ਵਿਰੋਧੀ ਧਿਰ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਦਾ ਵਫ਼ਦ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਪੁੱਜਾ
ਅੰਮ੍ਰਿਤਸਰ, 2 ਜਨਵਰੀ (ਜਸਵੰਤ ਸਿੰਘ ਜੱਸ)- ਪਿਛਲੇ ਦਿਨੀਂ ਭੰਗ ਹੋਈ ਅਕਾਲੀ ਦਲ ਸੁਧਾਰ ਲਹਿਰ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਇਕ ਉੱਚ ਪੱਧਰੀ ਵਫ਼ਦ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜਾ ਹੈ। ਇਸ ਵਫ਼ਦ ਵਿਚ ਭਾਈ ਮਨਜੀਤ ਸਿੰਘ ਭੂਰਾ ਕੋਹਨਾ ਤੋਂ ਇਲਾਵਾ ਕਰਨੈਲ ਸਿੰਘ ਪੰਜੋਲੀ, ਅਮਰੀਕ ਸਿੰਘ ਸ਼ਾਹਪੁਰ ਨਿਰਮਲ ਸਿੰਘ ਜੌਲਾ, ਸਤਵਿੰਦਰ ਸਿੰਘ ਟੌਹੜਾ, ਪਰਮਜੀਤ ਸਿੰਘ ਖਾਲਸਾ, ਬੀਬੀ ਸ਼ਰਨਜੀਤ ਕੌਰ, ਜਸਵੰਤ ਸਿੰਘ ਪੁੜੈਨ ਅਤੇ ਸਾਬਕਾ ਮੈਂਬਰ ਹਰਬੰਸ ਸਿੰਘ ਮੰਝਪੁਰ ਸ਼ਾਮਿਲ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਵਫ਼ਦ ਵਲੋਂ ਜਥੇਦਾਰ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੋਂ ਇਲਾਵਾ ਪਿਛਲੇ ਦਿਨੀਂ ਅਕਾਲ ਤਖ਼ਤ ਤੋਂ ਹੋਏ ਆਦੇਸ਼ਾਂ ਦਾ ਅਕਾਲੀ ਲੀਡਰਸ਼ਿਪ ਤੋਂ ਪਾਲਣ ਕਰਵਾਉਣ ਸੰਬੰਧੀ ਵੀ ਗੱਲਬਾਤ ਕੀਤੀ ਜਾ ਸਕਦੀ ਹੈ।