JALANDHAR WEATHER

21-01-2025

ਬਲਾਚੌਰ ਬਾਈਪਾਸ ਦਾ ਸੁਧਾਰ ਹੋਵੇ

ਵੈਸੇ ਤਾਂ ਅਵਾਰਾ ਪਸ਼ੂਆਂ, ਖ਼ਰਾਬ ਸੜਕਾਂ, ਜਗਾੜੂ ਰੇਹੜੀਆਂ, ਸੜਕਾਂ ਕਿਨਾਰੇ ਸਾਮਾਨ ਵੇਚਣ ਵਾਲਿਆਂ ਆਦਿ ਦੀ ਭੀੜ ਕਾਰਨ ਸਾਡੇ ਦੇਸ਼ ਵਿਚ ਹਰ ਸਾਲ ਲੱਖਾਂ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਅਸੀਂ ਇਸ ਨੂੰ ਕੁਦਰਤੀ ਭਾਣਾ ਕਹਿ ਕੇ ਮਨ ਸਮਝਾ ਲੈਂਦੇ ਹਾਂ।
ਕਈ ਵਾਰ ਛੋਟੀਆਂ-ਛੋਟੀਆਂ ਖਾਮਿਆਂ ਕਾਰਨ ਹੀ ਕੀਮਤੀ ਜਾਨਾਂ ਚੱਲੀਆਂ ਜਾਂਦੀਆਂ ਹਨ। ਚੰਡੀਗੜ੍ਹ ਤੋਂ ਚੱਲ ਕੇ ਰਸਤੇ ਵਿਚ ਵੱਡੀਆਂ ਸੜਕਾਂ-ਵੱਡੇ ਸ਼ਹਿਰਾਂ ਜਿਵੇਂ ਖੱਬੇ ਪਾਸੇ ਲੁਧਿਆਣਾ-ਮੋਗਾ, ਫਿਰੋਜ਼ਪੁਰ ਨੂੰ, ਰੋਪੜ ਤੋਂ ਸੱਜੇ ਨੂੰ ਨੰਗਲ-ਹਿਮਾਚਲ ਪ੍ਰਦੇਸ਼ ਜਾਣ ਲਈ ਸੜਕ ਦੇ ਕੰਢੇ ਕਈ ਬੋਰਡ ਲਗਾ ਕੇ ਰਸਤਾ ਦਰਸਾਇਆ ਗਿਆ ਹੈ। ਬਹੁਤ ਹੀ ਵਧੀਆ ਗੱਲ ਹੈ। ਲੇਕਿਨ ਬਲਾਚੌਰ ਬਾਈਪਾਸ 'ਤੇ ਐਸਾ ਨਹੀਂ ਹੈ। ਗੜ੍ਹੀ ਤੋਂ ਪਹਿਲਾਂ ਇਕ ਸੜਕ ਹੁਸ਼ਿਆਰਪੁਰ-ਪਠਾਨਕੋਟ-ਜੰਮੂ-ਕਟੜਾ ਨੂੰ ਮੁੜਦੀ ਹੈ। ਉਥੇ ਕੋਈ ਵੱਡਾ ਬੋਰਡ ਨਹੀਂ ਲਗਾਇਆ। ਹੁਸ਼ਿਆਰਪੁਰ ਜਾਣ ਵਾਲੇ ਅਕਸਰ ਭੁੱਲ ਜਾਂਦੇ ਹਨ। ਜੇਕਰ ਇਕ ਰੋਪੜ-ਫਗਵਾੜਾ ਸੜਕ 'ਤੇ ਗੜ੍ਹੀ ਨੇੜੇ ਸੱਜੇ ਪਾਸੇ ਨੂੰ ਤੀਰ ਦੇ ਨਿਸ਼ਾਨ ਲਗਾ ਕੇ ਲਗਾ ਦਿੱਤਾ ਜਾਵੇ ਤਾਂ ਇਸ ਨਾਲ ਇਧਰ ਜਾਣ ਵਾਲਿਆਂ ਨੂੰ ਸਹੂਲਤ ਮਿਲੇਗੀ ਅਤੇ ਭੁਲੇਖਾ ਨਹੀਂ ਪਵੇਗਾ।
ਦੂਸਰਾ ਇਸ ਬਾਈਪਾਸ 'ਤੇ ਨਿੱਤ ਹੀ ਹਾਦਸੇ ਵਾਪਰਦੇ ਹਨ। ਗੜ੍ਹੀ ਮੋੜ 'ਤੇ ਸੜਕ ਦੇ ਦੋਵੇਂ ਪਾਸੀਂ ਝਾੜੀਆਂ ਹਨ। ਉਹ ਸਾਫ਼ ਕਰਨੀਆਂ ਚਾਹੀਦੀਆਂ ਹਨ। ਤੀਸਰਾ ਅਗਲਾ ਗੋਲ-ਚੱਕਰ ਟੇਢਾ-ਮੇਢਾ ਹੈ। ਉਸ ਨੂੰ ਬੇਸ਼ੱਕ ਥੋੜ੍ਹਾ ਛੋਟਾ ਕਰ ਦੇਣਾ ਚਾਹੀਦਾ ਹੈ।

-ਗੁਰਚਰਨ ਸਿੰਘ
ਪਿੰਡ-ਡਾਕ. ਮਜਾਰਾ, ਸ਼ਹੀਦ ਭਗਤ ਸਿੰਘ ਨਗਰ।

ਜਾਨਵਰਾਂ 'ਤੇ ਤਸ਼ੱਦਦ

ਪਿਛਲੇ ਦਿਨੀਂ ਨੰਗਲ ਕਸਬੇ ਵਿਚ ਜਾਨਵਰਾਂ 'ਤੇ ਹੋਏ ਤਸ਼ੱਦਦ ਸੰਬੰਧੀ ਖ਼ਬਰਾਂ ਸੁਣ ਕੇ ਮਨ ਬਹੁਤ ਬੇਚੈਨ ਹੋਇਆ। ਰਿਹਾਇਸ਼ੀ ਇਲਾਕੇ ਵਿਚ ਸੂਰਾਂ 'ਤੇ ਗੋਲੀਆਂ ਚਲਾਉਣੀਆਂ ਇਸ ਗੱਲ ਦਾ ਸਬੂਤ ਹਨ ਕਿ ਸ਼ਿਕਾਰੀ ਬੇਖੌਫ਼ ਤੇ ਨਿਡਰ ਹੋ ਕੇ ਘੁੰਮ ਰਹੇ ਹਨ। ਇਸ ਤੋਂ ਬਿਨਾਂ ਵੱਖ-ਵੱਖ ਖੇਤਰਾਂ ਵਿਚ ਸਾਂਬਰਾਂ ਦੀਆਂ ਅਚਨਚੇਤ ਮੌਤਾਂ ਆਪਣੇ-ਆਪ ਵਿਚ ਇਕ ਪ੍ਰਸ਼ਨ ਚਿੰਨ੍ਹ ਖੜ੍ਹਾ ਕਰਦੀਆਂ ਹਨ। ਇਹ ਬੇਜ਼ੁਬਾਨ ਜਾਨਵਰ ਕਿਸ ਨੂੰ ਆਪਣਾ ਦੁਖੜਾ ਰੋ ਕੇ ਦੱਸਣ? ਸਰਕਾਰ ਨੂੰ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿਚ ਕੋਈ ਅਜਿਹਾ ਘਟੀਆ ਕੰਮ ਕਰਨ ਲੱਗੇ ਸੌ ਵਾਰ ਸੋਚੇ।

-ਰੇਣੂ ਕੌਸ਼ਲ (ਸਟੇਟ ਅਵਾਰਡੀ)
ਨੰਗਲ ਟਾਊਨਸ਼ਿਪ

ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖੋ

ਬੱਚਿਆਂ ਨੂੰ ਰੁੱਝੇ ਰੱਖਣ ਲਈ ਮਾਪੇ ਉਨ੍ਹਾਂ ਦੇ ਹੱਥ ਮੋਬਾਈਲ ਫੜਾ ਦਿੰਦੇ ਹਨ ਪਰ ਉਂਗਲਾਂ ਨਾਲ ਮੋਬਾਈਲ ਦੀ ਸਕਰੀਨ ਉੱਪਰ ਹੇਠਾਂ ਘੁਮਾਉਂਦਿਆਂ ਬੱਚੇ ਦੀ ਫੋਟੋਗ੍ਰਾਫਿਕ ਮੈਮਰੀ ਵਿਚ ਕਈ ਤਸਵੀਰਾਂ ਇਕ ਸਮੇਂ ਘਰ ਕਰ ਜਾਂਦੀਆਂ ਹਨ। ਜੋ ਬੱਚੇ ਦੇ ਦਿਮਾਗ ਲਈ ਘਾਤਕ ਸਿੱਧ ਹੁੰਦੀ ਹੈ। ਇਸ ਨਾਲ ਜਿਥੇ ਬੱਚਿਆਂ ਦੀ ਰਚਨਾਤਮਿਕ ਸ਼ਕਤੀ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ, ਨਾਲ ਹੀ ਉਨ੍ਹਾਂ ਦੀ ਇਕਾਗਰਤਾ ਵਿਗੜਦੀ ਹੈ। ਮਾਪਿਆਂ ਵਲੋਂ ਬੱਚੇ ਨੂੰ ਮੋਬਾਈਲ ਦੇਣ ਦੀ ਕੁਤਾਹੀ ਭਵਿੱਖ ਵਿਚ ਮਹਿੰਗੀ ਪੈ ਸਕਦੀ ਹੈ।

-ਰੇਣੂ ਕੌਸ਼ਲ
ਨੰਗਲ ਡੈਮ।

ਲਵ ਮੈਰਿਜ ਬਨਾਮ ਅਰੇਂਜ ਮੈਰਿਜ

ਕੁਝ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਲਵ ਮੈਰਿਜ ਕਰਵਾਉਣੀ ਇਕ ਬੱਜਰ ਗੁਨਾਹ ਮੰਨਿਆ ਜਾਂਦਾ ਸੀ। ਕੋਈ ਮੁੰਡਾ ਕੁੜੀ ਲਵ ਮੈਰਿਜ ਕਰਵਾਉਂਦਾ ਤਾਂ ਉਸ ਨੂੰ ਘਰੋਂ ਕੱਢ ਦਿੱਤਾ ਜਾਂਦਾ ਸੀ। ਇਲਾਕੇ 'ਚ ਮੁਡੇ ਦੇ ਪਰਿਵਾਰ ਦੀ ਥੋਏ-ਥੋਏ ਹੁੰਦੀ। ਕੁੜੀ ਦੇ ਪਰਿਵਾਰ ਦੀ ਤਾਂ ਗੱਲ ਹੀ ਛੱਡ ਦਿਉ। ਮੁੰਡੇ ਤੇ ਕੁੜੀ ਦੇ ਪਰਿਵਾਰਾਂ 'ਚ ਕਿਰਪਾਨਾਂ ਤੇ ਗੋਲੀਆਂ ਚੱਲਦੀਆਂ। ਜਿਸ ਕਰਕੇ ਕੋਈ ਵਿਰਲਾ ਵਾਂਝਾ ਹੀ ਲਵ ਮੈਰਿਜ ਕਰਵਾਉਣ ਦਾ ਹੀਆ ਕਰਦਾ। ਕੁੜੀਆਂ ਆਪਣੇ ਮਾਂ ਪਿਉ ਤੋਂ ਬੜਾ ਡਰਦੀਆਂ ਹੁੰਦੀਆਂ ਸਨ। ਕੋਈ ਕੁੜੀ ਲਵ ਮੈਰਿਜ ਬਾਰੇ ਆਖਦੀ ਤਾਂ ਅਣਖ ਲਈ ਉਸ ਨੂੰ ਮਾਰ ਦਿੱਤਾ ਜਾਂਦਾ। ਹੌਲੀ-ਹੌਲੀ ਸਮਾਂ ਬਦਲਦਾ ਗਿਆ। ਰੀਤੀ ਰਿਵਾਜ ਬਦਲਦੇ ਗਏ। ਲੋਕਾਂ ਨੇ ਕੁੜੀਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਲੋਕਾਂ 'ਚ ਜਾਗਰੂਕਤਾ ਆ ਗਈ। ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਰਜਾ ਦਿੱਤਾ ਗਿਆ। ਜਿਸ ਦਾ ਨਤੀਜਾ ਹਿ ਹੋਇਆ ਕਿ ਕੁੜੀਆਂ ਵੀ ਹਰ ਖੇਤਰ 'ਚ ਮੋਹਰੀ ਹੋਣ ਲੱਗੀਆਂ। ਬਹੁਤੇ ਖੇਤਰਾਂ 'ਚ ਤਾਂ ਕੁੜੀਆਂ ਨੇ ਮੁੰਡੀਆਂ ਨੂੰ ਪਛਾੜ ਦਿੱਤਾ ਹੈ। ਹੁਣ ਸਮਾਂ ਬਦਲ ਗਿਆ ਹੈ। ਹੌਲੀ-ਹੌਲੀ ਅਰੇਂਜ ਮੈਰਿਜ ਦਾ ਰਿਵਾਜ ਮੁੱਕਦਾ ਜਾ ਰਿਹਾ ਹੈ ਕਿਉਂਕਿ ਹੁਣ ਮੁੰਡੇ ਕੁੜੀਆਂ ਖ਼ੁਦ ਹੀ ਵਿਆਹ ਵਾਸਤੇ ਇਕ ਦੂਜੇ ਨੂੰ ਪਸੰਦ ਕਰ ਲੈਂਦੇ ਹਨ। ਹੁਣ ਮਾਪੇ ਚਾਹੁੰਦੇ ਹਨ ਕਿ ਬੱਚੇ ਖ਼ੁਦ ਹੀ ਆਪਣੇ ਵਾਸਤੇ ਰਿਸ਼ਤਾ ਲੱਭ ਲੈਣ। ਤਾਂ ਜੋ ਬਾਅਦ 'ਚ ਕੋਈ ਦੋਸ਼ ਉਨ੍ਹਾਂ 'ਤੇ ਨਾ ਲੱਗੇ ਤੇ ਨਾ ਝਗੜਾ ਹੋਵੇ।

-ਅਜੀਤ ਖੰਨਾ

ਸਿੰਥੈਟਿਕ ਡੋਰ ਤੋਂ ਸਾਵਧਾਨ

ਆਉਣ ਵਾਲੀ ਬਸੰਤ ਪੰਚਮੀ ਦੇ ਤਿਉਹਾਰ ਤੱਕ ਮੌਸਮ ਦੇ ਪੂਰੀ ਤਰ੍ਹਾਂ ਖੁੱਲ੍ਹਣ ਦੇ ਸੰਕੇਤ ਹਨ। ਆਉਣ ਵਾਲੇ ਦਿਨਾਂ ਵਿਚ ਉੱਤਰੀ ਭਾਰਤ ਦੇ ਰਾਜਾਂ ਵਿਚ ਪਤੰਗ ਉਡਾਉਣ ਦਾ ਜਨੂੰਨ ਵਧਣ ਦੀ ਪੂਰੀ ਸੰਭਾਵਨਾ ਹੈ। ਲੋਕਾਂ ਨੂੰ ਸਾਵਧਾਨ ਰਹਿੰਦੇ ਹੋਏ ਜਨਤਕ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਪਤੰਗ ਉਡਾਉਣ ਲਈ ਸਿੰਥੈਟਿਕ ਡੋਰ ਤੇ ਨਾਈਲੋਨ ਡੋਰ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜੋ ਕਿ ਪਾਊਡਰਡ (ਪੀਸੇ ਹੋਏ) ਕੱਚ ਜਾਂ ਧਾਤ ਵਰਗੇ ਖ਼ਤਰਨਾਕ ਘਟੀਆ ਪਦਾਰਥਾਂ ਨਾਲ ਲੇਪਿਆ ਹੁੰਦਾ ਹੈ। ਬਲਕਿ ਇਸ ਦੀ ਬਜਾਏ, ਪਤੰਗ ਉਡਾਉਣ ਲਈ ਸਿਰਫ਼ ਸੂਤੀ ਧਾਗੇ ਨਾਲ ਬਣੀ ਡੋਰ ਦੀ ਵਰਤੋਂ ਹੀ ਕੀਤੀ ਜਾਣੀ ਚਾਹੀਦੀ ਹੈ।

-ਇੰ. ਕ੍ਰਿਸ਼ਨ ਕਾਂਤ ਸੂਦ ਨੰਗਲ।

ਸ਼ੁਰੂ ਕੀਤੀ ਜਾਵੇ ਮੈਟਰੋ ਬੱਸ

ਅਕਾਲੀ-ਭਾਜਪਾ ਸਰਕਾਰ ਵੇਲੇ ਕਰੋੜਾਂ ਰੁਪਏ ਖ਼ਰਚ ਕਰਕੇ ਮੈਟਰੋ ਦਾ ਪ੍ਰਾਜੈਕਟ ਅੰਮ੍ਰਿਤਸਰ ਗੁਰੂ ਦੀ ਨਗਰੀ ਵਿਚ ਲਿਆਂਦਾ ਗਿਆ ਸੀ। ਜੋ ਬਹੁਤ ਕਾਮਯਾਬ ਵੀ ਹੋਇਆ ਤੇ ਸਰਕਾਰ ਦੀ ਆਮਦਨ ਵੀ ਵਧੀ ਸੀ। ਰੋਜ਼ਾਨਾ ਨੌਕਰੀਪੇਸ਼ਾ, ਦਿਹਾੜੀਦਾਰਾਂ, ਸਕੂਲੀ ਬੱਚਿਆਂ ਨੂੰ ਬੜਾ ਫਾਇਦਾ ਸੀ। ਹੁਣ ਅਚਾਨਕ ਪੰਜਾਬ ਸਰਕਾਰ ਵਲੋਂ ਮੈਟਰੋ ਬੱਸ ਬੰਦ ਕਰਨ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥ੍ਰੀਵੀਲ੍ਹਰ ਲੋਕਾਂ ਨੂੰ ਜਿੱਥੇ ਭਾਵੇਂ ਲਾਗੇ ਹੀ ਜਾਣਾ ਹੈ 20 ਰੁਪਏ ਸਵਾਰੀ ਲੈ ਲੁੱਟ ਰਹੇ ਹਨ। ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਮੁੱਖ ਰੱਖਦੇ ਆਪ ਸਰਕਾਰ ਨੂੰ ਇਹ ਮੈਟਰੋ ਸੇਵਾ ਜਲਦੀ ਸ਼ੁਰੂ ਕਰਨੀ ਚਾਹੀਦੀ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਪੁਲਿਸ ਇੰਸਪੈਕਟਰ।