ਕਪੂਰਥਲਾ : ਸੜਕ ਹਾਦਸੇ 'ਚ ਜ਼ਖ਼ਮੀ ਔਰਤ ਦੀ ਹੋਈ ਮੌਤ, ਬੱਚੇ ਤੇ ਈ-ਰਿਕਸ਼ਾ ਚਾਲਕ ਦੀ ਹਾਲਤ ਗੰਭੀਰ
ਕਪੂਰਥਲਾ, 29 ਦਸੰਬਰ (ਅਮਨਜੋਤ ਸਿੰਘ ਵਾਲੀਆ)-ਬੀਤੀ ਰਾਤ ਅੰਮ੍ਰਿਤਸਰ ਜੀ.ਟੀ. ਰੋਡ 'ਤੇ ਹਮੀਰਾ ਪੈਟਰੋਲ ਪੰਪ ਨਜ਼ਦੀਕ ਇਕ ਕਾਰ ਵਲੋਂ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਵਿਚ ਇਕ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਇਕ ਔਰਤ ਤੇ ਉਸਦਾ ਬੱਚਾ ਤੇ ਈ-ਰਿਕਸ਼ਾ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਜਿਨ੍ਹਾਂ ਵਿਚੋਂ ਜ਼ਖਮੀ ਦੂਜੀ ਔਰਤ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਥਾਣਾ ਸੁਭਾਨਪੁਰ ਦੇ ਏ.ਐਸ.ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹਮੀਰਾ-ਸੁਭਾਨਪੁਰ ਰੋਡ 'ਤੇ ਪੈਟਰੋਲ ਪੰਪ ਦੇ ਨਜ਼ਦੀਕ ਇਕ ਕਾਰ ਵਲੋਂ ਈ-ਰਿਕਸ਼ਾ ਨੂੰ ਪਿੱਛੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਈ-ਰਿਕਸ਼ਾ ਵਿਚ ਬੈਠੀਆਂ ਦੋ ਮਹਿਲਾਵਾਂ ਨੀਲਮ ਕੁਮਾਰ ਪਤਨੀ ਕੁਲਵਿੰਦਰ ਸਿੰਘ ਤੇ ਸੀਮਾ ਰਾਣੀ ਪਤਨੀ ਮਲਕੀਤ ਸਿੰਘ ਜੋ ਆਪਸ ਵਿਚ ਦਰਾਣੀ-ਜਠਾਣੀ ਸਨ, ਉਨ੍ਹਾਂ ਨਾਲ 5 ਸਾਲਾ ਬੱਚਾ ਨਵਜੋਤ ਸਿੰਘ ਜੋ ਕਿ ਸੁਭਾਨਪੁਰ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸਨ ਤਾਂ ਰਸਤੇ ਵਿਚ ਇਕ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਨੀਲਮ ਕੁਮਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਜ਼ਖਮੀ ਸੀਮਾ ਰਾਣੀ, ਬੱਚਾ ਨਵਜੋਤ ਸਿੰਘ ਤੇ ਈ-ਰਿਕਸ਼ਾ ਚਾਲਕ ਜਤਿੰਦਰ ਸਿੰਘ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿਥੇ ਡਿਊਟੀ ਡਾਕਟਰ ਨੇ ਜ਼ਖਮੀਆਂ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਸਿਵਲ ਹਸਪਤਾਲ ਕਪੂਰਥਲਾ ਰੈਫ਼ਰ ਕਰ ਦਿੱਤਾ। ਇਲਾਜ ਦੌਰਾਨ ਸੀਮਾ ਦੀ ਮੌਤ ਹੋ ਗਈ ਜਦਕਿ ਬੱਚੇ ਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਅੱਜ ਦੋਵਾਂ ਮ੍ਰਿਤਕ ਔਰਤਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਹੈ ਤੇ ਥਾਣਾ ਸੁਭਾਨਪੁਰ ਪੁਲਿਸ ਨੇ ਮਲਕੀਤ ਸਿੰਘ ਦੇ ਬਿਆਨਾਂ 'ਤੇ ਕਾਰ ਚਾਲਕ ਜਗਜੀਤ ਸਿੰਘ ਉਰਫ਼ ਜੱਗਾ ਵਾਸੀ ਪਿੰਡ ਬਾਗੜੀਆਂ ਭੁਲੱਥ ਵਿਰੁੱਧ ਕੇਸ ਦਰਜ ਕਰਕੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।