ਕਬੱਡੀ ਖਿਡਾਰੀ ਜੱਗੀ ਲੌਂਗੋਵਾਲ ਗੋਲੀਆਂ ਮਾਰ ਕੇ ਕੀਤੀ ਹੱਤਿਆ
ਲੌਂਗੋਵਾਲ, (ਸੰਗਰੂਰ), 31 ਦਸੰਬਰ (ਸ. ਸ. ਖੰਨਾ, ਵਿਨੋਦ)- ਕਸਬਾ ਲੌਂਗੋਵਾਲ ਦੇ ਨੇੜਲੇ ਪਿੰਡ ਦੇਸੂਪੂਰਾ ਦੇ ਰਹਿਣ ਵਾਲੇ ਮੱਖਣ ਸਿੰਘ ਬਿੱਟੂ ਦੇ ਪੁੱਤਰ ਜਗਪਾਲ ਸਿੰਘ (ਜੱਗੀ) ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਜੱਗੀ ਦੇ ਪਿਤਾ ਮੱਖਣ ਸਿੰਘ ਨੇ ਕਿਹਾ ਕਿ ਚਮਕੌਰ ਸਿੰਘ ਵਾਸੀ ਚੀਮਾ ਮੰਡੀ ਵਲੋਂ ਉਸ ਦੇ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਦੋ ਪੁੱਤਰ ਹਨ, ਜਿਨ੍ਹਾਂ ਵਿਚੋਂ ਇਕ ਪੁੱਤਰ ਚਮਕੌਰ ਸਿੰਘ ਜੋ ਕਿ ਇਕ ਸਾਲ ਪਹਿਲਾਂ ਚਮਕੌਰ ਸਿੰਘ ਵਾਸੀ ਚੀਮਾ ਮੰਡੀ ਦੀ ਕੁੜੀ ਨੂੰ ਵਿਆਹਿਆ ਸੀ । ਦੋਸ਼ੀ ਚਮਕੌਰ ਸਿੰਘ ਚੀਮਾ ਮੰਡੀ ਵਲੋਂ ਦੋ ਵਿਆਹ ਕਰਵਾਏ ਹੋਏ ਹਨ ਪਹਿਲੇ ਵਿਆਹ ਦੇ ਘਰਵਾਲੀ ਦੀ ਕੁੜੀ ਖੁਸ਼ਪ੍ਰੀਤ ਕੌਰ ਜੋ ਕਿ ਜੱਗੀ ਦੇ ਵੱਡੇ ਭਰਾ ਚਮਕੌਰ ਸਿੰਘ ਨੂੰ ਵਿਆਹੀ ਹੋਈ ਹੈ ਅਤੇ ਦੂਜੇ ਵਿਆਹ ਦੀ ਘਰਵਾਲੀ ਦੇ ਨਾਲ ਪਿੱਛੋਂ ਆਈ ਲੜਕੀ ਨਾਲ ਜਗਪਾਲ ਸਿੰਘ ਜੱਗੀ ਦਾ ਵਿਆਹ ਕਰਾਉਣ ਦੇ ਲਈ ਜ਼ਿੱਦ ’ਤੇ ਅੜਿਆ ਹੋਇਆ ਸੀ, ਪਹਿਲਾਂ ਵੀ ਸਾਡੇ ਘਰ ਕਈ ਵਾਰ ਧਮਕੀਆਂ ਦੇ ਚੁੱਕਾ ਸੀ, ਪਰ ਜਗਪਾਲ ਸਿੰਘ ਜੱਗੀ ਵਿਆਹ ਕਰਵਾਉਣ ਲਈ ਰਾਜ਼ੀ ਨਹੀਂ ਸੀ। ਜ਼ਿਕਰਯੋਗ ਗੱਲ ਇਹ ਹੈ ਕਿ ਜਗਪਾਲ ਸਿੰਘ ਜੱਗੀ ਪਹਿਲਾਂ ਹੀ ਪਿੰਡ ਕਮਾਲ (ਹਰਿਆਣਾ) ਵਿਚ ਮੰਗਿਆ ਹੋਇਆ ਸੀ।