ਨਾਮੀ ਗੈਂਗਸਟਰ ਗਰੋਹ ਦਾ ਸੂਟਰ ਮਨਪ੍ਰੀਤ ਸਿੰਘ ਉਰਫ਼ ਮਨੀ ਮੁੱਠਭੇੜ ਤੋਂ ਬਾਅਦ ਗ੍ਰਿਫ਼ਤਾਰ

ਫ਼ਰੀਦਕੋਟ, 14 ਮਾਰਚ (ਜਸਵੰਤ ਸਿੰਘ ਪੁਰਬਾ) - ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਐਂਟੀ ਗੈਗਸਟਰ ਟਾਸਕ ਫੋਰਸ ਅਤੇ ਸੀ.ਆਈ.ਏ. ਜੈਤੋ ਨੇ ਇਕ ਸਾਂਝੇ ਆਪ੍ਰੇਸ਼ਨ ਵਿਚ ਵਿਦੇਸ਼ੀ ਗੈਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗਰੋਹ ਦੇ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਭਾਨਗੇਰੀਆ, ਮੋਗਾ ਨੂੰ ਪਿੰਡ ਘੁਗਿਆਣਾ ਤੋਂ ਸਾਦਿਕ ਨਜ਼ਦੀਕ ਮੁੱਠਭੇੜ ਤੋ ਬਾਅਦ ਕਾਬੂ ਕਰ ਲਿਆ। ਇਹ ਜਾਣਕਾਰੀ ਐਸ.ਐਸ.ਪੀ ਫ਼ਰੀਦਕੋਟ ਡਾ. ਪ੍ਰਗਿਆ ਜੈਨ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਵਿਦੇਸ਼ੀ ਗੈਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗਰੋਹ ਦੇ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮਨੀ, ਜਿਸ ਉੱਪਰ ਕਤਲ ਅਤੇ ਅਸਲੇ ਐਕਟ ਤਹਿਤ ਮੁਕੱਦਮੇ ਦਰਜ ਰਜਿਸਟਰ ਹਨ, ਸੂਚਨਾ ਮਿਲੀ ਸੀ ਕਿ ਉਹ ਫ਼ਰੀਦਕੋਟ ਦੇ ਏਰੀਏ ਵਿਚ ਘੁੰਮ ਰਿਹਾ ਹੈ, ਜਿਸ 'ਤੇ ਏ.ਜੀ.ਟੀ.ਐਫ ਅਤੇ ਸੀ.ਆਈ.ਏ. ਜੈਤੋ ਨੇ ਪਿੰਡ ਘੁਗਿਆਣਆ ਤੋਂ ਸਾਦਿਕ ਰੋਡ 'ਤੇ ਨਾਕਾ ਲਗਾਇਆ ਹੋਇਆ ਸੀ। ਉਸ ਸਮੇਂ ਇਹ ਦੋਸ਼ੀ ਮੋਟਰਸਾਈਕਲ 'ਤੇ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਿਸ ਟੀਮ ਉੱਪਰ 02 ਫਾਇਰ ਕੀਤੇ। ਇਸ ਦੌਰਾਨ ਇਸ ਦਾ ਮੋਟਰਸਾਈਕਲ ਵੀ ਡਿੱਗ ਪਿਆ। ਪੁਲਿਸ ਨੇ ਆਤਮਰੱਖਿਆ ਵਿਚ ਕਾਰਵਾਈ ਕਰਦਿਆਂ ਜਵਾਬੀ ਫਾਇਰਿੰਗ ਕੀਤੀ, ਜਿਸ ਵਿਚ ਇਹ ਮੁਲਜ਼ਮ ਜਖਮੀ ਹੋ ਗਿਆ। ਪੁਲਿਸ ਟੀਮਾਂ ਨੇ ਇਸ ਤੋ ਇਕ ਪਿਸਟਲ .30 ਬੋਰ ਅਤੇ ਅਤੇ 04 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ, ਇਸ ਦੇ ਨਾਲ ਹੀ ਇਸ ਵਲੋਂ ਵਰਤਿਆ ਗਿਆ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ, ਜਿਸ ਉੱਪਰ ਸਵਾਰ ਹੋ ਕੇ ਆ ਰਿਹਾ ਸੀ।