JALANDHAR WEATHER

03-01-2025

 ਅਜਿਹਾ ਕਿਉਂ ਕੀਤਾ ਜਾ ਰਿਹੈ?
ਸਾਡੇ ਸੱਭਿਾਚਾਰਕ ਤੇ ਧਾਰਮਿਕ ਵਿਰਸੇ ਨੂੰ ਗਾਉਣ ਵਾਲੇ ਗਾਇਕ ਸਭ ਦੇ ਸਾਂਝੇ ਹੁੰਦੇ ਹਨ। ਪਰ ਪਿਛਲੇ ਦਿਨੀਂ ਪੰਜਾਬ ਦੇ ਨਾਮੀ ਗਾਇਕ ਦਲਜੀਤ ਦੋਸਾਂਝ ਨੂੰ ਕਿਸੇ ਹੋਰ ਸੂਬੇ ਵਿਚ ਰੱਖੇ ਸਟੇਜ ਸ਼ੋਅ ਦੌਰਾਨ ਉਸ ਨੂੰ ਬਿਨਾਂ ਵਜ੍ਹਾ ਪਾਬੰਦੀਆਂ ਲਗਾ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ। ਹੁਣ ਚੰਡੀਗੜ੍ਹ ਵਿਚ ਰੱਖੇ ਗਏ ਸਟੇਜ ਸ਼ੋਅ ਨੂੰ ਵੀ ਜਾਣ ਬੁੱਝ ਕੇ ਪਾਬੰਦੀਆਂ ਲਗਾਈਆਂ ਗਈਆਂ। ਇਸੇ ਤਰ੍ਹਾਂ ਰਣਜੀਤ ਬਾਵਾ ਦੇ ਹਿਮਾਚਲ ਵਿਚ ਰੱਖੇ ਗਏ ਸਟੇਜ ਸ਼ੋਅ ਨੂੰ ਕੁੱਝ ਨਫ਼ਰਤ ਫੈਲਾਉਣ ਵਾਲੇ ਲੋਕਾਂ ਨੇ ਵਿਰੋਧ ਕਰਾ ਕੇ ਕੈਂਸਲ ਕਰਵਾ ਦਿੱਤਾ ਹੈ। ਇਨ੍ਹਾਂ ਗਾਇਕਾਂ ਨੂੰ ਪੰਜਾਬੀ ਤੇ ਦਸਤਾਰਧਾਰੀ ਹੋਣ ਕਰਕੇ ਇਕ ਨਫ਼ਰਤ ਫੈਲਾਉਣ ਵਾਲੇ ਫਿਰਕੇ ਦੇ ਘਟੀਆ ਤੇ ਮਾੜੀ ਸੋਚ ਦੇ ਲੋਕ ਬਿਨਾਂ ਕਿਸੇ ਕਾਰਨ ਇਨ੍ਹਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾ ਰਹੇ ਹਨ। ਸਾਡੀ ਕੇਂਦਰ ਸਰਕਾਰ ਅਤੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਬੇਨਤੀ ਹੈ ਕਿ ਬਿਨਾਂ ਵਜ੍ਹਾ ਪੰਜਾਬੀ ਤੇ ਸਿੱਖ ਕਲਾਕਾਰਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।

ਮਨੁੱਖੀ ਕਿਰਦਾਰ
ਹਰ ਮਨੁੱਖ ਦੂਸਰੇ ਕਿਰਦਾਰ ਦੀ ਲਪੇਟ ਵਿਚ ਹੈ। ਮਨੁੱਖ ਜੋ ਦਿੱਸਦਾ ਉਹ ਨਹੀਂ ਹੈ। ਹੁਣ ਮਨੁੱਖ ਇਕ ਗੁੰਝਲਦਾਰ ਬੁਝਾਰਤ ਬਣ ਗਿਆ ਹੈ। ਕਥਨ ਹੈ ਕਿ ਭਾਰਤੀ ਮਨੁੱਖ ਨੂੰ ਸਮਝਣ ਲਈ ਕਈ ਵਾਰ ਪੜ੍ਹਨਾ ਪੈਂਦਾ ਹੈ ਕਿਉਂਕਿ ਉਹਦੇ ਚਿਹਰੇ 'ਤੇ ਪਰਦਾ ਤੇ ਮੁਲੰਮਾ ਚੜ੍ਹਿਆ ਰਹਿੰਦਾ ਹੈ। ਬਹੁਤ ਛੁਪਵੇਂ ਕਿਰਦਾਰ ਮਨੁੱਖ ਦੀ ਕਿਰਦਾਰਕੁਸ਼ੀ ਕਰ ਦਿੰਦੇ ਹਨ। ਰਿਸ਼ਤੇ ਸੁਲਘ ਰਹੇ ਹਨ ਤੇ ਤਲਾਕ ਵਧ ਰਹੇ ਹਨ। ਕਾਰਨ ਰਿਸ਼ਤਿਆਂ 'ਚ ਸਪੱਸ਼ਟਤਾ ਘਟੀ ਹੈ। ਵਿਚੋਲਾ ਸਿਰਫ਼ ਓਹਲਾ ਬਣ ਕੇ ਰਹਿ ਗਿਆ ਹੈ। ਪਹਿਲਾਂ ਕਿਰਦਾਰਾਂ ਵਾਲੇ ਲੋਕ ਹੀ ਰਿਸ਼ਤਾ ਤੈਅ ਕਰਨ ਆਉਂਦੇ ਸਨ ਤੇ ਕਹਿ ਦਿੰਦੇ ਕਿ ਉਹ ਜ਼ੁਬਾਨ ਦੇ ਆਇਆ ਹੈ। ਰਿਸ਼ਤੇ ਤੋਂ ਮੁਕਰਨਾ ਤੇ ਰਿਸ਼ਤੇ ਦਾ ਟੁੱਟਣਾ ਸਮਾਜ ਵਿਚ ਸਭ ਤੋਂ ਵੱਡੀ ਹੱਤਕ ਮੰਨੀ ਜਾਂਦੀ ਸੀ। ਬੰਦਾ ਸਮਾਜ ਵਿਚ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ ਸੀ। ਕਿਰਦਾਰ ਸਮਾਜ ਵਿਚ ਸੰਤੁਲਨ ਪੈਦਾ ਕਰਦੇ ਹਨ। ਦੋਹਰੇ ਕਿਰਦਾਰ ਕਦੇ ਵੀ ਚੰਗੇ ਸਮਾਜ ਦੀ ਸਿਰਜਣਾ ਨਹੀਂ ਕਰਦੇ। ਇਸ ਕਰਕੇ ਸਮਾਜ ਦਾ ਕੱਦ ਨੀਵਾਂ ਤੇ ਚੰਗੇ ਸਮਾਜਾਂ ਲਈ ਨਫ਼ਰਤ ਵਾਲਾ ਬਣ ਜਾਂਦਾ ਹੈ। ਸੋ ਆਓ, ਚੰਗੇ ਸਮਾਜ ਦੀ ਸਿਰਜਣਾ ਤੇ ਸਮਾਜ ਦਾ ਕੱਦ ਤੇ ਕਿਰਦਾਰ ਉੱਚਾ ਚੁੱਕਣ ਲਈ ਚੰਗੇ ਕਿਰਦਾਰਾਂ ਵਾਲੇ ਮਨੁੱਖਾਂ ਦੀ ਸਿਰਜਣਾ ਦਾ ਰਾਹ ਮੋਕਲਾ ਤੇ ਪੱਧਰਾ ਕਰਨ ਲਈ ਹੰਭਲਾ ਮਾਰੀਏ।

-ਗੌਰਵ ਮੁੰਜਾਲ, ਪੀ.ਸੀ.ਐਸ.

ਮੋਬਾਈਲ ਦੀ ਪੂਜਾ
ਐਨਕਾਂ ਦੀ ਦੁਕਾਨ ਵਾਲਾ ਮੋਬਾਈਲ ਅੱਗੇ ਰੱਖ ਕੇ ਧੂਫ਼ ਬੱਤੀ ਰਕ ਰਿਹਾ ਸੀ। ਕਰਮ ਸਿੰਘ ਹੈਰਾਨ ਰਹਿ ਗਿਆ ਕਿ ਲੋਕ ਕਿਸੇ ਨਾ ਕਿਸੇ ਦੇਵੀ ਦੇਵਤੇ ਜਾਂ ਪੀਰ ਪੈਗੰਬਰ ਦੀ ਫੋਟੋ ਅੱਗੇ ਧੂਫ਼ ਬੱਤੀ ਕਰਦੇ ਤਾਂ ਆਮ ਵੇਖੇ ਨੇ ਪਰ ਇਸ ਤਰ੍ਹਾਂ ਮੋਬਾਈਲ ਦੀ ਪੂਜਾ ਕਰਦਾ ਬੰਦਾ ਪਹਿਲੀ ਵਾਰ ਵੇਖਿਆ ਹੈ। ਕਰਮ ਸਿੰਘ ਤੋਂ ਰਿਹਾ ਨਾ ਗਿਆ। ਉਸ ਨੇ ਪੁੱਛ ਹੀ ਲਿਆ ਕਿ ਬਈ ਇਹ ਤੁਸੀਂ ਕਿਸ ਧਰਮ ਨੂੰ ਮੰਨਦੇ ਹੋ? ਜਿਹੜਾ ਤੁਸੀਂ ਇਹ ਮੋਬਾਈਲ ਦੀ ਪੂਜਾ ਕਰ ਰਹੇ ਹੋ। ਦੁਕਾਨ ਵਾਲੇ ਨੇ ਬਹੁਤ ਹੀ ਠਰ੍ਹੰਮੇ ਤੇ ਹੌਂਸਲੇ ਨਾਲ ਕਿਹਾ ਕਿ ਜੀ ਇਹ ਸਾਰੀ ਦੁਕਾਨ ਤਾਂ ਸਿਰਫ਼ ਇਨ੍ਹਾਂ ਮੋਬਾਈਲਾਂ ਦੇ ਆਸਰੇ ਹੀ ਚੱਲਦੀ ਹੈ।
ਅੱਜ ਤੋਂ 15 ਕੁ ਸਾਲ ਪਹਿਲਾਂ ਮੇਰੇ ਪਿਤਾ ਜੀ ਇਹੀ ਦੁਕਾਨ ਚਲਾਉਂਦੇ ਸਨ। ਉਨ੍ਹਾਂ ਨੂੰ ਸਕੂਟਰ ਤੱਕ ਨਸੀਬ ਨਹੀਂ ਹੋਇਆ। ਸਾਈਕਲ 'ਤੇ ਹੀ ਦੁਕਾਨ ਆਉਂਦੇ ਸਨ। ਪਰ ਦੂਜੇ ਪਾਸੇ ਅੱਜ ਮੇਰਾ ਕਾਰੋਬਾਰ ਪੂਰੇ ਬਾਜ਼ਾਰ ਵਿਚ ਇਕ ਨੰਬਰ 'ਤੇ ਹੈ। ਮੇਰੇ ਕੋਲ ਇਹ ਸਭ ਮੋਬਾਈਲ ਦੀ ਬਦੌਲਤ ਹੀ ਹੈ। ਲੋਕ ਜਿਤਨੇ ਜ਼ਿਆਦਾ ਮੋਬਾਈਲ ਖ਼ਰੀਦਣਗੇ, ਜਿਤਨਾ ਜ਼ਿਆਦਾ ਮੋਬਾਈਲ ਵੇਖਣਗੇ, ਉਤਨੀਆਂ ਹੀ ਉਨ੍ਹਾਂ ਦੀਆਂ ਅੱਖਾਂ ਖ਼ਰਾਬ ਹੋਣਗੀਆਂ, ਫਿਰ ਉਨ੍ਹਾਂ ਨੂੰ ਐਨਕਾਂ ਦੀ ਜ਼ਰੂਰਤ ਪੈਣੀ ਹੀ ਪੈਣੀ ਹੈ। ਹੈ ਨਾ ਮੋਬਾਈਲ ਦੀ ਕਮਾਲ। ਦੁਕਾਨਦਾਰ ਦਾ ਜਵਾਬ ਸੁਣ ਕੇ ਕਰਮ ਸਿੰਘ ਨੂੰ ਅੱਗੇ ਗੱਲ ਨਹੀਂ ਆਈ।

-ਗੁਰਚਰਨ ਸਿੰਘ
ਪਿੰਡ ਮਜਾਰਾ, ਜ਼ਿਲਾ ਨਵਾਂਸ਼ਹਿਰ।