17 ਸਾਲਾ ਲੜਕੀ ਦੀ ਭੇਤਭਰੀ ਹਾਲਤ 'ਚ ਹੋਈ ਮੌਤ
ਕਪੂਰਥਲਾ, 21 ਜਨਵਰੀ (ਅਮਨਜੋਤ ਸਿੰਘ ਵਾਲੀਆ)-ਰੇਲਵੇ ਰੋਡ 'ਤੇ ਸਥਿਤ ਸੁਖਜੀਤ ਆਸ਼ਰਮ ਵਿਚ ਸ਼ਾਮ ਦੇ ਸਮੇਂ ਇਕ 17 ਸਾਲਾ ਲੜਕੀ ਦੀ ਭੇਤਭਰੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾਕਟਰ ਤਨੁਜ ਨੇ ਦੱਸਿਆ ਕਿ ਅੱਜ ਸੁਖਜੀਤ ਆਸ਼ਰਮ ਤੋਂ ਇਕ 17 ਸਾਲਾ ਲੜਕੀ ਨੂੰ ਐਮਰਜੈਂਸੀ ਵਾਰਡ ਵਿਚ ਇਲਾਜ ਲਈ ਲਿਆਂਦਾ ਗਿਆ ਸੀ ਜਦੋਂ ਲੜਕੀ ਦੀ ਜਾਂਚ ਕੀਤੀ ਗਈ ਤਾਂ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਲੜਕੀ ਨੂੰ ਲਿਆਉਣ ਵਾਲੀ ਅਮਰਜੀਤ ਕੌਰ ਅਨੁਸਾਰ ਲੜਕੀ ਸੁੱਤੀ ਪਈ ਸੀ ਜਦੋਂ ਸ਼ਾਮ ਸਮੇਂ ਉਸਨੂੰ ਉਠਾਇਆ ਤਾਂ ਉਹ ਨਹੀਂ ਉੱਠੀ, ਜਿਸ ਉਤੇ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਡਿਊਟੀ ਡਾਕਟਰ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਇਸ ਸੰਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਮ੍ਰਿਤਕ ਲੜਕੀ ਨੂੰ ਸਿਵਲ ਹਸਪਤਾਲ ਵਿਖੇ ਲੈ ਕੇ ਆਈ ਅਮਰਜੀਤ ਕੌਰ ਨਾਲ ਫੋਨ ਉਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।