JALANDHAR WEATHER

12-03-2025

 ਅਚੇਤਨ ਮਨ

ਆਮ ਗੱਲਬਾਤ ਵਿਚ ਅਸੀਂ ਮਨ ਨੂੰ ਕੇਵਲ ਇਕ ਮਨ ਦੇ ਤੌਰ 'ਤੇ ਜਾਣਦੇ ਹਾਂ। ਪਰੰਤੂ ਮਨੋਵਿਗਿਆਨੀਆਂ ਦੁਆਰਾ ਮਨ ਨੂੰ ਅੱਗੇ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ। ਪਹਿਲਾ ਹਿੱਸਾ ਚੇਤਨ ਮਨ, ਦੂਜਾ ਹਿੱਸਾ ਅਰਧ ਚੇਤਨ ਮਨ ਤੇ ਤੀਜਾ ਹਿੱਸਾ ਅਚੇਤਨ ਮਨ ਕਹਾਉਂਦਾ ਹੈ। ਇਸ ਲਿਖਤ ਵਿਚ ਕੇਵਲ ਅਚੇਤਨ ਮਨ ਦੀ ਗੱਲ ਕੀਤੀ ਜਾਵੇਗੀ। ਮਨ ਦੇ ਤਿੰਨਾਂ ਹਿੱਸਿਆਂ ਵਿਚੋਂ ਅਚੇਤਨ ਮਨ ਦਾ ਹਿੱਸਾ ਲਗਭਗ 90 ਫ਼ੀਸਦੀ ਹੁੰਦਾ ਹੈ। ਇਸ ਅਚੇਤਨ ਮਨ ਵਿਚ ਗਰਭ ਅਵਸਥਾ ਤੋਂ ਆਰੰਭ ਹੋ ਕੇ ਸਾਰੇ ਤਜਰਬੇ, ਖਾਨਦਾਨੀ ਗੁਣ ਅਤੇ ਵਾਤਾਵਰਨ ਦੇ ਪ੍ਰਭਾਵ ਸ਼ਾਮਿਲ ਹੁੰਦੇ ਹਨ। ਮੋਟੇ ਤੌਰ 'ਤੇ ਕਹੀਏ ਤਾਂ ਜੋ ਕੁਝ ਵੀ ਅਸੀਂ ਸੋਚਦੇ ਹਾਂ, ਵੇਖਦੇ ਹਾਂ ਅਤੇ ਕਰਦੇ ਹਾਂ, ਉਹ ਕੁਝ ਅਚੇਤਨ ਮਨ ਵਿਚ ਜਮ੍ਹਾਂ ਹੁੰਦਾ ਜਾਂਦਾ ਹੈ। ਇਥੋਂ ਤੱਕ ਕਈ ਪੀੜ੍ਹੀਆਂ ਤੋਂ ਸਮਾਜ ਵਿਚ ਚਲਦੇ ਨਿਯਮ, ਸਿਧਾਂਤ ਅਤੇ ਵਿਸ਼ਵਾਸ ਵੀ ਅਚੇਤਨ ਮਨ ਵਿਚ ਸ਼ਾਮਿਲ ਹੁੰਦੇ ਹਨ। ਕਿਸੇ ਵੀ ਮਨੁੱਖ ਦਾ ਅਸਲੀ ਰੂਪ ਜਾਨਣ ਲਈ ਉਸ ਦਾ ਅਚੇਤਨ ਮਨ ਜਾਨਣਾ ਜ਼ਰੂਰੀ ਹੁੰਦਾ ਹੈ। ਅਚੇਤਨ ਮਨ ਦੀਆਂ ਇਛਾਵਾਂ ਤੇ ਸੰਘਰਸ਼ਾਂ ਤੋਂ ਹੀ ਸਾਡਾ ਵਿਵਹਾਰ ਬਣਦਾ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਨੌਨੀਤਪੁਰ, ਤਹਿ. ਗੜ੍ਹਸ਼ੰਕਰ

ਮਾਂ ਬੋਲੀ ਦਾ ਸਤਿਕਾਰ ਕਰੋ

ਭਾਸ਼ਾ ਇਕ ਸੰਚਾਰ ਦਾ ਸਾਧਨ ਹੁੰਦੀ ਹੈ। ਹਰੇਕ ਸੂਬੇ ਦੀ ਆਪਣੀ ਇਕ ਮਾਤ ਭਾਸ਼ਾ ਹੁੰਦੀ ਹੈ। ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਬੜੀ ਹੀ ਮਿੱਠੀ ਹੈ ਤੇ ਆਸਾਨੀ ਨਾਲ ਸਮਝੀ ਜਾ ਸਕਦੀ ਹੈ। ਮਾਂ ਬੋਲੀ ਨੂੰ ਹਰ ਬੱਚਾ ਘਰ-ਪਰਿਵਾਰ ਵਿਚ ਬਚਪਨ ਤੋਂ ਹੀ ਸਿੱਖਦਾ ਵੱਡਾ ਹੁੰਦਾ ਹੈ। ਮਾਂ ਬੋਲੀ ਦੇ ਅੱਖਰ ਸ਼ਬਦ ਸਾਡੇ ਦਿਮਾਗ ਵਿਚ ਬੈਠ ਜਾਂਦੇ ਹਨ ਤੇ ਖ਼ੂਨ ਵਿਚ ਰਚ-ਮਿਚ ਜਾਂਦੇ ਹਨ। ਬਾਅਦ ਵਿਚ ਭਾਵੇਂ ਕਿੰਨੀਆਂ ਹੀ ਭਾਸ਼ਾਵਾਂ ਸਿੱਖ ਜਾਵੇ, ਪਰ ਮਾਂ ਬੋਲੀ ਦੀ ਤੁਲਨਾ ਉਨ੍ਹਾਂ ਭਾਸ਼ਾਵਾਂ ਨਾਲ ਨਹੀਂ ਕੀਤੀ ਜਾ ਸਕਦੀ। ਮਾਂ ਬੋਲੀ ਰਾਹੀਂ ਅਸੀਂ ਆਪਣੇ ਹਾਵ-ਭਾਵ ਲੋਕਾਂ ਤੱਕ ਆਸਾਨੀ ਨਾਲ ਪਹੁੰਚਾ ਸਕਦੇ ਹਾਂ। ਦੂਜੀਆਂ ਭਾਸ਼ਾਵਾਂ ਅਸੀਂ ਭਾਵੇਂ ਕਿੰਨੀਆਂ ਵੀ ਸਿੱਖ ਲਈਏ, ਪਰ ਜੋ ਮੁਹਾਰਤ ਮਾਂ ਬੋਲੀ ਵਿਚ ਹੈ ਉਹ ਅਸੀਂ ਹੋਰ ਕਿਸੇ ਵੀ ਭਾਸ਼ਾ ਵਿਚ ਹਾਸਿਲ ਨਹੀਂ ਕਰ ਸਕਦੇ। ਪਰ ਅੱਜ ਕੱਲ੍ਹ ਮਾਂ ਬੋਲੀ ਦਾ ਸਤਿਕਾਰ ਨਹੀਂ ਹੋ ਰਿਹਾ। ਘਰਾਂ ਵਿਚ ਵੀ ਬੱਚਿਆਂ ਨੂੰ ਹਿੰਦੀ ਜਾਂ ਅੰਗਰੇਜ਼ੀ ਵਿਚ ਬੋਲਣਾ ਸਿਖਾਇਆ ਜਾਂਦਾ ਹੈ। ਉਨ੍ਹਾਂ ਨੂੰ ਆਪਣੀ ਮਾਂ ਬੋਲੀ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਅੰਗਰੇਜ਼ੀ ਬੋਲਣ ਤੇ ਪੜ੍ਹਨ ਲਈ ਮਜਬੂਰ ਕੀਤਾ ਜਾਂਦਾ ਹੈ। ਦੂਜੀਆਂ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ, ਪਰ ਆਪਣੀ ਭਾਸ਼ਾ ਨੂੰ ਛੱਡ ਕੇ ਦੂਜੀਆਂ ਭਾਸ਼ਾਵਾਂ ਨੂੰ ਜ਼ਿਆਦਾ ਤਰਜੀਹ ਦੇਣਾ ਵੀ ਮੂਰਖਤਾ ਹੈ।

-ਦਿਕਸ਼ਾ ਸ਼ਰਮਾ
ਬਸੀ ਪਠਾਣਾ (ਫ਼ਤਹਿਗੜ੍ਹ ਸਾਹਿਬ)

ਪ੍ਰਦੂਸ਼ਣ

ਅੱਜ-ਕੱਲ੍ਹ ਪ੍ਰਦੂਸ਼ਣ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ ਜੋ ਸਾਡੇ ਸਿਹਤ, ਜੀਵਨ ਸ਼ੈਲੀ ਅਤੇ ਪਰਿਵਾਰ ਨੂੰ ਪ੍ਰਭਾਵਿਤ ਕਰ ਰਹੀ ਹੈ। ਹਵਾ, ਪਾਣੀ ਅਤੇ ਧਰਤੀ ਦੇ ਪ੍ਰਦੂਸ਼ਣ ਦੇ ਕਾਰਨ ਸਾਨੂੰ ਬਹੁਤ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਚਿਆਂ ਦੀ ਸਿਹਤ 'ਤੇ ਇਸ ਦੇ ਨਕਾਰਾਤਮਿਕ ਪ੍ਰਭਾਵ ਦੇ ਨਾਲ-ਨਾਲ ਵੱਡੇ ਲੋਕਾਂ ਵਿਚ ਵੀ ਬਹੁਤ ਸਾਰੇ ਰੋਗਾਂ ਦਾ ਖ਼ਤਰਾ ਵਧ ਰਿਹਾ ਹੈ। ਇਸ ਲਈ ਸਾਨੂੰ ਇਸ ਮੁੱਦੇ 'ਤੇ ਧਿਆਨ ਦਿੰਦਿਆਂ ਇਸ ਨੂੰ ਰੋਕਣ ਲਈ ਪਹਿਲਕਦਮੀ ਕਰਨ ਦੀ ਲੋੜ ਹੈ। ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ। ਸਾਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਵਾਤਾਵਰਨ ਦੀ ਸੁਰੱਖਿਆ ਲਈ ਆਪਣੇ ਯਤਨਾਂ ਨਾਲ ਇਸ 'ਚ ਯੋਗਦਾਨ ਪਾਉਣਾ ਚਾਹੀਦਾ ਹੈ।

-ਨੀਲਾਕਸ਼ੀ
ਫਗਵਾੜਾ