ਪੰਜਾਬ ਸਮੇਤ ਕਰੀਬ 50000 ਪਿੰਡਾਂ ਨੂੰ ਪ੍ਰਧਾਨ ਮੰਤਰੀ ਅੱਜ ਵੰਡਣਗੇ ਪ੍ਰਾਪਰਟੀ ਕਾਰਡ
ਨਵੀਂ ਦਿੱਲੀ, 18 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੇ 230 ਤੋਂ ਵੱਧ ਜ਼ਿਲ੍ਹਿਆਂ ਦੇ ਕਰੀਬ 50,000 ਪਿੰਡਾਂ ਵਿਚ ਜਾਇਦਾਦ ਮਾਲਕਾਂ ਨੂੰ ਸਵਾਮੀਤਵ ਯੋਜਨਾ ਤਹਿਤ 65 ਲੱਖ ਤੋਂ ਵੱਧ ਪ੍ਰਾਪਰਟੀ ਕਾਰਡ ਵੰਡਣਗੇ। ਇਹ ਵੰਡ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੀਤੀ ਜਾਵੇਗੀ। ਇਨ੍ਹਾਂ ਵਿਚ 10 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਜ਼ਿਲ੍ਹੇ ਸ਼ਾਮਿਲ ਹਨ। ਦੱਸ ਦੇਈਏ ਕਿ ਪ੍ਰੋਗਰਾਮ ਵਿਚ ਛੱਤੀਸਗੜ੍ਹ, ਗੁਜਰਾਤ, ਹਿਮਾਚਲ, ਐਮ.ਪੀ., ਮਹਾਰਾਸ਼ਟਰ, ਮਿਜ਼ੋਰਮ, ਓਡੀਸ਼ਾ, ਪੰਜਾਬ, ਰਾਜਸਥਾਨ, ਯੂ.ਪੀ. ਅਤੇ ਜੰਮੂ ਕਸ਼ਮੀਰ ਤੇ ਲੱਦਾਖ ਦੇ ਜਾਇਦਾਦ ਮਾਲਕਾਂ ਨੂੰ ਪ੍ਰਾਪਰਟੀ ਕਾਰਡ ਜਾਰੀ ਕੀਤੇ ਜਾਣਗੇ। ਸਵਾਮੀਤਵ ਯੋਜਨਾ ਪ੍ਰਧਾਨ ਮੰਤਰੀ ਦੁਆਰਾ 24 ਅਪ੍ਰੈਲ 2020 (ਰਾਸ਼ਟਰੀ ਪੰਚਾਇਤੀ ਰਾਜ ਦਿਵਸ ’ਤੇ) ਪੇਂਡੂ ਭਾਰਤ ਦੀ ਆਰਥਿਕ ਤਰੱਕੀ ਨੂੰ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਇਸ ਤਹਿਤ, ਪੇਂਡੂ ਖੇਤਰਾਂ ਵਿਚ ਜ਼ਮੀਨੀ ਰਿਕਾਰਡ ਡਿਜੀਟਲ ਰੂਪ ਵਿਚ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਜ਼ਮੀਨੀ ਵਿਵਾਦਾਂ ਨੂੰ ਘੱਟ ਕੀਤਾ ਜਾ ਸਕੇ।