ਬੰਗਲਾਦੇਸ਼: ਸੰਤ ਚਿਨਮਯ ਪ੍ਰਭੂ ਦਾਸ ਦੀ ਜ਼ਮਾਨਤ ਪਟੀਸ਼ਨ ਦੂਜੀ ਵਾਰ ਖ਼ਾਰਜ
ਢਾਕਾ, 2 ਜਨਵਰੀ- ਬੰਗਲਾਦੇਸ਼ ’ਚ ਹਿੰਦੂ ਸੰਤ ਚਿਨਮਯ ਪ੍ਰਭੂ ਦਾਸ ਦੀ ਜ਼ਮਾਨਤ ਪਟੀਸ਼ਨ ਅੱਜ ਦੂਜੀ ਵਾਰ ਖ਼ਾਰਜ ਹੋ ਗਈ। ਜਾਣਕਾਰੀ ਅਨੁਸਾਰ ਚਟਗਾਂਵ ਸੈਸ਼ਨ ਕੋਰਟ ਦੇ ਜੱਜ ਸੈਫੁਲ ਇਸਲਾਮ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਪੜ੍ਹਨ ਤੋਂ ਬਾਅਦ ਇਹ ਫ਼ੈਸਲਾ ਦਿੱਤਾ। ਇਸ ਮਾਮਲੇ ਦੀ ਸੁਣਵਾਈ ਕਰੀਬ ਅੱਧਾ ਘੰਟਾ ਚੱਲੀ। ਚਿਨਮੋਏ ਦਾਸ ’ਤੇ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿਚ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਨੂੰ 25 ਨਵੰਬਰ 2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਫ਼ੈਸਲੇ ਤੋਂ ਬਾਅਦ ਚਿਨਮਯ ਪ੍ਰਭੂ ਦੇ ਵਕੀਲ ਅਪੂਰਵ ਭੱਟਾਚਾਰੀਆ ਨੇ ਕਿਹਾ ਕਿ ਉਹ ਜ਼ਮਾਨਤ ਨੂੰ ਲੈ ਕੇ ਹਾਈ ਕੋਰਟ ’ਚ ਅਪੀਲ ਕਰਨ ਦੀ ਤਿਆਰੀ ਕਰ ਰਹੇ ਹਨ। ਸੁਪਰੀਮ ਕੋਰਟ ਦੇ 11 ਵਕੀਲਾਂ ਦੀ ਟੀਮ ਸਵੇਰੇ 10.15 ਵਜੇ ਚਟਗਾਂਵ ਕੋਰਟ ਪਹੁੰਚੀ। ਇਸ ਤੋਂ ਬਾਅਦ ਕਰੀਬ 11 ਵਜੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ। ਇਸ ਦੇ ਨਾਲ ਹੀ ਸੁਣਵਾਈ ਦੌਰਾਨ ਚਿਨਮੋਏ ਪ੍ਰਭੂ ਨੂੰ ਅਦਾਲਤ ’ਚ ਪੇਸ਼ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ 3 ਦਸੰਬਰ 2024 ਨੂੰ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ।