ਦਿੱਲੀ ਚੋਣਾਂ: 1521 ਨਾਮਜ਼ਦਗੀਆਂ ਕੀਤੀਆਂ ਗਈਆਂ ਦਾਖ਼ਲ- ਚੋਣ ਕਮਿਸ਼ਨ
ਨਵੀਂ ਦਿੱਲੀ, 18 ਜਨਵਰੀ- ਭਾਰਤੀ ਚੋਣ ਕਮਿਸ਼ਨ ਦੇ ਅਨੁਸਾਰ, 5 ਫਰਵਰੀ ਨੂੰ ਦਿੱਲੀ ਦੀਆਂ 70 ਸੀਟਾਂ ’ਤੇ ਹੋਣ ਵਾਲੀ ਵੋਟਿੰਗ ਲਈ 1521 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਅਨੁਸਾਰ, ਚੋਣਾਂ ਵਿਚ 981 ਉਮੀਦਵਾਰ ਮੈਦਾਨ ਵਿਚ ਹਨ। ਨਾਮਜ਼ਦਗੀ ਦੇ ਆਖਰੀ ਦਿਨ, 17 ਜਨਵਰੀ ਨੂੰ, 680 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ। ਉਨ੍ਹਾਂ ਦੀ ਜਾਂਚ ਅੱਜ ਕੀਤੀ ਜਾਵੇਗੀ। ਨਾਮ ਵਾਪਸ ਲੈਣ ਦੀ ਆਖਰੀ ਮਿਤੀ 20 ਜਨਵਰੀ ਹੈ। ਕਮਿਸ਼ਨ ਅਨੁਸਾਰ ਸਭ ਤੋਂ ਵੱਧ ਨਾਮਜ਼ਦਗੀਆਂ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਆਈਆਂ ਹਨ। ਇਸ ਸੀਟ ’ਤੇ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਦੇ ਦੋ ਸਾਬਕਾ ਮੁੱਖ ਮੰਤਰੀਆਂ ਦੇ ਪੁੱਤਰਾਂ, ਯਾਨੀ ਭਾਜਪਾ ਦੇ ਪਰਵੇਸ਼ ਵਰਮਾ (ਸਾਹਿਬ ਸਿੰਘ ਵਰਮਾ ਦੇ ਪੁੱਤਰ) ਅਤੇ ਕਾਂਗਰਸ ਦੇ ਸੰਦੀਪ ਦੀਕਸ਼ਿਤ (ਸ਼ੀਲਾ ਦੀਕਸ਼ਿਤ ਦੇ ਪੁੱਤਰ) ਦੇ ਵਿਰੁੱਧ ਚੋਣ ਲੜ ਰਹੇ ਹਨ।