09-02-2025
ਜ਼ਿੰਦਗੀ ਦੀ ਖ਼ੁਸ਼ਬੂ
ਲੇਖਕ : ਡਾ. ਸ਼ਿਆਮ ਸੁੰਦਰ ਦੀਪਤੀ
ਪ੍ਰਕਾਸ਼ਕ : ਪੀਪਲਜ਼ ਫ਼ੋਰਮ ਬਰਗਾੜੀ, ਫ਼ਰੀਦਕੋਟ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 98158-08506
ਡਾ. ਸ਼ਿਆਮ ਸੁੰਦਰ ਦੀਪਤੀ ਪੰਜਾਬੀ ਸਾਹਿਤ ਜਗਤ ਵਿਚ ਸਿਰਕੱਢ ਲੇਖਕਾਂ ਵਿਚੋ ਇੱਕ ਹਨ। ਡਾ. ਸਾਹਿਬ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਬਤੌਰ ਪ੍ਰੋਫੈਸਰ ਤੇ ਮੁਖੀ ਵਜੋਂ ਭੂਮਿਕਾ ਨਿਭਾਅ ਰਹੇ ਹਨ। ਡਾ. ਸ਼ਿਆਮ ਸੁੰਦਰ ਦੀਪਤੀ ਨੇ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ 'ਚ ਆਪਣੀ ਕਲਮ ਨੂੰ ਸਾਰਥਕ ਬਣਾਇਆ ਹੈ। 'ਜ਼ਿੰਦਗੀ ਦੀ ਖ਼ੁਸ਼ਬੂ' ਡਾ. ਸ਼ਿਆਮ ਦਾ ਨਿਵੇਕਲਾ ਵਾਰਤਕ ਸੰਗ੍ਰਹਿ ਹੈ। ਜ਼ਿੰਦਗੀ ਦੀ ਖ਼ੁਸ਼ਬੂ ਸਿਰਲੇਖ ਆਪਣੇ ਨਾਂਅ ਨੂੰ ਸਿੱਧ ਕਰਦਾ ਹੋਇਆ, ਜ਼ਿੰਦਗੀ ਦੇ ਹਰ ਪਹਿਲੂ ਤੋਂ ਵਾਕਿਫ਼ ਕਰਵਾਉਂਦਾ ਹੈ ਸੁਚੱਜੀ ਜੀਵਨ ਸ਼ੈਲੀ ਨੂੰ ਅਪਣਾ ਜ਼ਿੰਦਗੀ ਜਿਊਣ ਦੀ ਜਾਚ ਸਿਖਾਉਂਦਾ ਹੈ। ਅਜੋਕੇ ਪਦਾਰਥਵਾਦੀ ਬੇ-ਪਰਵਾਹ ਜਗਤ ਵਿਚ ਵਿਚਰਦੇ ਜਦੋਂ ਮਨੁੱਖ ਆਪਣੇ-ਆਪ ਨੂੰ ਇਕੱਲਾ, ਉਦਾਸ, ਉਦਰੇਵਿਆਂ ਨਾਲ ਗ੍ਰਸਿਆ, ਦਿਸ਼ਾਹੀਣ, ਮੰਤਵਹੀਣ, ਮੋਹ-ਵਿਹੁਣਾ ਮਹਿਸੂਸ ਕਰਦਾ ਹੈ, ਉੱਥੇ ਮਨੁੱਖੀ ਅੰਤਰ ਮਨ ਅਤੇ ਜ਼ਿਹਨ ਕਿਸੇ ਸਕਾਰਾਤਮਕ ਮਾਰਗ-ਦਰਸ਼ਨ ਦੀ ਉਮੀਦ ਕਰਦਾ ਹੈ। ਅਜਿਹੇ ਪੱਧਰ ਉੱਤੇ ਜ਼ਿੰਦਗੀ ਦੀ ਖ਼ੁਸ਼ਬੂ ਪੁਸਤਕ ਮਾਨਵੀ ਸੰਵੇਦਨਾਵਾਂ ਨੂੰ ਸਮਝਦੀ ਹੋਈ ਮਦਦਗਾਰ ਸਾਬਿਤ ਹੁੰਦੀ ਹੈ। ਇਹ ਪੁਸਤਕ ਆਪਣੇ ਅੰਤਰਗਤ ਜੀਵਨ ਦੇ ਵਿਭਿੰਨ ਵਿਸ਼ਿਆਂ ਨੂੰ ਪ੍ਰਗਟ ਕਰਦੀ ਹੋਈ 42 ਲੇਖਾਂ ਨੂੰ ਸੰਜੋਈ ਬੈਠੀ ਹੈ। ਇਹ ਪੁਸਤਕ ਦਾ ਸਫ਼ਰ ਮਨੁੱਖਤਾ ਵੱਲ ਪਹਿਲ਼ਾ ਕਦਮ ਚੁੱਕਣ ਤੇ ਮਨੁੱਖਤਾ ਵਿਚ ਵਿਸ਼ਵਾਸ ਰੱਖਣ ਤੋਂ ਸ਼ੁਰੂ ਹੁੰਦਾ ਹੋਇਆ ਸੰਘਰਸ਼ਮਈ ਜੀਵਨ ਸ਼ੈਲੀ ਦੇ ਪੱਖਾਂ ਨੂੰ ਬਿਆਨਦਾ ਹੋਇਆ ਮਨੁੱਖਾਂ ਦੇ ਇਕਮਿਕ ਹੋਣ ਤੋਂ ਇੱਕਸੁਰ ਹੋਣ ਤੱਕ ਜਾ ਨਿੱਬੜਦਾ ਹੈ। ਜਿੱਥੇ ਅੱਜਕਲ੍ਹ ਦੀ ਪੀੜ੍ਹੀ ਮੈਨੀਫੈਸਟੇਸ਼ਨ ਵਰਗੇ ਵਿਚਾਰਾਂ ਨੂੰ ਬੇਸੁੱਧ ਹੋ ਅਪਣਾਉਂਦੀ ਹੈ, ਉੱਥੇ ਉਹ ਕਿਰਤ ਨਾਲ ਵਿਕਸਿਤ ਹੁੰਦੀ-ਸੋਚ ਲੇਖ ਵਿਚ ਕਿਰਤ ਦੇ ਮਹਤੱਵ ਨੂੰ ਬਿਆਨਦੇ ਇਹ ਆਖਦੇ ਹਨ 'ਹਰਕਤ ਤੋਂ ਬਗੈਰ ਸੋਚ ਅਪਾਹਿਜ ਹੁੰਦੀ ਹੈ।' ਜੋ ਅੱਜਕਲ੍ਹ ਦੀ ਉਸ ਸੋਚ ਨੂੰ ਦਮਦਾਰ ਸੰਦੇਸ਼ ਦਿੰਦੀ ਹੋਈ ਇੱਕ ਫਿਟਕਾਰ ਲਾਉਂਦੀ ਹੈ, ਜੋ ਮੁਸ਼ਕਤ ਤੋਂ ਜੀਅ ਚੁਰਾਉਂਦੀ ਹੋਈ ਆਪਣੇ ਲਈ &ess efforts and max}mum res&u&t ਵਰਗੀ ਬੇ-ਸਿਰ-ਪੈਰ ਦੀ ਫਿਲਾਸਫੀ ਦੇ ਅੰਬਾਰ ਨੂੰ ਉਜਾਗਰ ਕਰਦੇ ਹਨ ਅਤੇ ਆਪਣੇ ਸੁਪਨ ਜਗਤ ਵਿਚ ਗੁਆਚੇ ਖ਼ਿਆਲੀ ਪੁਲਾਓ ਪਕਾਉਂਦੇ ਰਹਿੰਦੇ ਹਨ। ਆਤਮ-ਨਿਰਭਰਤਾ ਦਾ ਪਾਠ ਪੜ੍ਹਾਉਂਦੇ ਹੋਏ ਇਹ ਪੁਸਤਕ ਵਿਚ ਡਾ. ਸਾਹਿਬ ਹੌਸਲੇ ਦੇ ਮਹੱਤਵ ਨੂੰ ਉਜਾਗਰ ਕਰਦੇ 'ਹੌਂਸਲਾ ਹੀ ਹਿੰਮਤ ਹੈ, ਹਿੰਮਤ ਹੀ ਲੈ ਜਾਂਦੀ ਹੈ ਬੁਲੰਦੀਆਂ 'ਤੇ' ਲੇਖ ਵਿਚ ਉਹ ਆਖਦੇ ਹਨ:- 'ਡਰ ਸਭ ਤੋਂ ਵੱਡਾ ਹਥਿਆਰ ਹੈ, ਹਿੰਮਤ ਨੂੰ ਕੁਰਾਹੇ ਪਾਉਣ ਦਾ।' ਆਪਣੇ-ਆਪ ਨਾਲ ਮੁਕਾਬਲਾ ਲੇਖ ਸਾਨੂੰ ਆਪਣੇ-ਆਪ ਨਾਲ ਵਿਰੇਚਨ ਦੀ ਜਾਚ ਸਿਖਾਉਂਦਾ, ਜਿਸ ਵਿਚ ਡਾ. ਸਾਹਿਬ ਉਲੇਖਦੇ ਹਨ, ਸਵੈ-ਪੜਚੌਲ ਸਾਨੂੰ ਸਵੈ-ਅਨੁਸਾਸ਼ਨ ਸਿਖਾਉਂਦਾ ਹੈ। ਜਿੱਥੇ ਅਜੋਕੀ ਪੀੜ੍ਹੀ ਕਰਮ-ਕਾਡਾਂ, ਹਾਜ਼ਰ ਮੋਤੀ-ਨੱਗ, ਆਪਣੇ ਸਿਤਾਰਿਆਂ ਨੂੰ ਉਲਟਾ-ਸਿੱਧਾ ਕਰ ਕਾਮਯਾਬ ਹੋਣਾ ਲੋਚਦੇ ਹਨ, ਹਰ ਕੰਮ ਮਹੂਰਤ 'ਤੇ ਕਰਨ ਵਰਗੀ ਢੌਂਗੀ ਮਾਪਦੰਡਾਂ ਵਿਚ ਗੁਆਚੇ ਪਏ ਹਨ, ਉਨ੍ਹਾਂ ਨੂੰ ਡਾ. ਸ਼ਿਆਮ ਸੰਦੇਸ਼ ਦਿੰਦੇ ਹਨ- 'ਸਫ਼ਲਤਾ ਦਾ ਗੁਰ ਹੈ-ਨਿਰੰਤਰਤਾ। ਸਫ਼ਲਤਾ ਦਾ ਰਹੱਸ ਹੈ ਜੀਵਨ ਸ਼ੈਲੀ ਵਿਚ ਆਦਤ। ਨਾ ਕੋਈ ਇਸ ਦੇ ਲਈ ਵਾਜਬ ਮਹੂਰਤ ਹੁੰਦਾ ਹੈ, ਨਾ ਕੋਈ ਖ਼ਾਸ ਸਮਾਂ ਤੇ ਨਾ ਹੀ ਕੋਈੂ ਅੰਤਿਮ ਸਮਾਂ।' ਡਾ. ਸ਼ਿਆਮ ਸੁੰਦਰ ਦੀਪਤੀ ਦੀ ਵਾਰਤਕ-ਸ਼ੈਲੀ ਦੀ ਖੂਬੀ ਉਨ੍ਹਾਂ ਦੀ ਵਿਸ਼ੇ ਦੀ ਲੜੀਬੱਧਤਾ ਅਤੇ ਸੰਬੰਧੀ ਵਿਸ਼ੇ ਦੀ ਵਾਰਤਾਲਾਪੀ ਸ਼ੈਲੀ ਹੈ। ਇਸ ਪੁਸਤਕ ਵਿਚ ਪਾਠਕ ਲੇਖ ਪੜ੍ਹਨਾ ਸ਼ੁਰੂ ਕਰਦਾ ਹੈ ਤਾਂ ਮਹਿਸੂਸ ਕਰਦਾ ਹੈ, ਜਿਵੇਂ ਉਹ ਇਸ ਪੁਸਤਕ ਨਾਲ ਸਵੈ-ਸੰਵਾਦ ਰਚਾ ਰਿਹਾ ਹੋਵੇ। ਆਧੁਨਿਕ ਪੀੜ੍ਹੀ ਜਿੱਥੇ ਡਿਪਰੈਸ਼ਨ, ਚਿੰਤਾ, ਤਣਾਅ ਵਰਗੀਆਂ ਨਾ-ਮੁਰਾਦ ਅਲਾਮਤਾਂ ਨਾਲ ਗ੍ਰਸੀ ਪਈ ਹੈ, ਉੱਥੇ ਹੀ ਇਹ ਪੁਸਤਕ ਇੱਕ ਮਾਰਗ-ਦਰਸ਼ਕ ਵਜੋਂ ਉਭਰਦੀ ਹੈ। ਡਾ. ਸ਼ਿਆਮ ਸੁੰਦਰ ਦੀਪਤੀ ਆਪ ਸਾਇਕਾਲੋਜੀ ਦੇ ਹਰ ਪੜਾਅ 'ਤੇ ਪੱਧਰ ਨੂੰ ਸਮਝਣ ਦੇ ਮਾਹਿਰ ਹਨ ਤਾਂ ਉਨ੍ਹਾਂ ਨੇ ਮਨੁੱਖ ਅਤੇ ਮਨੁੱਖਤਾ ਦੇ ਹਰ ਪੱਖ ਨੂੰ ਖੰਗੋਲਦੇ ਹੋਏ ਇਸ ਪੁਸਤਕ ਰਾਹੀਂ ਪਾਠਕਾਂ ਨੂੰ ਸਹੀ ਸੇਧ ਦਿੰਦੇ ਹਨ।ਇਸ ਲਈ ਡਾ. ਸਾਹਿਬ ਆਧੁਨਿਕ ਦਿਸ਼ਾਹੀਣ ਪੀੜ੍ਹੀ ਲਈ ਜੀਵਨ ਨੂੰ ਸਾਰਥਕਤਾ ਦੇ ਪੱਧਰ ਉੱਤੇ ਜਿਊਣ ਦੀ ਸ਼ੈਲੀ ਨੂੰ ਸਿਖਾਉਂਦੇ ਹੋਏ, ਉਨ੍ਹਾਂ ਦੇ ਸਾਰਥੀ ਵਜੋਂ ਉੱਭਰਦੇ ਹਨ।
-ਜਸਕਿਰਨਜੀਤ ਕੌਰ
ਮੋਬਾਈਲ : 88476-94338
ਮਿਲਦੇ ਮੁਕੱਦਰਾਂ ਨਾਲ ਹੀ
'ਰੱਬੀ ਬੈਰੋਂਪੁਰੀ ਟਿਵਾਣਾ'
ਸੰਪਾਦਕ : ਮਨਦੀਪ ਕੌਰ ਟਿਵਾਣਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 100
ਸੰਪਰਕ : 98764-84743
ਮਨਦੀਪ ਕੌਰ ਟਿਵਾਣਾ ਵਲੋਂ ਸੰਪਾਦਿਤ ਕੀਤੀ ਹਥਲੀ ਪੁਸਤਕ 'ਮਿਲਦੇ ਮੁਕੱਦਰਾਂ ਨਾਲ ਹੀ' ਪੁਆਧੀ ਸਾਹਿਤ ਦੇ ਸ਼ਹਿਨਸ਼ਾਹ ਮੰਨੇ ਜਾਂਦੇ ਉਨ੍ਹਾਂ ਦੇ ਸਤਿਕਾਰਯੋਗ ਦਾਦਾ ਜੀ ਰੱਬੀ ਬੈਰੋਂਪੁਰੀ ਟਿਵਾਣਾ ਦੀਆਂ ਲਿਖਤਾਂ ਨਾਲ ਸੁਸ਼ੋਭਿਤ ਸੰਗ੍ਰਹਿ ਹੈ, ਜਿਨ੍ਹਾਂ ਨੇ ਲਗਭਗ ਅੱਧੀ ਸਦੀ ਤੱਕ ਆਪਣੀ ਸਿਰਜਣਾ, ਗਾਇਕੀ, ਭੰਗੜੇ ਅਤੇ ਅਦਾਕਾਰੀ ਨਾਲ ਲੋਕ-ਮਨਾਂ 'ਤੇ ਰਾਜ ਕੀਤਾ। ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਬਹੁਤ ਹੀ ਸਹਿਜਤਾ ਨਾਲ ਬਿਆਨ ਕਰ ਦੇਣਾ ਉਨ੍ਹਾਂ ਦੀ ਲੇਖਣੀ ਦਾ ਹਾਸਿਲ ਹੈ:
ਗਰਜ਼ ਬਿਨਾਂ ਏਸ ਦੁਨੀਆ ਦੇ ਵਿਚ,
ਕੋਈ ਕਿਸੇ ਦਾ ਯਾਰ ਨਹੀਂ,
ਗਰਜ਼ ਬਿਨਾਂ ਤਾਂ ਅੱਜਕੱਲ੍ਹ ਕੋਈ,
ਕਰਦਾ ਕਿਸੇ ਨੂੰ ਪਿਆਰ ਨਹੀਂ।
ਰੱਬੀ ਬੈਰੋਂਪੁਰੀ ਟਿਵਾਣਾ ਇਸ ਵਿਚਾਰ ਦੇ ਧਾਰਨੀ ਸਨ ਕਿ ਮਨੁੱਖ ਹਮੇਸ਼ਾ ਹੀ ਬੀਤੇ ਸਮੇਂ ਵਿਚ ਆਪਣੇ ਕੋਲੋਂ ਹੋਈਆਂ ਗ਼ਲਤੀਆਂ ਦੇ ਪਛਤਾਵੇ ਕਾਰਨ ਨਿਰਾਸ਼ਾ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵਾਪਰਨ ਵਾਲੀਆਂ ਸੰਭਾਵਿਤ ਦੁਰਘਟਨਾਵਾਂ ਦੇ ਡਰ ਕਾਰਨ ਭੈਅ-ਭੀਤ ਰਹਿੰਦਾ ਹੈ, ਜਿਨ੍ਹਾਂ ਵਿਚੋਂ ਬਹੁਤੀਆਂ ਨੇ ਤਾਂ ਕਦੇ ਵਾਪਰਨਾ ਹੀ ਨਹੀਂ ਹੁੰਦਾ। ਜੇਕਰ ਮਨੁੱਖ ਨੂੰ ਵਰਤਮਾਨ ਵਿਚ ਜਿਊਣ ਦੀ ਜਾਚ ਆ ਜਾਵੇ, ਤਾਂ ਉਸ ਦਾ ਜੀਵਨ ਵਿਸਮਾਦੀ ਆਨੰਦ ਨਾਲ ਭਰ ਜਾਂਦਾ ਹੈ:
ਗਈ ਬੀਤ ਘੜੀ, ਜੋ ਗੁਜ਼ਰ ਗਈ,
ਪੱਲੇ ਪਾ ਬੇਚੈਨੀਆਂ ਕੀ ਬਣਦੈ,
ਅਸੀਂ ਬੀਤ ਗਈ 'ਤੇ ਰੋਂਦੇ ਨਹੀਂ,
ਰੱਤੀ ਭਰ ਪਛਤਾਵਾ ਕਰਦੇ ਨਹੀਂ।
ਮਨਦੀਪ ਕੌਰ ਟਿਵਾਣਾ ਨੇ ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡ ਕੇ ਹੋਰ ਵੀ ਖ਼ੂਬਸੂਰਤ ਬਣਾ ਦਿੱਤਾ ਹੈ। ਪਹਿਲੇ ਭਾਗ ਵਿਚ ਉਨ੍ਹਾਂ ਦੀਆਂ ਛੱਬੀ ਕੱਵਾਲੀਆਂ ਅਤੇ ਦੂਜੇ ਭਾਗ ਵਿਚ ਪੱਚੀ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ। ਰੱਬੀ ਬੈਰੋਂਪੁਰੀ ਟਿਵਾਣਾ ਦੇ ਅਧੂਰੇ ਰਹਿ ਗਏ ਕਾਰਜਾਂ ਨੂੰ ਪੂਰਾ ਕਰਨ ਦਾ ਉਨ੍ਹਾਂ ਵਲੋਂ ਜਾਰੀ ਰੱਖਿਆ ਹੋਇਆ ਇਹ ਵਡਮੁੱਲਾ ਕਾਰਜ ਬੇਹੱਦ ਸ਼ਲਾਘਾਯੋਗ ਹੈ। ਅਜਿਹੀ ਉਮੀਦ ਉਨ੍ਹਾਂ ਵਰਗੀ ਲਾਇਕ ਸੰਤਾਨ ਤੋਂ ਹੀ ਰੱਖੀ ਜਾ ਸਕਦੀ ਹੈ। ਮੈਨੂੰ ਯਕੀਨ ਹੈ ਕਿ ਉਨ੍ਹਾਂ ਦੀਆਂ ਪਹਿਲੀਆਂ ਪੁਸਤਕਾਂ ਵਾਂਗ ਇਸ ਪੁਸਤਕ ਨੂੰ ਵੀ ਸੁਹਿਰਦ ਪਾਠਕ ਜ਼ਰੂਰ ਆਪਣੇ ਮੱਥੇ ਨਾਲ ਲਗਾਉਣਗੇ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਮਨ ਦੀ ਵੇਈਂ
ਗ਼ਜ਼ਲਕਾਰ : ਤੇਜਿੰਦਰ ਸਿੰਘ ਅਨਜਾਨਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 94179-38047
ਪੰਜਾਬੀ ਗ਼ਜ਼ਲ ਬਦਲ ਗਈ ਹੈ ਤੇ ਹੋਰ ਬਦਲ ਰਹੀ ਹੈ। ਗ਼ਜ਼ਲ ਲਹਿਰ ਦੇ ਸ਼ੁਰੂਆਤੀ ਦੌਰ ਤੇ ਅਜੋਕੇ ਦੌਰ ਦੀ ਗ਼ਜ਼ਲ ਵਿਚ ਬਹੁਤ ਤਬਦੀਲੀਆਂ ਹੋਈਆਂ ਹਨ। ਮੌਜੂਦਾ ਕਾਲ ਦੀ ਪੰਜਾਬੀ ਗ਼ਜ਼ਲ ਦੇ ਨਾਲ ਰਲਣ ਲਈ ਹਰ ਗ਼ਜ਼ਲਕਾਰ ਨੂੰ ਗੂੜ੍ਹੀਆਂ ਪੈੜਾਂ ਛੱਡਦਿਆਂ ਤੇਜ਼ ਰਫ਼ਤਾਰ ਹੋਣਾ ਪਵੇਗਾ ਤੇ ਆਪਣੀ ਪਹਿਚਾਣ ਤੇ ਨਕਸ਼ ਵੀ ਅਲਹਿਦਾ ਰੱਖਣੇ ਪੈਣਗੇ। ਖ਼ੁਸ਼ੀ ਹੈ 'ਮਨ ਦੀ ਵੇਈਂ' ਗ਼ਜ਼ਲ ਸੰਗ੍ਰਹਿ ਦਾ ਗ਼ਜ਼ਲਕਾਰ ਤੇਜਿੰਦਰ ਅਨਜਾਨਾ ਵੀ ਇਸ ਸੰਬੰਧੀ ਯਤਨਸ਼ੀਲ ਹੈ। ਜਦੋਂ ਕੋਈ ਸੱਜਰਾ ਹਸਤਾਖ਼ਰ ਸੱਜਰਾ ਸਿਰਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨਿਸ਼ਚੇ ਹੀ ਉਸ ਨੂੰ ਮਨਚਾਹਿਆ ਪ੍ਰਾਪਤ ਹੁੰਦਾ ਹੈ। 'ਮਨ ਦੀ ਵੇਈਂ' ਦੀ ਪਹਿਲੀ ਗ਼ਜ਼ਲ ਹੀ ਮਨ ਤ੍ਰਿਪਤ ਕਰ ਦਿੰਦੀ ਹੈ, ਜਿਸ ਵਿਚ ਅਗਨ ਦੇ ਦਰਿਆ 'ਤੇ ਕਿਸ਼ਤੀਆਂ ਦੇ ਤਰਨ ਦਾ ਜ਼ਿਕਰ ਮਿਲਦਾ ਹੈ। ਅਨਜਾਨਾ ਦੀ 'ਬਲ਼ਦੇ ਅੱਖਰ ਵੇਖ' ਰਦੀਫ਼ ਵਾਲੀ ਗ਼ਜ਼ਲ ਵੀ ਇਸ਼ਾਰਿਆਂ ਵਿਚ ਬੜਾ ਕੁਝ ਆਖਦੀ ਹੈ, ਦਰਅਸਲ ਗ਼ਜ਼ਲ ਵਿਧਾ ਮੰਗ ਵੀ ਏਹੀ ਕਰਦੀ ਹੈ, ਸਿੱਧੀ ਤੇ ਨਿਰੇ ਤੋਲ ਤੁਕਾਂਤ ਵਾਲੀ ਗ਼ਜ਼ਲ ਦਾ ਹੁਣ ਜ਼ਮਾਨਾ ਨਹੀਂ ਰਿਹਾ। ਪਰ ਪੁਸਤਕ ਦੀਆਂ ਆਖ਼ਰੀ ਕੁਝ ਗ਼ਜ਼ਲਾਂ ਵਿਚ ਇਹ ਬਰਕਰਾਰੀ ਨਹੀਂ ਰਹਿ ਸਕੀ। ਗ਼ਜ਼ਲਕਾਰ ਦੇ ਸ਼ਿਅਰਾਂ ਵਿਚ ਇਤਿਹਾਸ ਤੇ ਮਿਥਹਾਸ ਦੇ ਹਵਾਲੇ ਦੱਸਦੇ ਹਨ ਕਿ ਉਸ ਦੀ ਲਿਖਣ ਦੇ ਨਾਲ ਨਾਲ ਅਧਿਐਨ ਵਿਚ ਵੀ ਦਿਲਚਸਪੀ ਹੈ, ਜੋ ਕਿਸੇ ਵੀ ਕਲਮਕਾਰ ਲਈ ਅਤੀ ਜ਼ਰੂਰੀ ਹੁੰਦੀ ਹੈ। ਉਹ ਜ਼ਿੰਦਗੀ ਨੂੰ ਅਲੱਗ ਕੋਣ ਤੋਂ ਦੇਖਦਾ ਹੈ ਤੇ ਬਹੁਤੇ ਥਾਈਂ ਕਿਸੇ ਬਿੰਦੂ ਬਾਰੇ ਉਸ ਦੀ ਰਾਇ ਵੱਖਰੀ ਹੈ। ਉਸ ਨੂੰ ਘਟਾਵਾਂ, ਇਛਾਵਾਂ, 'ਵਾਵਾਂ ਤੇ ਛਾਵਾਂ 'ਚੋਂ ਵਿਰਲਾਪ ਸੁਣਾਈ ਦਿੰਦਾ ਹੈ ਤੇ ਦਸਤਾਰ, ਰੁਜ਼ਗਾਰ, ਸਤਿਕਾਰ ਤੇ ਪਿਆਰ ਉਸ ਲਈ ਹੱਕ ਦੀ ਹੈਸੀਅਤ ਰੱਖਦੇ ਹਨ। ਉਸ ਦਾ ਮੰਨਣਾ ਹੈ ਕਿ ਅਨੁਭਵ, ਸਿਹਤ, ਸਮਰਪਣ ਤੇ ਸਿਹਤ ਬਿਨਾਂ ਕੀਤਾ ਕਾਰਜ ਕਦੇ ਬਿਹਤਰ ਨਹੀਂ ਹੋ ਸਕਦਾ। ਇਨ੍ਹਾਂ ਗ਼ਜ਼ਲਾਂ ਦੀ ਨਿਸ਼ਚੇ ਹੀ ਸ਼ਲਾਘਾ ਕਰਨੀ ਬਣਦੀ ਹੈ। ਕਈ ਪੰਨਿਆਂ 'ਤੇ ਮਹਿਜ਼ ਤਿੰਨ-ਤਿੰਨ ਸ਼ਿਅਰ ਅੱਖਰਦੇ ਹਨ ਤੇ ਇਸ ਦੀ ਥਾਂ ਪੁਸਤਕ ਦੇ ਸਫ਼ੇ ਘਟਾਏ ਜਾ ਸਕਦੇ ਸਨ। ਪਹਿਲੇ ਦਮਦਾਰ ਗ਼ਜ਼ਲ ਸੰਗ੍ਰਹਿ ਲਈ ਗ਼ਜ਼ਲਕਾਰ ਮੁਬਾਰਕਬਾਦ ਦਾ ਹੱਕ ਰੱਖਦਾ ਹੈ ਤੇ ਇਹ ਮੁਬਾਰਕ ਇਕ ਕਿਰਤੀ ਸ਼ਾਇਰ ਲਈ ਹੋਰ ਵੀ ਵੱਡੀ ਹੋਣੀ ਚਾਹੀਦੀ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰਕ ਵਿਰਸਾ
ਲੇਖਕ : ਡਾ. ਸੁਰਿੰਦਰ ਸਿੰਘ ਕੈਥਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 162
ਸੰਪਰਕ : 094160-73122
ਜਦੋਂ ਸਿਆਣੇ ਲੋਕ ਇਹ ਕਹਿੰਦੇ ਹਨ ਕਿ ਪੰਜਾਬੀ ਸੱਭਿਆਚਾਰਕ ਵਿਰਸਾ ਬਹੁਤ ਪ੍ਰਾਚੀਨ ਹੈ ਤੇ ਲੋਕਧਾਰਾ ਦੇ ਰੂਪਾਂ ਨੇ ਇਸ ਨੂੰ ਜੀਵੰਤ ਰੱਖਿਆ ਹੋਇਆ ਹੈ, ਤਾਂ ਇਹ ਗੱਲ ਸੌ ਫ਼ੀਸਦੀ ਸਹੀ ਨਜ਼ਰ ਆਉਂਦੀ ਹੈ। ਪੰਜਾਬੀ ਸੱਭਿਆਚਾਰ ਤੇ ਲੋਕਧਾਰਾ ਨਾਲ ਸੰਬੰਧਿਤ ਸਮੇਂ-ਸਮੇਂ 'ਤੇ ਡਾ. ਕਰਨੈਲ ਸਿੰਘ ਥਿੰਦ, ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਡਾ. ਤਰਲੋਕ ਸਿੰਘ ਕੰਵਰ ਤੇ ਕੁਝ ਹੋਰ ਸੱਜਣਾਂ ਨੇ ਖ਼ਾਸਾ ਕੰਮ ਕੀਤਾ ਹੋਇਆ ਹੈ। ਹੁਣ ਇਸ ਖੇਤਰ 'ਚ ਡਾ. ਸੁਰਿੰਦਰ ਸਿੰਘ ਕੈਥਲ ਨੇ ਇਸ ਖੋਜ ਪੁਸਤਕ ਰਾਹੀਂ ਆਪਣਾ ਕੀਮਤੀ ਹਿੱਸਾ ਪਾਇਆ ਹੈ। ਇਸ ਤੋਂ ਪਹਿਲਾਂ 'ਪੰਜਾਬੀ ਸੱਭਿਆਚਾਰ ਵਿਚ ਲੋਕ ਵਿਸ਼ਵਾਸ : ਰੂਪ ਤੇ ਧਾਰਨਾਵਾਂ' ਨਾਂਅ ਦੀ ਪੁਸਤਕ ਵੀ ਡਾ. ਸੁਰਿੰਦਰ ਸਿੰਘ ਕੈਥਲ ਦੀ ਕਲਮ ਤੋਂ ਪਾਠਕਾਂ ਕੋਲ ਪੁੱਜੀ ਹੈ।
ਚਰਚਾ ਅਧੀਨ ਪੁਸਤਕ ਦੇ ਕੁੱਲ 11 ਅਧਿਆਏ ਹਨ, ਜਿਹੜੇ ਪੰਜਾਬੀ ਲੋਕ ਧਰਮ, ਲੋਕ ਵਿਸ਼ਵਾਸ, ਪੰਜਾਬੀ ਰੀਤੀ-ਰਿਵਾਜ, ਜਾਦੂ ਟੂਣੇ, ਪੰਜਾਬੀ ਸ਼ਗਨ-ਅਪਸ਼ਗਨ, ਲੋਕ ਕਥਾਵਾਂ, ਲੋਕ ਨਾਟਕ, ਲੋਕ ਨ੍ਰਿਤ, ਪੰਜਾਬੀ ਲੋਕ ਗੀਤ ਤੇ ਲੋਕ ਕਥਾਵਾਂ, ਪੰਜਾਬੀ ਬੁਝਾਰਤਾਂ ਤੇ ਲੋਕ ਗਹਿਣੇ ਅਤੇ ਪੰਜਾਬੀ ਲੋਕ ਖੇਡਾਂ ਦੀ ਵਿਸਤ੍ਰਿਤ ਬਾਤ ਪਾਉਂਦੇ ਹਨ, ਜਿਸ ਵੀ ਵਿਸ਼ੇ ਨੂੰ ਲੇਖਕ ਨੇ ਨਿਭਾਉਣਾ ਆਰੰਭ ਕੀਤਾ, ਉਸ ਨੂੰ ਉਸ ਦੀ ਸਿਖ਼ਰ ਤੱਕ ਬੜੀ ਸੌਖੀ ਤੇ ਸਪੱਸ਼ਟ ਤੇ ਦਿਲਚਸਪ ਭਾਸ਼ਾ 'ਚ ਵਿਦਵਾਨ ਸੱਜਣਾਂ ਦੇ ਪੂਰੇ ਹਵਾਲਿਆਂ ਨਾਲ ਨਿਭਾਇਆ ਹੈ ਤੇ ਪਾਠਕਾਂ ਦੇ ਪੱਲੇ ਬਹੁਤ ਕੁਝ ਪਾਇਆ ਹੈ। ਮਿਸਾਲ ਵਜੋਂ ਡਾ. ਕੈਥਲ ਪਹਿਲੇ ਅਧਿਆਏ 'ਪੰਜਾਬੀ ਲੋਕ ਧਰਮ' ਵਿਚ ਆਰੰਭ ਵਿਚ ਹੀ ਸਪੱਸ਼ਟ ਕਰ ਦਿੰਦਾ ਹੈ ਕਿ ਸੱਭਿਆਚਾਰਕ ਪ੍ਰਸੰਗ ਵਿਚ 'ਲੋਕ ਧਰਮ' ਨੂੰ ਬਹੁਤ ਵਾਰੀ 'ਧਰਮ' ਦੇ ਅਰਥਾਂ 'ਚ ਲੈ ਲਿਆ ਜਾਂਦਾ ਹੈ ਪਰ ਦੋਵਾਂ ਦੀ (ਲੋਕ ਕਰਮ ਤੇ ਵਸ਼ਿਸ਼ਟ ਧਰਮ ਦੀ) ਪ੍ਰਕਿਰਤੀ ਵਿਚ ਢੇਰ ਅੰਤਰ ਹੈ।' ਸਾਰੇ ਅਧਿਆਇਆਂ ਵਿਚ ਕਈ ਫ਼ਿਕਰੇ ਤਾਂ ਅਟੱਲ ਸਚਾਈਆਂ ਵਰਗੇ ਹਨ। ਲੇਖਕ ਦੀ ਲਿਖਣ ਸ਼ੈਲੀ ਇਕ ਤਰ੍ਹਾਂ ਨਾਲ ਅਰਕ ਕੱਢ ਕੇ ਲਿਖਣ ਵਾਲੇ ਅੰਦਾਜ਼ ਦੀ ਹੈ। ਕੁਝ ਵੀ ਵਾਧੂ ਨਹੀਂ ਹੈ। ਹਰ ਫਿਕਰਾ ਸਾਰਥਕ ਹੈ। ਪੜ੍ਹਨ ਵਾਲੇ ਦੀ ਰੂਹ ਰੱਜਦੀ ਜਾਂਦੀ ਹੈ। ਬਿਨਾਂ ਸ਼ੱਕ ਪੰਜਾਬੀ ਲੋਕ ਮਾਨਸਿਕਤਾ ਨੂੰ ਨਵੇਂ ਵਿਸ਼ੇਸ਼ਣੀ ਤੱਥਾਂ ਨਾਲ ਅਤੇ ਇਤਿਹਾਸਕ ਪ੍ਰਸੰਗ 'ਚ ਸਮਝਣ ਦਾ ਤੇ ਸਾਡੀ ਅਮੀਰ ਲੋਕ ਪਰੰਪਰਾ ਨੂੰ ਆਪਣੇ ਨਿਵੇਕਲੇ ਅੰਦਾਜ਼ 'ਚ ਪਾਠਕਾਂ ਸਨਮੁਖ ਲੈ ਆਉਣ ਦਾ ਚੰਗਾ ਉੱਦਮ ਡਾ. ਸੁਰਿੰਦਰ ਸਿੰਘ ਕੈਥਲ ਨੇ 'ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰਕ ਵਿਰਸਾ' ਪੁਸਤਕ ਦੇ ਰੂਪ ਵਿਚ ਕੀਤਾ ਹੈ। ਪੁਸਤਕ ਹਰ ਸੂਝਵਾਨ ਪਾਠਕ ਨੂੰ ਪੜ੍ਹਨੀ ਚਾਹੀਦੀ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਕਾਰਪੋਰੇਟ ਵਿਕਾਸ ਮਾਡਲ ਅਤੇ ਖਪਤ ਸੱਭਿਆਚਾਰ
ਸੰਪਾਦਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 136 ਰੁਪਏ, ਸਫ਼ੇ : 150
ਸੰਪਰਕ : 98140-87063
ਬਲਬੀਰ ਪਰਵਾਨਾ ਸਿਰਜਣਾਤਮਿਕ ਲੇਖਣ ਦੇ ਨਾਲ-ਨਾਲ 'ਆਈਡੀਆਲਾਜੀਕਲ' ਖੇਤਰ ਵਿਚ ਵੀ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। 'ਖਪਤ ਸੱਭਿਆਚਾਰ' ਦੇ ਜਨਮਦਾਤਾ ਕਾਰਪੋਰੇਟ ਸਿਸਟਮ ਦੇ ਬਖੀਏ ਉਧੇੜਦੀ ਹਥਲੀ ਪੁਸਤਕ ਦੇ ਪੰਜ ਐਡੀਸ਼ਨ ਛਪ ਚੁੱਕੇ ਹਨ। ਪਹਿਲੇ ਐਡੀਸ਼ਨ (2012) ਵਿਚ ਸੁਖਵੰਤ ਹੁੰਦਲ, ਕੈਫ਼ ਕਾਰਮੈਨ ਅਤੇ ਅਰੁੰਧਤੀ ਰਾਏ ਦੇ ਤਿੰਨ ਲੇਖ ਹੀ ਸ਼ਾਮਿਲ ਸਨ। ਤੀਜੇ ਐਡੀਸ਼ਨ ਵਿਚ ਜੋਗੀ ਮਾਂਡੇਰ ਦਾ 'ਇਸ਼ਤਿਹਾਰਬਾਜ਼ੀ' ਬਾਰੇ ਲਿਖਿਆ ਲੇਖ ਵੀ ਸ਼ਾਮਿਲ ਕਰ ਲਿਆ ਗਿਆ ਅਤੇ ਹੁਣ ਪੰਜਵੇਂ ਐਡੀਸ਼ਨ ਵਿਚ ਤਸਕੀਨ ਰਚਿਤ ਲੇਖ 'ਸੱਭਿਆਚਾਰਕ ਉਦਯੋਗ' ਵੀ ਲੈ ਲਿਆ ਗਿਆ ਹੈ। ਇਹ ਪੰਜੇ ਲੇਖ ਉੱਤਰ-ਪੂੰਜੀਵਾਦ ਵਿਚ ਕਾਰਪੋਰੇਟ ਜਗਤ ਦੇ ਮਨਸੂਬਿਆਂ ਨੂੰ ਬੇਨਕਾਬ ਕਰਦੇ ਹਨ। ਮੈਨੂੰ ਖੁਸ਼ੀ ਹੈ ਕਿ ਸੁਖਵੰਤ ਹੁੰਦਲ ਅਤੇ ਤਸਕੀਨ ਨਾ ਕੇਵਲ ਪਹਿਲੇ ਐਡੀਸ਼ਨ ਦੇ ਲੇਖਕਾਂ ਨਾਲ ਬਰ ਮੇਚਦੇ ਹਨ, ਬਲਕਿ ਕੁਝ ਅਜਿਹੇ ਖੱਪਿਆਂ ਨੂੰ ਵੀ ਪੂਰਦੇ ਹਨ, ਜਿਹੜੇ ਪਹਿਲੇ ਲੇਖਾਂ ਵਿਚ ਛੁੱਟ ਗਏ ਸਨ।
ਸੁਖਵੰਤ ਹੁੰਦਲ ਲਿਖਦਾ ਹੈ ਕਿ ਜਦੋਂ 'ਖਪਤ' ਕਰਨਾ ਹੀ ਕਿਸੇ ਵਰਗ ਜਾਂ ਕੌਮ ਦਾ ਉਦੇਸ਼ ਬਣ ਜਾਵੇ, ਉਸ ਸਮੇਂ ਖਪਤ-ਸੱਭਿਆਚਾਰ ਪੈਦਾ ਹੁੰਦਾ ਹੈ। (ਪੰ. 11). 'ਚੇਤਨਾ ਦਾ ਬਾਜ਼ਾਰੀਕਰਨ' ਵਿਚ ਜੋਰੀ ਪਾਂਡੇਰ ਲਿਖਦਾ ਹੈ ਕਿ ਵਿਗਿਆਪਨ ਸਾਡੇ ਜੀਵਨ ਅਤੇ ਸੋਚ ਉੱਪਰ ਦਖਲਅੰਦਾਜ਼ੀ ਹੀ ਨਹੀਂ ਕਰਦਾ ਬਲਕਿ ਸਾਡੀ ਜਾਤੀ ਜ਼ਿੰਦਗੀ ਉੱਤੇ ਹਮਲਾ ਵੀ ਕਰਦਾ ਹੈ। ਫਿਰ ਵੀ ਅਸੀਂ ਸੁਚੇਤ ਨਹੀਂ ਹੋ ਰਹੇ (ਪੰਨਾ 43)। ਤਸਕੀਨ ਬਸਤੀਵਾਦੀ ਲੇਖਕਾਂ ਦੁਆਰਾ ਸਾਡੇ ਸੱਭਿਆਚਾਰ ਨੂੰ ਵਿਗਾੜਨ ਦਾ ਦੋਸ਼ਾਰੋਪਣ ਕਰਦਾ ਹੋਇਆ ਲਿਖਦਾ ਹੈ, 'ਸਥਾਪਤੀ ਨਾਲ ਟਕਰਾਉਣ ਦੇ ਸਿਧਾਂਤਕ ਸੰਕਲਪਾਂ ਨੂੰ ਅਮਲੀ ਰੂਪ ਦੇਣ ਦੀ ਰਣਭੂਮੀ ਸੱਭਿਆਚਾਰ ਹੁੰਦਾ ਹੈ।' (ਪੰ. 67)। ਇਸ ਪ੍ਰਸੰਗ ਵਿਚ ਉਹ ਮਿਰਾਸੀਆਂ ਦੇ ਯੋਗਦਾਨ ਨੂੰ ਰੇਖਾਂਕਿਤ ਕਰਦਾ ਹੈ। ਰੈਫ਼ ਕਾਰਮੇਨ ਦਾ ਮੱਤ ਹੈ ਕਿ ਪੂੰਜੀਵਾਦੀ ਵਿਕਾਸ ਦਾ ਮਾਡਲ ਗ਼ਲਤ/ਮਿਥਿਆ ਧਾਰਨਾਵਾਂ ਉੱਪਰ ਟਿਕਿਆ ਹੋਇਆ ਹੈ (ਪੰ. 92)। ਅਰੁੰਧਤੀ ਰਾਇ ਵਿਕਾਸ ਕਾਰਜਾਂ ਵਿਚ ਕਬੀਲਿਆਂ, ਸੂਚੀ ਦਰਜ ਜਾਤੀਆਂ ਅਤੇ ਕਿਸਾਨਾਂ ਦੇ ਹਿੱਸੇ ਬਾਰੇ ਬੜੇ ਤਿੱਖੇ-ਤੱਤੇ ਸਵਾਲ ਉਠਾਉਂਦੀ ਹੈ। ਸਾਡੇ ਕਥਿਤ ਬੁੱਧੀਜੀਵੀ ਅਜਿਹੀਆਂ ਰਚਨਾਵਾਂ ਵੀ ਤਾਰੀਫ਼ ਤਾਂ ਕਰਦੇ ਹਨ ਪਰ ਆਪ ਕੋਈ ਖ਼ਤਰਾ ਉਠਾਉਣ ਦੀ ਜੁਰੱਅਤ ਨਹੀਂ ਕਰਦੇ, ਜਿਸ ਨਾਲ ਸਾਰੇ 'ਹਰਫ਼ ਹਵਾ ਵਿਚ ਹੀ ਲਿਖੇ' ਰਹਿ ਜਾਂਦੇ ਹਨ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਪੰਜਾਬ ਨੂੰ ਨਸ਼ਿਆਂ ਦਾ ਸੇਕ
ਲੇਖਕ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 122
ਸੰਪਰਕ : 98150-30221
ਪ੍ਰਭਜੋਤ ਕੌਰ ਢਿੱਲੋਂ ਦੀਆਂ ਪ੍ਰਮੁੱਖ ਪੁਸਤਕਾਂ ਜ਼ਿੰਮੇਵਾਰ ਕੌਣ?, ਸੱਚ ਦਾ ਸੂਰਜ, ਆਓ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ, ਹੱਕ ਸੱਚ ਦੀ ਆਵਾਜ਼ ਕਿਸਾਨ ਅੰਦੋਲਨ, ਸ਼ੀਸ਼ਾ ਝੂਠ ਨਹੀਂ ਬੋਲਦਾ, ਮੋਤੀਆਂ ਦਾ ਛੱਜ, ਸੋਚ ਬਦਲੋ ਸਮਾਜ ਬਦਲੋ, ਅਸੀਂ ਚੁੱਪ ਕਿਉਂ ਹਾਂ?, ਏਹ ਕਹੀ ਰੁੱਤ ਆਈ, ਪੰਜਾਬ ਨੂੰ ਨਸ਼ਿਆਂ ਦਾ ਸੇਕ ਆਦਿ ਪ੍ਰਾਪਤ ਹੁੰਦੀਆਂ ਹਨ। ਇਨ੍ਹਾਂ ਪੁਸਤਕਾਂ ਦੀ ਸਿਰਜਣਾ ਦਾ ਮੁੱਖ ਮਕਸਦ ਲੋਕਾਈ ਦੀ ਦਿਸ਼ਾ ਨਿਰਧਾਰਿਤ ਕਰਨਾ ਹੈ। 'ਪੰਜਾਬ ਨੂੰ ਨਸ਼ਿਆਂ ਦਾ ਸੇਕ' ਲੇਖਾਂ ਦਾ ਸੰਗ੍ਰਹਿ ਹੈ, ਜਿਸ ਵਿਚ 46 ਲੇਖ ਦਰਜ ਹਨ, ਜੋ ਵਿਭਿੰਨ ਵਿਸ਼ਿਆਂ ਦੀ ਤਰਜਮਾਨੀ ਕਰਦੇ ਹਨ। ਇਸ ਪੁਸਤਕ ਦੇ ਪ੍ਰਮੁੱਖ ਵਿਸ਼ੇ ਨਸ਼ਿਆਂ ਦੀ ਭਰਮਾਰ, ਪੰਚਾਇਤਾਂ ਦੀ ਹਾਲਤ, ਸਿਆਸਤ 'ਚ ਨਿਘਾਰ, ਸਮਾਜਿਕ ਸਿਸਟਮ ਤੇ ਮਨੁੱਖ, ਸੱਚ ਦੀ ਸਦੀਵਤਾ, ਹੰਕਾਰ ਤੇ ਨਿਮਰਤਾ, ਪਿਆਰ, ਇਖ਼ਲਾਕ, ਪੁਰਾਤਨਤਾ, ਬੱਚਿਆਂ ਦੇ ਸੁਭਾਅ ਵਿਚ ਬਦਲਾਵ ਤੇ ਅਨੈਤਿਕਤਾ, ਸਮੇਂ ਦੀ ਅਹਿਮੀਅਤ, ਜੀਵਨ ਸ਼ੈਲੀ, ਮਿੱਟੀ ਤੇ ਆਰਟੀਫਿਸ਼ਲ ਖਿਡਾਉਣੇ, ਮਹਿੰਗਾਈ ਦੀ ਸਮੱਸਿਆ, ਔਰਤਾਂ ਦੀ ਸਥਿਤੀ, ਬੇਰੁਜ਼ਗਾਰੀ ਕਾਰਨ ਨੌਜਵਾਨ ਪੀੜ੍ਹੀ ਦੀ ਹਾਲਤ, ਕੈਂਸਰ ਦੀ ਵਧਦੀ ਸਮੱਸਿਆ, ਕਿਸਾਨ ਤੇ ਕਿਸਾਨ ਅੰਦੋਲਨ, ਨੈਤਿਕ ਮੁੱਲ ਵਿਹਾਰ, ਮੀਡੀਏ ਦੀ ਗਿਰਾਵਟ ਆਦਿ ਹਨ।
ਲੇਖ 'ਨਸ਼ਿਆਂ ਨਾਲ ਹੋ ਰਿਹਾ ਪੰਜਾਬ ਤਬਾਹ' ਵਿਚ ਪੰਜਾਬ ਦੀ ਵਿਗੜਦੀ ਹਾਲਤ ਤੋਂ ਜਾਣੂ ਕਰਵਾਉਂਦੀ ਹੈ। ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਜਿਸ ਨੇ ਨੌਜਵਾਨ ਲੜਕੇ-ਲੜਕੀਆਂ ਤੇ ਬੱਚਿਆਂ ਨੂੰ ਵੀ ਗ੍ਰਸਿਆ ਹੈ ਤੇ ਉਨ੍ਹਾਂ ਦਾ ਵਰਤਮਾਨ ਤੇ ਭਵਿੱਖ ਤਬਾਹ ਕਰ ਦਿੱਤਾ:
'ਪੰਜਾਬ ਦੀ ਹਾਲਤ ਸਿਆਸਤਦਾਨਾਂ ਨੇ ਕੁਝ ਕੁ ਸਰਕਾਰੀ ਅਹੁਦੇਦਾਰਾਂ ਨੇ ਅਤੇ ਨਸ਼ਿਆਂ ਦਾ ਵਪਾਰ ਕਰ ਕੇ ਪੈਸੇ ਇਕੱਠੇ ਕਰਨ ਵਾਲਿਆਂ ਨੇ ਦਰਦਨਾਕ ਬਣਾ ਦਿੱਤੀ ਹੈ।'
ਲੇਖ 'ਸੱਚ ਹਮੇਸ਼ਾ ਜਿਊਂਦਾ ਹੈ' ਵਿਚ ਜ਼ਿਕਰ ਮਿਲਦਾ ਹੈ ਕਿ ਸੱਚ ਹਮੇਸ਼ਾ ਆਤਮ-ਵਿਸ਼ਵਾਸ ਨੂੰ ਕਾਇਮ ਰੱਖਦਾ ਹੈ। ਅੱਖਾਂ ਵਿਚ ਚਮਕ, ਜ਼ੁਬਾਨ ਵਿਚ ਕੜਕ ਤੇ ਸਰੀਰ ਵਿਚ ਸਿਦਕ ਰੱਖਦਾ ਹੈ ਜਦ ਕਿ ਜੂਠ :
'ਜੇਕਰ ਝੂਠ ਬੋਲਿਆ ਹੋਏਗਾ ਤਾਂ ਉਸ ਵਿਚ ਦੁਬਾਰਾ ਫ਼ਰਕ ਆ ਜਾਏਗਾ ਅਤੇ ਸਾਨੂੰ ਯਾਦ ਕਰਨਾ ਪਵੇਗਾ ਕਿ ਅਸੀਂ ਅਸਲ ਵਿਚ ਪਹਿਲਾਂ ਬੋਲਿਆ ਕੀ ਸੀ?'
ਲੇਖ 'ਬੱਚਿਆਂ ਦਾ ਗੁਆਚ ਗਿਆ ਬਚਪਨ' ਵਿਚ ਬਚਪਨ ਵਿਚਲੀ ਕਲਾਤਮਿਕਤਾ ਦੇ ਖ਼ਤਮ ਹੋਣ ਪਿੱਛੇ ਆਧੁਨਿਕੀਕਰਨ ਦੇ ਵਰਤਾਰਿਆਂ ਤੋਂ ਜਾਣੂ ਕਰਵਾਇਆ ਹੈ। ਪਹਿਲੇ ਸਮਿਆਂ ਵਿਚ ਬਚਪਨ ਆਨੰਦਮਈ ਅਵਸਥਾ ਰੂਪਮਾਨ ਹੁੰਦਾ ਸੀ ਪਰ ਆਧੁਨਿਕ ਵਰਤਾਰਿਆਂ ਨੇ ਬੱਚਿਆਂ ਤੋਂ ਬਚਪਨ ਤੇ ਮਿੱਟੀ ਦੇ ਅਹਿਸਾਸ ਨੂੰ ਖੋਲਿਆ ਹੈ, ਕੁਦਰਤੀ ਖੇਡਾਂ ਤੇ ਖਿਡੌਣਿਆਂ ਦੀ ਜਗ੍ਹਾ ਪਲਾਸਟਿਕ ਤੇ ਇਲੈਕਟ੍ਰਾਨਿਕ ਖਿਡੌਣਿਆਂ ਦੀ ਭਰਮਾਰ ਨੇ ਉਨ੍ਹਾਂ ਦੀ ਮਾਨਸਿਕਤਾ ਉੱਤੇ ਬੁਰਾ ਪ੍ਰਭਾਵ ਪਾਇਆ ਹੈ। ਇਸ ਤੋਂ ਇਲਾਵਾ ਮਾਂ ਬੋਲੀ ਤੋਂ ਦੂਰੀ ਕਾਰਨ ਅਨੈਤਿਕਤਾ ਦਾ ਪਸਾਰਾ ਵਧਿਆ ਜਾ ਰਿਹਾ ਢਿੱਲੋਂ ਜ਼ਿਕਰ ਕਰਦੀ ਹੈ।
'ਆਪਣੀ ਮਾਂ ਬੋਲੀ ਦੀ ਥਾਂ ਹਿੰਦੀ ਜਾਂ ਅੰਗਰੇਜ਼ੀ ਬੋਲਣ 'ਤੇ ਜ਼ੋਰ ਦਿੱਤਾ ਜਾਂਦਾ ਹੈ। ਮਾਂ ਬੋਲੀ ਸਿੱਖਣ ਲਈ ਬੱਚੇ 'ਤੇ ਦਬਾਅ ਨਹੀਂ ਪੈਂਦਾ। ਅਸਲ ਵਿਚ ਮਾਪਿਆਂ ਨੂੰ ਲੱਗਦਾ ਹੈ ਕਿ ਜੇਕਰ ਬੱਚਾ ਅੰਗਰੇਜ਼ੀ ਬੋਲ ਰਿਹਾ ਹੈ ਤਾਂ ਉਨ੍ਹਾਂ ਦਾ ਸਮਾਜ ਵਿਚ ਰੁਤਬਾ ਵੱਧਦਾ ਹੈ।'
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810