ਪ੍ਰਯਾਗਰਾਜ, 10 ਫਰਵਰੀ (ਮੋਹਿਤ ਸਿੰਗਲਾ) - ਪ੍ਰਯਾਗਰਾਜ ਅਤੇ ਹਰਿਦੁਆਰ ਵਰਗੇ ਪਵਿੱਤਰ ਸਥਾਨਾਂ ’ਤੇ ਕੁੰਭ ਮੇਲੇ ਦਾ ਆਯੋਜਨ ਆਮ ਤੌਰ ’ਤੇ ਹਰ 12ਵੇਂ ਸਾਲ ਹੁੰਦਾ ਹੈ, ਪਰ, ਖ਼ਾਸ ਖਗੋਲੀ ਸਥਿਤੀਆਂ ਦੇ ਚੱਲਦਿਆਂ ਇਹ ਕੁੰਭ ਕਈ ਵਾਰ 11ਵੇਂ ਸਾਲ ਵਿਚ ਵੀ ਕੀਤਾ ਗਿਆ ਹੈ। ਹਾਲੀਆ ਸਾਲਾਂ ਵਿਚ, ਇਹ 2021 ਵਿਚ ਹਰਿਦੁਆਰ ਕੁੰਭ ਅਤੇ 1977 ਵਿਚ ਪ੍ਰਯਾਗਰਾਜ ਕੁੰਭ ਦੇ ਸਮੇਂ ਵਾਪਰਿਆ।ਕੁੰਭ ਮੇਲੇ ਦੀਆਂ ਤਾਰੀਖਾਂ ਜੋਤਿਸ਼ ਵਿਦਿਆ ਅਤੇ ਗ੍ਰਹਿ-ਨਸ਼ੱਤਰਾਂ ਦੀ ਸਥਿਤੀ ’ਤੇ ਆਧਾਰਿਤ ਹੁੰਦੀਆਂ ਹਨ।ਜਦੋਂ ਸੂਰਜ ਮੇਖ ਰਾਸ਼ੀ ਵਿਚ ਅਤੇ ਬ੍ਰਹਸਪਤੀ ਕੁੰਭ ਰਾਸ਼ੀ ਵਿਚ ਹੁੰਦੇ ਹਨ ਤਾਂ ਹਰਿਦੁਆਰ ਕੁੰਭ ਦਾ ਆਯੋਜਨ ਕੀਤਾ ਜਾਂਦਾ ਹੈ। 2021 ਵਿਚ ਇਹੀ ਸਥਿਤੀ ਬਣੀ, ਜਿਸ ਕਰਕੇ ਇਹ ਕੁੰਭ 11ਵੇਂ ਸਾਲ ਵਿਚ ਹੋਇਆ। ਪ੍ਰਯਾਗਰਾਜ ਮਕਰ ਰਾਸ਼ੀ ਵਿਚ ਸੂਰਜ ਅਤੇ ਚੰਦਰਮਾ ਦੀ ਸਥਿਤੀ ਨਾਲ, ਬ੍ਰਹਸਪਤੀ ਦਾ ਮੇਖ ਰਾਸ਼ੀ ਵਿਚ ਹੋਣਾ ਮੁੱਖ ਆਧਾਰ ਮੰਨਿਆ ਜਾਂਦਾ ਹੈ। 1977 ਵਿਚ ਇਹ ਯੋਗ 11ਵੇਂ ਸਾਲ ਵਿਚ ਹੀ ਬਣ ਗਿਆ।1965 ਅਤੇ 1966 ਵਿਚ ਪ੍ਰਯਾਗਰਾਜਵਿਖੇ ਦੋ ਸਾਲਾਂ ’ਚ ਕੁੰਭ ਮੇਲੇ ਦਾ ਆਯੋਜਨ ਕੀਤਾ ਗਿਆ। ਇਹ ਇਕ ਵਿਲੱਖਣ ਸਥਿਤੀ ਸੀ, ਜੋ ਜੋਤਿਸ਼ ਗਣਨਾਵਾਂ ’ਤੇ ਆਧਾਰਿਤ ਸੀ। ਜਦੋਂ ਕਿ ਹਰਿਦੁਆਰ ਵਿਚ ਇਹ ਸਥਿਤੀ 83 ਸਾਲਾਂ ਦੇ ਅੰਤਰਾਲ ’ਤੇ ਬਣਦੀ ਹੈ। ਇਸ ਤੋਂ ਪਹਿਲਾਂ 1938 ਵਿਚ ਵੀ ਕੁੰਭ 11ਵੇਂ ਸਾਲ ਹੋਇਆ ਸੀ। ਧਾਰਮਿਕ ਧਾਰਨਾਵਾਂ ਮੁਤਾਬਕ ਇੰਦਰ ਪੁੱਤਰ ਜੈਂਤ ਨੂੰ ਅੰਮ੍ਰਿਤ ਕਲਸ਼ ਲੈ ਕੇ ਸਵਰਗ ਪਹੁੰਚਣ ਵਿਚ 12 ਦਿਨ ਲੱਗੇ ਸਨ। ਕਿਉਂਕਿ ਦੇਵਤਿਆਂ ਦਾ ਇਕ ਦਿਨ ਧਰਤੀ ਦੇ ਇਕ ਸਾਲ ਦੇ ਬਰਾਬਰ ਮੰਨਿਆ ਜਾਂਦਾ ਹੈ, ਇਸ ਲਈ ਕੁੰਭ ਮੇਲੇ ਦਾ ਆਯੋਜਨ 12 ਸਾਲਾਂ ਵਿਚ ਕੀਤਾ ਜਾਂਦਾ ਹੈ। ਪਰ ਜਦੋਂ ਜੋਤਿਸ਼ ਗਣਨਾ ਅਨੁਸਾਰ ਕੁੰਭ ਯੋਗ 12 ਸਾਲਾਂ ਤੋਂ ਪਹਿਲਾਂ ਬਣ ਜਾਂਦਾ ਹੈ, ਤਾਂ ਮੇਲਾ 11ਵੇਂ ਸਾਲ ਵਿਚ ਕਰਨਾ ਜਰੂਰੀ ਬਣ ਜਾਂਦਾ ਹੈ। ਧਾਰਮਿਕ ਅਤੇ ਜੋਤਿਸ਼ੀ ਮਾਮਲਿਆਂ ਦੇ ਮਾਹਿਰ ਮੰਨਦੇ ਹਨ ਕਿ ਕੁੰਭ ਦਾ ਆਯੋਜਨ ਧਰਮ ਅਤੇ ਖਗੋਲੀ ਗਣਨਾਵਾਂ ਦਾ ਸੰਮੇਲਨ ਹੈ। ਹਰਿਦੁਆਰ ਅਤੇ ਪ੍ਰਯਾਗਰਾਜ ਵਰਗੇ ਤੀਰਥ ਸਥਾਨਾਂ ’ਤੇ ਜਦੋਂ ਗ੍ਰਹਿਆਂ ਦੀ ਵਿਲੱਖਣ ਸਥਿਤੀ ਬਣਦੀ ਹੈ, ਤਦ ਕੁੰਭ ਨੂੰ 11ਵੇਂ ਸਾਲ ’ਚ ਕਰਨਾ ਲਾਜ਼ਮੀ ਹੋ ਜਾਂਦਾ ਹੈ। ਹਰਿਦੁਆਰ ਅਤੇ ਪ੍ਰਯਾਗਰਾਜ ਵਿਚ 11ਵੇਂ ਸਾਲ ’ਚ ਕੁੰਭ ਦਾ ਆਯੋਜਨ ਸਿਰਫ ਧਾਰਮਿਕ ਪਰੰਪਰਾ ਹੀ ਨਹੀਂ, ਸਗੋਂ ਜੋਤਿਸ਼ ਅਤੇ ਖਗੋਲ ਵਿਗਿਆਨ ਦੇ ਵੱਖਰੇ ਸੰਬੰਧ ਨੂੰ ਦਰਸਾਉਂਦਾ ਹੈ। ਇਨ੍ਹਾਂ ਵਿਸ਼ੇਸ਼ ਆਯੋਜਨਾਂ ਦਾ ਨਾ ਸਿਰਫ਼ ਅਧਿਆਤਮਿਕ ਸਗੋਂ ਵਿਗਿਆਨਕ ਨਜ਼ਰੀਏ ਤੋਂ ਵੀ ਵਿਲੱਖਣ ਮਹੱਤਵ ਹੈ।