ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ, ਤਿੰਨ ਜ਼ਖ਼ਮੀ
ਪਾਤੜਾ, (ਪਟਿਆਲਾ), 18 ਜਨਵਰੀ (ਜਗਦੀਸ਼ ਸਿੰਘ ਕੰਬੋਜ ਗੁਰਇਕਬਾਲ ਸਿੰਘ ਖਾਲਸਾ)- ਦਿੱਲੀ ਲੁਧਿਆਣਾ ਕੌਮੀ ਮਾਰਗ ’ਤੇ ਪਾਤੜਾਂ ਦੇ ਨੇੜੇ ਇਕ ਤੇਜ਼ ਰਫ਼ਤਾਰ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ ਇਸ ਵਿਚ ਸਵਾਰ ਤਿੰਨ ਹੋਰ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ । ਸੜਕ ਸੁਰੱਖਿਆ ਫੋਰਸ ਦੇ ਦਸਤੇ ਦੇ ਦੱਸਣ ਅਨੁਸਾਰ ਇਕ ਕਾਰ ਵਰਨਾ ਪਾਤੜਾਂ ਦੇ ਨੇੜਲੇ ਪਿੰਡ ਦਗਾਲ ਕੋਲ ਡਿਵਾਈਡਰ ਨਾਲ ਟਕਰਾ ਗਈ, ਇਸ ਵਿਚ ਸਵਾਰ ਅੰਸਲ ਗਰਗ ਪੁੱਤਰ ਸੁਰਿੰਦਰ ਗਰਗ ਉਮਰ 23 ਸਾਲ, ਅਤੁਲ ਪੁੱਤਰ ਸੁਰੇਸ਼ ਕੁਮਾਰ ਉਮਰ 27 ਸਾਲ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਹਿਮਾਂਸ਼ੂ ਗਰਗ ਅਤੇ ਸਾਹਿਲ ਸਮੇਤ ਤਿੰਨ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਨੌਜਵਾਨ ਹਰਿਆਣਾ ਦੇ ਸ਼ਹਿਰ ਜਾਖਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।