ਟੀ.ਵੀ. ਅਦਾਕਾਰ ਅਮਨ ਜੈਸਵਾਲ ਦੀ ਸੜਕ ਹਾਦਸੇ ਵਿਚ ਮੌਤ
ਮੁੰਬਈ, 18 ਜਨਵਰੀ- ਟੀ.ਵੀ. ’ਤੇ ਚੱਲਣ ਵਾਲੇ ਪ੍ਰੋਗਰਾਮ ਧਰਤੀਪੁੱਤਰ ਨੰਦਿਨੀ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਮਨ ਜੈਸਵਾਲ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ 23 ਸਾਲਾਂ ਦੇ ਸਨ। ਅਦਾਕਾਰ ਦੇ ਇਕ ਦੋਸਤ ਨੇ ਦੱਸਿਆ ਕਿ ਅਮਨ ਸ਼ੂਟਿੰਗ ਤੋਂ ਘਰ ਵਾਪਸ ਆ ਰਿਹਾ ਸੀ। ਮੁੰਬਈ ਦੇ ਜੋਗੇਸ਼ਵਰੀ ਹਾਈਵੇਅ ’ਤੇ ਉਸ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਸਮੇਂ ਅਦਾਕਾਰ ਮੋਟਰਸਾਈਕਲ ’ਤੇ ਸੀ। ਅਮਨ ਦੇ ਦੋਸਤ ਅਭਿਨੇਸ਼ ਮਿਸ਼ਰਾ ਦੇ ਅਨੁਸਾਰ, ਅਦਾਕਾਰ ਨੂੰ ਕਾਮਾ ਹਸਪਤਾਲ ਲਿਜਾਇਆ ਗਿਆ, ਜਿੱਥੇ ਹਾਦਸੇ ਤੋਂ ਅੱਧੇ ਘੰਟੇ ਬਾਅਦ ਉਸ ਦੀ ਮੌਤ ਹੋ ਗਈ। ਅਮਨ ਜੈਸਵਾਲ ਧਰਤੀਪੁੱਤਰ ਨੰਦਿਨੀ ਵਿਚ ਆਪਣੇ ਕੰਮ ਲਈ ਸਭ ਤੋਂ ਵੱਧ ਜਾਣੇ ਜਾਂਦੇ ਸਨ।