JALANDHAR WEATHER

10-02-2025

 ਪਾਣੀ ਦੀ ਨਿਕਾਸੀ ਕਿਵੇਂ?
ਸਰਕਾਰ ਵੱਡੇ-ਵੱਡੇ ਅੰਡਰ ਬ੍ਰਿਜ ਅਤੇ ਓਵਰ ਬ੍ਰਿਜ ਬਣਾ ਰਹੀ ਹੈ। ਪਰ ਸੀਵਰੇਜ਼ ਦੀਆਂ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੰਦੀ। ਇਕ ਵਾਰ ਪਏ ਮੀਂਹ ਨਾਲ ਪਾਣੀ ਖੜ੍ਹ ਜਾਂਦਾ ਹੈ। ਲੋਕਾਂ ਨੂੰ ਲੰਘਣ ਵਿਚ ਪ੍ਰੇਸ਼ਾਨੀ ਆਉਂਦੀ ਹੈ। ਘਰਾਂ ਦੇ ਬਾਹਰ ਖੜ੍ਹੇ ਗੰਦੇ ਪਾਣੀ ਨਾਲ ਲੋਕ ਇਨਫ਼ੈਕਸ਼ਨ ਦਾ ਸ਼ਿਕਾਰ ਹੋ ਰਹੇ ਹਨ ਅਤੇ ਪੈਦਲ ਲੋਕਾਂ ਦਾ ਨਿਕਲਣਾ ਔਖਾ ਹੋ ਰਿਹਾ ਹੈ। ਇਸ ਤਰ੍ਹਾਂ ਦੇ ਵਿਕਾਸ ਨੂੰ ਅਸੀਂ ਕੀ ਕਹਿ ਸਕਦੇ ਹਾਂ?

-ਲਵਪ੍ਰੀਤ ਕੌਰ

ਵਧਦੀ ਬੇਰੁਜ਼ਗਾਰੀ
ਵਧਦੀ ਬੇਰੁਜ਼ਗਾਰੀ ਕਦੇ ਵੀ ਰਾਜਨੀਤਕ ਪਾਰਟੀਆਂ ਲਈ ਵੋਟਾਂ ਦੌਰਾਨ ਮੁੱਦਾ ਨਹੀਂ ਬਣਦੀ। ਭਾਰਤ ਦੀ ਰਾਜਧਾਨੀ ਦਿੱਲੀ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਾਰੀਆਂ ਰਾਜਨੀਤਕ ਪਾਰਟੀਆਂ ਵਿਚ ਮੁਫ਼ਤ ਦੀਆਂ ਸਹੂਲਤਾਂ ਦੇਣ ਦੀ ਹੋੜ ਲੱਗ ਗਈ ਹੈ। ਜੋ ਲੋਕਾਂ ਨੂੰ ਨਕਾਰਾ ਤੇ ਵਿਹਲੜ ਬਣਾ ਰਹੀਆਂ ਹਨ।
ਮੁਫਤ ਸਹੂਲਤਾਂ ਕਾਰਨ ਹੀ ਪੰਜਾਬ ਸਿਰ ਕਰਜ਼ੇ ਦੀ ਪੰਡ ਚੜ੍ਹ ਗਈ ਹੈ। ਕਿੰਨਾ ਚੰਗਾ ਹੋਵੇ ਜੇ ਸਰਕਾਰਾਂ ਮੁਫ਼ਤ ਦੀਆਂ ਸਹੂਲਤਾਂ ਦੇਣ ਦੀ ਬਜਾਏ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ। ਜਦੋਂ ਰੁਜ਼ਗਾਰ ਮਿਲੇਗਾ ਤਾਂ ਹਰ ਸ਼ਹਿਰੀ ਬਾਹਰ ਦੇ ਦੇਸ਼ਾਂ ਵਾਂਗ ਸਰਕਾਰ ਨੂੰ ਟੈਕਸ ਦੇਵੇਗਾ, ਜਿਸ ਨਾਲ ਸਰਕਾਰ ਦੀ ਆਮਦਨ ਵੀ ਵਧੇਗੀ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।

ਮੇਲਿਆਂ ਵਿਚ ਹੁੰਦੇ ਹਾਦਸੇ

ਜਾਬ ਵਿਚ ਵੱਖ-ਵੱਖ ਸ਼ਹਿਰਾਂ ਵਿਚ ਮਨੋਰੰਜਨ ਮੇਲੇ ਲੱਗਦੇ ਰਹਿੰਦੇ ਹਨ। ਇਹ ਮੇਲੇ ਲਗਾਉਣ ਲਈ ਮੇਲੇ ਦੇ ਪ੍ਰਬੰਧਕ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਗਿਆ ਲੈ ਕੇ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਿਕ ਉਨ੍ਹਾਂ ਦੀ ਪਾਲਣਾ ਕਰਦੇ ਹਨ। ਇਨ੍ਹਾਂ ਮੇਲਿਆਂ ਵਿਚ ਬੱਚਿਆਂ, ਨੌਜਵਾਨਾਂ ਅਤੇ ਸਾਰੇ ਲੋਕਾਂ ਦੇ ਮਨੋਰੰਜਨ ਲਈ ਖਿਡਾਉਣੇ, ਨਿਸ਼ਾਨੇਬਾਜ਼ੀ ਅਤੇ ਝੂਲਿਆਂ ਤੋਂ ਇਲਾਵਾ ਕਈ ਹੋਰ ਸਾਧਨ ਹੁੰਦੇ ਹਨ। ਪਰ ਪਿਛਲੇ ਕੁਝ ਸਮੇਂ ਦੌਰਾਨ ਇਹ ਦੇਖਣ ਵਿਚ ਆਇਆ ਹੈ ਕਿ ਇਨ੍ਹਾਂ ਮੇਲਿਆਂ ਦੇ ਪ੍ਰਬੰਧਕਾਂ ਦੀ ਲਾਪਰਵਾਹੀ ਅਤੇ ਅਣਗਹਿਲੀ ਕਰਕੇ ਕਈ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ।
ਇਨ੍ਹਾਂ ਘਟਨਾਵਾਂ ਵਿਚ ਕਈ ਬੱਚੇ ਅਤੇ ਨੌਜਵਾਨ ਮੇਲਿਆਂ ਦੇ ਝੂਲਿਆਂ 'ਤੇ ਝੂਟੇ ਲੈਂਦੇ ਹੋਏ ਹਾਦਸੇ ਵਾਪਰਨ ਕਰਕੇ ਆਪਣੀ ਜਾਨ ਤੱਕ ਗਵਾਅ ਚੁੱਕੇ ਹਨ। ਕਈ ਕੁੜੀਆਂ ਦੀਆਂ ਚੁੰਨੀਆਂ ਅਤੇ ਕੇਸ਼ ਝੂਲਿਆਂ ਵਿਚ ਫਸ ਜਾਣ ਕਰਕੇ ਸਿਰ ਦੇ ਕੇਸ਼ ਸਮੇਤ ਖੋਪੜੀਆਂ ਅਲੱਗ ਹੋ ਚੁੱਕੀਆਂ ਹਨ। ਕਈ ਬੱਚਿਆਂ ਦੀ ਇਨ੍ਹਾਂ ਝੂਲਿਆਂ ਤੇ ਝੂਲਦੇ ਸਮੇਂ ਡਿੱਗਣ ਕਰਕੇ ਮੌਤ ਹੋ ਚੁੱਕੀ ਹੈ। ਇਨ੍ਹਾਂ ਸਾਰੀਆਂ ਘਟਨਾਵਾਂ ਲਈ ਮੇਲਿਆਂ ਦੇ ਪ੍ਰਬੰਧਕ ਪੂਰੀ ਤਰ੍ਹਾਂ ਜ਼ਿੰਮੇਵਾਰ ਹੁੰਦੇ ਹਨ।
ਇਹ ਲੋਕ ਪੈਸਿਆਂ ਦੇ ਲਾਲਚ ਵਿਚ ਕਈ ਵਾਰੀ ਅਣਗਹਿਲੀ ਕਰ ਜਾਂਦੇ ਹਨ। ਇਹ ਅਣਗਹਿਲੀ ਮਨੁੱਖੀ ਜਾਨਾਂ ਤੇ ਕਈ ਵਾਰੀ ਭਾਰੀ ਪੈ ਜਾਂਦੀ ਹੈ।
ਅਸੀਂ ਵੀ ਜਦੋਂ ਝੂਲੇ ਝੂਲਦੇ ਹਾਂ ਸਾਨੂੰ ਪੂਰੀ ਸਾਵਧਾਨੀ ਤੇ ਚੌਕਸੀ ਵਰਤਣੀ ਚਾਹੀਦੀ ਹੈ? ਸਾਡੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਮਨੋਰੰਜਨ ਮੇਲਿਆਂ ਦੌਰਾਨ ਹੋਣ ਵਾਲੀਆਂ ਘਟਨਾਵਾਂ ਲਈ ਮੇਲਾ ਪ੍ਰਬੰਧਕਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ

ਸੁਪਰੀਮ ਕੋਰਟ ਦੀ ਟਿੱਪਣੀ ਸਲਾਹੁਣਯੋਗ
ਹਾਲ ਹੀ ਵਿਚ ਜੇਲ੍ਹ ਅੰਦਰ ਰਹਿ ਕੇ ਚੋਣ ਲੜਨ ਵਾਲਿਆਂ 'ਤੇ ਰੋਕ ਲਾਉਣ ਬਾਰੇ ਸੁਪਰੀਮ ਕੋਰਟ ਦੇ ਮਾਣਯੋਗ ਜੱਜਾਂ ਵਲੋਂ ਕੀਤੀ ਗਈ ਟਿੱਪਣੀ ਬੜੀ ਅਹਿਮ ਹੈ।
ਜਿਸ ਬਾਰੇ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇਲ੍ਹ ਅੰਦਰ ਬੈਠੇ ਵਿਅਕਤੀ 'ਤੇ ਉਦੋਂ ਤੱਕ ਚੋਣ ਲੜੇ ਜਾਣ 'ਤੇ ਰੋਕ ਚਾਹੀਦੀ ਹੈ ਜਦੋਂ ਤੱਕ ਉਹ ਉਸ ਮੁਕੱਦਮੇ 'ਚੋਂ ਬਰੀ ਨਹੀਂ ਹੋ ਜਾਂਦਾ ਕਿਉਂਕਿ ਜੇਲ੍ਹ ਅੰਦਰੋਂ ਚੋਣ ਲੜ ਕੇ ਜਿੱਤਣ ਵਾਲੇ ਦੇ ਸਿਆਸੀ ਪ੍ਰਭਾਵ ਦਾ ਮੁਕੱਦਮੇ 'ਤੇ ਅਸਰ ਪੈਂਦਾ ਹੈ। ਜਿਸ ਨਾਲ ਮੁਕੱਦਮੇ ਦਾ ਸਹੀ ਨਿਰਣਾ ਨਹੀਂ ਹੋ ਪਾਉਂਦਾ।
ਸੰਸਦ ਨੂੰ ਇਸ ਬਾਰੇ ਬਿੱਲ ਲਿਆ ਕੇ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

-ਲੈਕਚਰਾਰ ਅਜੀਤ ਖੰਨਾ

ਜੈਵਿਕ ਖੇਤੀ ਸਮੇਂ ਦੀ ਲੋੜ
ਦੇਸ਼ ਅੰਦਰ ਇਕ-ਦੂਜੇ ਨਾਲੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ, ਇਹੋ ਹਾਲ ਖੇਤੀ ਦੇ ਖੇਤਰ ਵਿਚ ਵੀ ਵੱਡੇ ਪੱਧਰ 'ਤੇ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਵਲੋਂ ਫ਼ਸਲਾਂ ਦਾ ਵੱਧ ਝਾੜ ਲੈਣ ਦੇ ਲਾਲਚ ਵਿਚ ਅੰਨ੍ਹੇਵਾਹ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਕਰਕੇ ਭਿਆਨਕ ਬਿਮਾਰੀਆਂ ਦੇ ਰੂਪ ਵਿਚ ਸੱਦਾ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਹਰ ਸਾਲ ਅਨੇਕਾਂ ਲੋਕ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਅਜੋਕੇ ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦੇ ਹੋਏ ਸਾਨੂੰ ਆਪਣੇ ਲਾਲਚ ਦਾ ਤਿਆਗ ਕਰਕੇ ਜੈਵਿਕ ਖੇਤੀ ਨੂੰ ਅਪਣਾਉਂਦਿਆਂ ਸਬਜ਼ੀਆਂ, ਫ਼ਲ ਅਤੇ ਹੋਰ ਅਨਾਜ ਵਾਲੀਆਂ ਫ਼ਸਲਾਂ ਪੈਦਾ ਕਰਨੀਆਂ ਚਾਹੀਦੀਆਂ ਹਨ। ਜੈਵਿਕ ਖੇਤੀ ਨਾਲ ਹੀ ਮਨੁੱਖ ਬਿਮਾਰੀਆਂ ਤੋਂ ਬਚ ਕੇ ਤੰਦਰੁਸਤ ਰਹਿ ਸਕਦਾ ਹੈ।

-ਰਮਨਦੀਪ ਕੌਰ ਹੀਰੇਵਾਲਾ
ਰਿਸਰਚ ਸਕਾਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ।