ਕਾਰੋਬਾਰੀ ਪਤੀ ਨੇ ਪ੍ਰੇਮਿਕਾ ਨਾਲ ਮਿਲ ਕੇ ਕਰਵਾਈ ਪਤਨੀ ਦੀ ਹੱਤਿਆ

ਲੁਧਿਆਣਾ, 17 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਐਤਵਾਰ ਦੀ ਰਾਤ ਡੇਹਲੋਂ ਵਿਖੇ ਲੁਟੇਰਿਆਂ ਵਲੋਂ ਲੁੱਟ ਦੌਰਾਨ ਕਾਰੋਬਾਰੀ ਦੀ ਪਤਨੀ ਦੀ ਕੀਤੀ ਗਈ ਹੱਤਿਆ ਦੇ ਮਾਮਲੇ ਨੂੰ ਲੁਧਿਆਣਾ ਪੁਲਿਸ ਨੇ ਹੱਲ ਕਰਦੇ ਹੋਏ ਕਾਰੋਬਾਰੀ ਪਤੀ ਅਨੋਖ ਮਿੱਤਲ, ਉਸ ਦੀ ਪ੍ਰੇਮਿਕਾ ਪ੍ਰਤੀਕਸ਼ਾ ਸਮੇਤ 4 ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰੈਸ ਕਾਨਫ਼ਰੰਸ ਦੌਰਾਨ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਕਾਰੋਬਾਰੀ ਅਨੋਖ ਮਿੱਤਲ ਅਤੇ ਉਸ ਦੀ ਪ੍ਰੇਮਿਕਾ ਪ੍ਰਤਿਕਸ਼ਾ ਨੇ ਕਿਰਾਏ ਦੇ ਕਾਤਲਾਂ ਕੋਲੋਂ ਲਿਪਸੀ ਉਰਫ ਮਾਨਵੀ ਮਿੱਤਲ (33) ਦੀ ਯੋਜਨਾਬੱਧ ਤਰੀਕੇ ਨਾਲ ਹੱਤਿਆ ਕਾਰਵਾਈ ਸੀ। ਇਸ ਹੱਤਿਆ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਇਕ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਢੰਡਾਰੀ ਕਲਾਂ, ਲੁਧਿਆਣਾ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਿਸ ਵਲੋਂ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ ਬੱਲੀ, ਗੁਰਦੀਪ ਸਿੰਘ ਉਰਫ਼ ਮਾਨ, ਸੋਨੂੰ ਸਾਰੇ ਨਿਵਾਸੀ ਨੰਦਪੁਰ, ਸਾਹਨੇਵਾਲ, ਸਗਰਦੀਪ ਸਿੰਘ ਉਰਫ ਤੇਜ਼ੀ ਵਾਸੀ ਢੰਡਾਰੀ ਕਲਾਂ, ਲੁਧਿਆਣਾ ਦੇ ਰੂਪ ਵਿਚ ਹੋਈ ਹੈ।