ਇਕ ਦੇਸ਼-ਇਕ ਚੋਣ ਦਾ ਪ੍ਰਸਤਾਵ ਦੇਸ਼ ਦੇ ਫੈਡਰਲ ਢਾਂਚੇ ਲਈ ਖ਼ਤਰਨਾਕ – ਐਨੀ ਰਾਜਾ
ਮਾਨਸਾ, 30 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸੀ.ਪੀ.ਆਈ. ਵਲੋਂ ਸਥਾਨਕ ਪੁਰਾਣੀ ਅਨਾਜ ਮੰਡੀ ਵਿਖੇ ਪਾਰਟੀ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ਾਲ ਰਾਜਸੀ ਰੈਲੀ ਕੀਤੀ ਗਈ। ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਸਕੱਤਰ ਐਨੀ ਰਾਜਾ ਨੇ ਕਿਹਾ ਕਿ ‘ਇਕ ਦੇਸ਼-ਇਕ ਚੋਣ’ ਦਾ ਪ੍ਰਸਤਾਵ ਦੇਸ਼ ਦੇ ਫੈਡਰਲ ਢਾਂਚੇ ਲਈ ਖ਼ਤਰਨਾਕ ਹੈ, ਇਸ ਨੂੰ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਆਖਿਆ ਕਿ ਦੇਸ਼ ’ਚ ਸੰਪਰਦਾਇਕ ਤਣਾਅ ਦਾ ਮਾਹੌਲ ਚੱਲ ਰਿਹਾ ਹੈ ਤੇ ਹਾਲ ਦੇ ਸਮੇਂ ਵਿਚ ਸੰਪਰਦਾਇਕਤਾ ਦੇ ਨਾਲ ਜਾਤੀਗਤ ਹਿੰਸਾ ’ਚ ਵਾਧਾ ਹੋਇਆ ਹੈ ਅਤੇ ਘੱਟ ਗਿਣਤੀਆਂ ’ਤੇ ਹਮਲੇ ਵੀ ਤੇਜ਼ ਹੋਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਸਰਕਾਰ ਦੀਆਂ ਅਡਾਨੀ-ਅੰਬਾਨੀ ਪੱਖੀ ਨੀਤੀਆਂ ਨੇ ਦੇਸ਼ ਨੂੰ ਆਰਥਿਕ ਤਬਾਹੀ ਵੱਲ ਧੱਕ ਦਿੱਤਾ ਹੈ ਜਦਕਿ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਰੈਲੀ ਨੂੰ ਸੂਬਾ ਸਕੱਤਰ ਬੰਤ ਸਿੰਘ ਬਰਾੜ, ਕੌਮੀ ਕੌਂਸਲਰ ਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ, ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਵੀ ਸੰਬੋਧਨ ਕੀਤਾ।