਨ। ਜ਼ਿਕਰਯੋਗ ਹੈ ਕਿ ਮਹਾਕੁੰਭ 2025 ਵਿਚ, ਜਿਥੇ ਦੇਸ਼ ਭਰ ਦੇ 13 ਅਖਾੜਿਆਂ ਨੇ ਆਪਣੇ ਕੈਂਪ ਲਗਾਏ ਸਨ, ਉਥੇ ਰਸੂਲਪੁਰ ਨੇ ਆਪਣਾ ਖਾਲਸਾ ਸਥਾਪਤ ਕੀਤਾ। ਰਸੂਲਪੁਰ ਨੇ ਕਿਹਾ ਕਿ ਸਮੁੱਚੀ ਖਾਲਸਾ ਮਿਸਲ 6 ਜਨਵਰੀ ਤੋਂ 7 ਫਰਵਰੀ ਤੱਕ ਇਕ ਮਹੀਨੇ ਲਈ ਮਹਾਕੁੰਭ ਵਿਚ ਰਹੀ ਅਤੇ ਤ੍ਰਿਵੇਣੀ ਸੰਗਮ ਵਿਚ ਸ਼ਾਹੀ ਸਨਾਨ ਜਲੂਸ ਦੌਰਾਨ ਗੁਰਬਾਣੀ ਦਾ ਪ੍ਰਚਾਰ ਕੀਤਾ। ਰਸੂਲਪੁਰ ਨੇ ਕਿਹਾ ਕਿ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨਿਹੰਗ ਸੰਗਠਨ ਜਾਂ ਦਲ ਨੇ ਦੂਜੇ ਅਖਾੜਿਆਂ ਨਾਲ ਮਿਲ ਕੇ ਸ਼ਾਹੀ ਸਨਾਨ ਦਾ ਆਯੋਜਨ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਪਵਿੱਤਰ ਸਮਾਗਮ ਵਿਚ ਹਿੱਸਾ ਲੈਣ ਵਾਲੇ 13 ਅਖਾੜਿਆਂ ਵਿਚੋਂ ਤਿੰਨ ਸਿੱਖ ਧਰਮ ਨਾਲ ਸਬੰਧਤ ਹਨ। ਇਨ੍ਹਾਂ ਵਿਚ ਉਦਾਸੀਨ ਪੰਚਾਇਤੀ ਅਖਾੜਾ, ਉਦਾਸੀਨ ਪੰਚਾਇਤੀ ਨਵਾਂ ਅਖਾੜਾ ਅਤੇ ਨਿਰਮਲ ਅਖਾੜਾ ਸ਼ਾਮਿਲ ਹਨ। ਮਿਸਲ ਸ਼ਹੀਦਾਂ ਨਿਹੰਗ ਬਾਬਾ ਫਕੀਰ ਸਿੰਘ ਰਸੂਲਪੁਰ (ਅਯੁੱਧਿਆ ਵਾਲੇ) ਇਸ ਸਮਾਗਮ ਵਿਚ ਹਿੱਸਾ ਲੈਣ ਵਾਲਾ ਪਹਿਲਾ ਨਿਹੰਗ ਸੰਗਠਨ ਹੈ। ਰਸੂਲਪੁਰ ਨੇ ਕਿਹਾ ਕਿ ਸਿੱਖ ਧਰਮ ਦੀ ਨੁਮਾਇੰਦਗੀ ਕਰਦੇ ਹੋਏ, ਉਨ੍ਹਾਂ ਨੇ ਪੰਜ ਮੈਗਾ ਸੰਤ ਸੰਮੇਲਨ ਅਤੇ ਇਕ ਧਰਮ ਸੰਸਦ ਵਿਚ ਹਿੱਸਾ ਲਿਆ ਅਤੇ ਇਨ੍ਹਾਂ ਪਲੇਟਫਾਰਮਾਂ ਤੋਂ ਗੁਰਬਾਣੀ ਦਾ ਪ੍ਰਚਾਰ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਇਕ ਮਹੀਨੇ ਦੌਰਾਨ, ਉਨ੍ਹਾਂ ਨੇ ਪ੍ਰਯਾਗਰਾਜ ਵਿਖੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਗੁਰਬਾਣੀ ਅਤੇ ਸਿੱਖ ਇਤਿਹਾਸ ਦਾ ਪ੍ਰਚਾਰ ਮਹਾਮੰਡਲੇਸ਼ਵਰਾਂ, ਪੀਠਧੀਸ਼ਵਰਾਂ, ਜਗਤ ਗੁਰੂਆਂ ਅਤੇ ਵੱਖ-ਵੱਖ ਧਰਮਾਂ ਦੇ ਸੰਤਾਂ ਵਿਚਕਾਰ ਕੀਤਾ। ਭਾਵੁਕ ਹੋਏ ਰਸੂਲਪੁਰ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਹ ਇਕ ਮਹੀਨਾ ਪ੍ਰਯਾਗਰਾਜ ਵਿਚ ਰਹੇ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ।