ਹਾਦਸੇ 'ਚ ਨੌਜਵਾਨ ਦੀ ਮੌਤ 'ਤੇ ਪਰਿਵਾਰ ਨੇ ਕੌਮੀ ਮਾਰਗ ਜਾਮ ਕਰਕੇ ਕੀਤੀ ਇਨਸਾਫ ਦੀ ਮੰਗ

ਫਾਜ਼ਿਲਕਾ, 19 ਫਰਵਰੀ (ਬਲਜੀਤ ਸਿੰਘ)-ਬੀਤੀ ਰਾਤ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿਚ ਫਾਜ਼ਿਲਕਾ-ਅਬੋਹਰ ਕੌਮੀ ਮਾਰਗ ਉਤੇ ਸਥਿਤ ਬੇਗਾਂਵਾਲੀ ਪਿੰਡ ਦੇ ਕੋਲ ਇਕ ਐਕਸੀਡੈਂਟ ਵਿਚ ਗਗਨ ਬਾਵਾ ਵਾਸੀ ਕਾਬੁਲ ਸ਼ਾਹ ਖੁੱਬਣ ਦੀ ਮੌਤ ਹੋ ਗਈ ਸੀ, ਜਿਸ ਦੇ ਰੋਸ ਵਿਚ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਲੋਂ ਫਾਜ਼ਿਲਕਾ ਵਿਖੇ ਸਥਿਤ ਪੰਜਾਬ-ਰਾਜਸਥਾਨ ਹਾਈਵੇ ਉਪਰ ਧਰਨਾ ਦਿੱਤਾ ਗਿਆ ਅਤੇ ਰੋਡ ਨੂੰ ਬੰਦ ਕਰਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਹਾਦਸਾ ਸੜਕ ਉਤੇ ਚੱਲ ਰਹੇ ਕੰਮ ਵਿਚ ਲਾਪਰਵਾਹੀ ਕਾਰਨ ਵਾਪਰਿਆ ਹੈ। ਜੇਕਰ ਠੇਕੇਦਾਰ ਵਲੋਂ ਨਹਿਰ ਉਤੇ ਬਣ ਰਹੀ ਪੁਲੀ ਉਤੇ ਕੋਈ ਬੈਰੀਕੇਡ ਜਾਂ ਰਿਫਲੈਕਟਰ ਲਗਾਏ ਹੁੰਦੇ ਤਾਂ ਇਹ ਹਾਦਸਾ ਨਾ ਵਾਪਰਦਾ। ਮ੍ਰਿਤਕ ਦੇ ਪਰਿਵਾਰਕ ਮੈਂਬਰ ਸੁਨੀਲ ਬਾਵਾ ਅਤੇ ਸੰਦੀਪ ਬਾਬਾ ਨੇ ਦੱਸਿਆ ਕਿ ਮ੍ਰਿਤਕ ਬੀਤੀ ਸ਼ਾਮ ਫਾਜ਼ਿਲਕਾ ਤੋਂ ਆਪਣੇ ਬੱਚਿਆਂ ਲਈ ਕੱਪੜੇ ਅਤੇ ਬੂਟ ਲੈ ਕੇ ਘਰ ਵਾਪਿਸ ਪਰਤ ਰਿਹਾ ਸੀ। ਰਸਤੇ ਵਿਚ ਸੜਕ ਉੱਪਰ ਬਣੀ ਨਹਿਰ ਵਿਚ ਪੁਲ ਬਣਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਠੇਕੇਦਾਰ ਵਲੋਂ ਨਹਿਰ ਦੇ ਕੰਡੇ ਕੋਈ ਬੈਰੀਕੇਡਿੰਗ ਨਹੀਂ ਕੀਤੀ ਹੋਈ ਸੀ, ਜਿਸ ਦੇ ਚਲਦੇ ਮੋਟਰਸਾਈਕਲ ਨਹਿਰ ਵਿਚ ਜਾ ਡਿੱਗਾ ਅਤੇ ਗਗਨ ਬਾਵਾ ਦੀ ਮੌਕੇ ਉਪਰ ਹੀ ਮੌਤ ਹੋ ਗਈ।